Video J-K Assembly - Waqf issue: ਵਕਫ਼ ਮੁੱਦੇ 'ਤੇ ਜੰਮੂ-ਕਸ਼ਮੀਰ ਅਸੰਬਲੀ ’ਚ ਜ਼ੋਰਦਾਰ ਹੰਗਾਮਾ; ਸਦਨ ਅਣਮਿੱਥੇ ਸਮੇਂ ਲਈ ਉਠਾਇਆ
06:20 PM Apr 09, 2025 IST
Jammu: MLAs protest during the Budget session of J&K Assembly, in Jammu, Wednesday, April 9, 2025. PTI Photo
ਜੰਮੂ, 9 ਅਪਰੈਲ
J-K Assembly - Waqf issue: ਨਵੇਂ ਵਕਫ ਐਕਟ (Waqf Act) 'ਤੇ ਚਰਚਾ ਦੀ ਗੈਰ-ਭਾਜਪਾਈ ਪਾਰਟੀਆਂ ਦੀ ਮੰਗ ਨੂੰ ਲੈ ਕੇ ਹੋਏ ਜ਼ੋਰਦਾਰ ਹੰਗਾਮੇ ਕਾਰਨ ਬੁੱਧਵਾਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਦੀ ਕਾਰਵਾਈ ਲਗਾਤਾਰ ਤੀਜੇ ਦਿਨ ਵੀ ਠੱਪ ਰਹੀ ਅਤੇ ਆਖ਼ਰ ਸਦਨ ਨੂੰ ਅਣਮਿੱਥੇ ਸਮੇਂ ਲਈ (adjourned sine die) ਉਠਾ ਦਿੱਤਾ ਗਿਆ।
ਸਦਨ ਵਿੱਚ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸਪੀਕਰ ਅਬਦੁਲ ਰਹੀਮ ਰਾਠਰ (Speaker Abdul Rahim Rather) ਨੇ ਵਕਫ ਮੁੱਦੇ 'ਤੇ ਨੈਸ਼ਨਲ ਕਾਨਫਰੰਸ (ਐਨਸੀ) ਦੇ ਕੁਝ ਮੈਂਬਰਾਂ ਅਤੇ ਇਸ ਦੇ ਗਠਜੋੜ ਦੇ ਭਾਈਵਾਲਾਂ ਵੱਲੋਂ ਪੇਸ਼ ਕੰਮ-ਰੋਕੂ ਮਤੇ ਨੂੰ ਨਾਮਨਜ਼ੂਰ ਕਰਨ ਦੀ ਆਪਣੀ ਕਾਰਵਾਈ ਨੂੰ ਵਾਜਬ ਠਹਿਰਾਇਆ ਅਤੇ ਪੀਪਲਜ਼ ਕਾਨਫਰੰਸ ਦੇ ਨੇਤਾ ਸਜਾਦ ਗਨੀ ਲੋਨ ਦੀ ਅਗਵਾਈ ਵਿੱਚ ਵਿਰੋਧੀ ਧਿਰ ਦੇ ਤਿੰਨ ਮੈਂਬਰਾਂ ਵੱਲੋਂ ਪੇਸ਼ ਬੇਭਰੋਸਗੀ ਮਤੇ ਨੂੰ ਵੀ ਨਾਮਨਜ਼ੂਰ ਕਰ ਦਿੱਤਾ।
Advertisement
ਰਾਠਰ ਪਿਛਲੇ ਤਿੰਨ ਦਿਨਾਂ ਵਿੱਚ ਪਹਿਲੀ ਵਾਰ 15 ਮਿੰਟ ਤੋਂ ਵੱਧ ਸਮੇਂ ਲਈ ਸਦਨ ’ਚ ਬਿਨਾਂ ਰੁਕਾਵਟ ਦੇ ਬੋਲੇ, ਜਦੋਂਕਿ ਇਸ ਤੋਂ ਪਹਿਲਾਂ ਵਕਫ਼ (ਸੋਧ) ਐਕਟ (Waqf (Amendment) Act) 'ਤੇ ਚਰਚਾ ਦੀ ਮੰਗ ਕਰ ਰਹੇ ਹਾਕਮ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਵਿਰੋਧ ਕਾਰਨ ਸਦਨ ਦੀ ਕਾਰਵਾਈ ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਸੀ।
ਅਸੰਬਲੀ ਦੇ ਸੋਧੇ ਹੋਏ ਕੈਲੰਡਰ ਮੁਤਾਬਕ ਬੁੱਧਵਾਰ ਨੂੰ ਬਜਟ ਸੈਸ਼ਨ ਦਾ ਆਖਰੀ ਦਿਨ ਸੀ। ਸਪੀਕਰ ਨੇ 21 ਦਿਨਾਂ ਤੱਕ ਚੱਲੇ ਬਜਟ ਸੈਸ਼ਨ ਦੇ ਸੁਚਾਰੂ ਸੰਚਾਲਨ ਵਿੱਚ ਮੈਂਬਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਜਦੋਂ ਅੱਜ ਸਵੇਰੇ ਸਦਨ ਦੀ ਬੈਠਕ ਹੋਈ ਤਾਂ ਐਨਸੀ ਮੈਂਬਰਾਂ ਨੇ ਵਕਫ਼ ਐਕਟ 'ਤੇ ਚਰਚਾ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਭਾਜਪਾ ਮੈਂਬਰ ਵੀ ਇਹ ਮੰਗ ਕਰਦੇ ਹੋਏ ਸਪੀਕਰ ਦੇ ਆਸਾਣ ਅੱਗੇ ਚਲੇ ਗਏ ਕਿ ਉਨ੍ਹਾਂ ਨੂੰ ਬੇਰੁਜ਼ਗਾਰੀ ਵਰਗੇ ਮੁੱਦੇ ਉਠਾਉਣ ਦਾ ਮੌਕਾ ਦਿੱਤਾ ਜਾਵੇ।
Advertisement
ਹੰਗਾਮੇ ਦੌਰਾਨ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 1 ਵਜੇ ਤੱਕ ਮੁਲਤਵੀ ਕਰ ਦਿੱਤੀ ਜਦੋਂ ਸਦਨ ਮੁੜ ਇਕੱਠਾ ਹੋਇਆ ਤਾਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਤਿੰਨ ਘੰਟੇ ਤੱਕ ਸਦਨ ਦੀ ਮੁਲਤਵੀ ਦੌਰਾਨ ਸਦਨ ਦੇ ਬਾਹਰ ਭਾਜਪਾ ਵਿਧਾਇਕਾਂ ਅਤੇ ਪੀਡੀਪੀ ਦੇ ਕੁਝ ਵਰਕਰਾਂ ਨਾਲ ਝੜਪ ਵਿੱਚ ਸ਼ਾਮਲ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਹਿਰਾਜ ਮਲਿਕ ਨੇ ਵੀ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ।
ਵਕਫ਼ ਮੁੱਦੇ 'ਤੇ ਵਿਧਾਨ ਸਭਾ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੂਰੇ ਦਿਨ ਲਈ ਮੁਲਤਵੀ ਹੁੰਦੀ ਰਹੀ, ਕਿਉਂਕਿ ਸਪੀਕਰ ਨੇ ਵਕਫ਼ ਮੁੱਦੇ 'ਤੇ ਚਰਚਾ ਦੀ ਇਜਾਜ਼ਤ ਦੇਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। -ਪੀਟੀਆਈ
Advertisement