ਅਗਲੇ ਮਹੀਨੇ ਰੂਸ ਦੀ ਵਿਜੈ ਦਿਵਸ ਪਰੇਡ ’ਚ ਪ੍ਰਧਾਨ ਮੰਤਰੀ ਮੋਦੀ ਦੀ ਥਾਂ ਰਾਜਨਾਥ ਸਿੰਘ ਹੋ ਸਕਦੇ ਹਨ ਸ਼ਾਮਲ
ਨਵੀਂ ਦਿੱਲੀ, 9 ਅਪਰੈਲ
Russia's Victory Day parade ਰੱਖਿਆ ਮੰਤਰੀ ਰਾਜਨਾਥ ਸਿੰਘ ਅਗਲੇ ਮਹੀਨੇ ਰੂਸ ਦੀ ਵਿਜੈ ਦਿਵਸ ਪਰੇਡ ਵਿਚ ਭਾਰਤ ਦੀ ਨੁਮਾਇੰਦਗੀ ਕਰ ਸਕਦੇ ਹਨ। ਇਹ ਵਿਜੈ ਦਿਵਸ ਪਰੇਡ ਦੂਜੀ ਆਲਮੀ ਜੰਗ ਵਿਚ ਸੋਵੀਅਤ ਯੂਨੀਅਨ (ਸਾਂਝੇ ਰੂਸ) ਦੀ ਜਰਮਨੀ ’ਤੇ ਜਿੱਤ ਦੀ 80ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਵੇਗੀ।
ਕਾਬਿਲੇਗੌਰ ਹੈ ਕਿ ਰੂਸ ਨੇ 9 ਮਈ ਨੂੰ ਮਾਸਕੋ ਵਿਚ ਹੋਣ ਵਾਲੀ ਇਸ ਵਿਸ਼ਾਲ ਪਰੇਡ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਸੀ, ਪਰ ਸੂਤਰਾਂ ਮੁਤਾਬਕ ਸ੍ਰੀ ਮੋਦੀ ਦੇ ਇਸ ਪਰੇਡ ਵਿਚ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ। ਇਸ ਤੋਂ ਪਹਿਲਾਂ ਰੂਸ ਦੀ ਖ਼ਬਰ ਏਜੰਸੀ ਤਾਸ ਨੇ ਉਪ ਵਿਦੇਸ਼ ਮੰਤਰੀ ਆਂਦਰੇ ਰੁਡੈਂਕੋ ਦੇ ਹਵਾਲੇ ਨਾਲ ਕਿਹਾ ਸੀ ਕਿ ਸ੍ਰੀ ਮੋਦੀ ਨੂੰ ਵਿਜੈ ਦਿਵਸ ਪਰੇਡ ਦੇ ਜਸ਼ਨਾਂ ਲਈ ਸੱਦਾ ਦਿੱਤਾ ਗਿਆ ਸੀ।
ਉਧਰ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸੱਦਾ ਮਿਲਿਆ ਹੈ। ਉਨ੍ਹਾਂ ਕਿਹਾ, ‘‘ਸਾਡੇ ਪ੍ਰਧਾਨ ਮੰਤਰੀ ਨੂੰ ਵਿਜੈ ਦਿਵਸ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਸੱਦਾ ਮਿਲਿਆ ਹੈ। ਅਸੀਂ ਢੁਕਵੇਂ ਸਮੇਂ ’ਤੇ ਵਿਜੈ ਦਿਵਸ ਦੇ ਜਸ਼ਨਾਂ ਵਿੱਚ ਆਪਣੀ ਭਾਗੀਦਾਰੀ ਦਾ ਐਲਾਨ ਕਰਾਂਗੇ।’’
ਚੇਤੇ ਰਹੇ ਕਿ ਰੂਸ ਨੇ ਇਸ ਸਾਲ ਦੀ ਵਿਜੈ ਦਿਵਸ ਪਰੇਡ ਲਈ ਕਈ ਮਿੱਤਰ ਮੁਲਕਾਂ ਦੇ ਆਗੂਆਂ ਨੂੰ ਸੱਦਾ ਦਿੱਤਾ ਹੈ। ਸ੍ਰੀ ਮੋਦੀ ਪਿਛਲੇ ਸਾਲ ਦੋ ਵਾਰੀ ਰੂਸ ਗਏ ਸਨ। ਇਕ ਵਾਰੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਸਾਲਾਨਾ ਵਾਰਤਾ ਲਈ ਅਤੇ ਦੂਜੀ ਵਾਰ ਕਜ਼ਾਨ ਵਿਚ ਬ੍ਰਿਕਸ ਦੀ ਸਿਖਰ ਵਾਰਤਾ ਲਈ। ਉਂਝ ਰੂਸੀ ਰਾਸ਼ਟਰਪਤੀ ਦੇ ਇਸ ਸਾਲ ਸਾਲਾਨਾ ਵਾਰਤਾ ਲਈ ਭਾਰਤ ਆਉਣ ਦੀ ਉਮੀਦ ਹੈ। -ਪੀਟੀਆਈ