ਕਾਂਗਰਸ ਅੱਗੇ ਝੁਕਦਿਆਂ ਕੇਂਦਰ ਨੇ ਜਾਤੀ ਜਨਗਣਨਾ ਦਾ ਹੁਕਮ ਦਿੱਤਾ: ਸੁਰਜੇਵਾਲਾ
ਪਟਨਾ, 5 ਮਈ
ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਵਿਰੋਧੀ ਧਿਰ ਦੇ ‘ਮਜ਼ਬੂਤ ਅਹਿਦ’ ਅਤੇ ਦਲਿਤ ਵਰਗ ਦੀ ਤਾਕਤ ਅੱਗੇ ਝੁਕਦਿਆਂ ਅਗਲੀ ਜਨਗਣਨਾ ’ਚ ਜਾਤੀ ਗਣਨਾ ਨੂੰ ਵੀ ਸ਼ਾਮਲ ਕਰਨ ਦਾ ਹੁਕਮ ਦਿੱਤਾ ਹੈ।
ਪਟਨਾ ’ਚ ਬਿਹਾਰ ਕਾਂਗਰਸ ਦੇ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਰਜੇਵਾਲਾ ਨੇ ਕੇਂਦਰ ਸਰਕਾਰ ਵੱਲੋਂ ਪਹਿਲਾਂ ‘ਜਾਤੀ ਜਨਗਣਨਾ ਤੋਂ ਟਾਲ-ਮਟੋਲ ਕਰਨ’ ਲਈ ਹਾਕਮ ਭਾਜਪਾ ਦੇ ਡੀਐੱਨਏ ਨੂੰ ਜ਼ਿੰਮੇਵਾਰ ਠਹਿਰਾਇਆ। ਸੁਰਜੇਵਾਲਾ ਨੇ ਕਿਹਾ, ‘ਕਾਂਗਰਸ ਲਈ ਸਮਾਜਿਕ ਨਿਆਂ ਤੇ ਜਾਤੀ ਜਨਗਣਨਾ ਹਮੇਸ਼ਾ ਹੀ ਇੱਕ ਸਿੱਕੇ ਦੇ ਦੋ ਪਾਸੇ ਰਹੇ ਹਨ। ਜੋ ਮੁੱਦਾ ਰਾਹੁਲ ਗਾਂਧੀ ਇੰਨੇ ਜ਼ੋਰਦਾਰ ਢੰਗ ਨਾਲ ਉਠਾਉਂਦੇ ਆਏ ਹਨ, ਉਹ ਯੂਪੀਏ ਸਰਕਾਰ ਦੇ ਦਿਨਾਂ ਤੋਂ ਹੀ ਸਾਡੀ ਤਰਜੀਹ ਰਿਹਾ ਹੈ ਤੇ ਪਾਰਟੀ ਨੇ 2011 ’ਚ ਜਾਤੀਆਂ ਦੀ ਗਣਨਾ ਦਾ ਹੁਕਮ ਦਿੱਤਾ ਸੀ।’ ਉਨ੍ਹਾਂ ਦੋਸ਼ ਲਾਇਆ ਕਿ ਜਦੋਂ 2015 ’ਚ ਜਾਤੀਆਂ ਦੀ ਗਣਨਾ ਦੀ ਰਿਪੋਰਟ ਸਾਹਮਣੇ ਆਈ ਤਾਂ ਮੋਦੀ ਸਰਕਾਰ ਨੇ ਕਦਮ ਪਿੱਛੇ ਖਿੱਚ ਲਏ।
ਉਨ੍ਹਾਂ ਆਰਐੱਸਐੱਸ ਦੇ ਮੁੱਖ ਪੱਤਰ ‘ਆਰਗੇਨਾਈਜ਼ਰ’ ’ਚ 15 ਸਾਲ ਪਹਿਲਾਂ ਪ੍ਰਕਾਸ਼ਿਤ ਇੱਕ ਲੇਖ ਦੀਆਂ ਕਾਪੀਆਂ ਵੀ ਸਾਂਝੀਆਂ ਕੀਤੀਆਂ ਜਿਸ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਸੀ ਕਿ ਜਾਤੀਆਂ ਦੀ ਗਣਨਾ ਦਾ ਵਿਰੋਧ ਕੇਂਦਰ ’ਚ ਹਾਕਮ ਭਾਜਪਾ ਦੇ ਡੀਐੱਨਏ ਵਿੱਚ ਹੈ। ਉਨ੍ਹਾਂ ਦਾਅਵਾ ਕੀਤਾ, ‘ਹੁਣ ਸਰਕਾਰ ਕਾਂਗਰਸ ਦੇ ਮਜ਼ਬੂਤ ਅਹਿਦ ਤੇ ਦਲਿਤ ਵਰਗ ਦੀ ਤਾਕਤ ਅੱਗੇ ਝੁਕ ਗਈ ਹੈ ਜੋ ਆਪਣੀ ਆਬਾਦੀ ਦੇ ਅਨੁਪਾਤ ਅਨੁਸਾਰ ਹਿੱਸੇ ਦੀ ਮੰਗ ਕਰ ਰਹੇ ਹਨ।’ -ਪੀਟੀਆਈ