Chandigarh Grenade Attack ਐੱਨਆਈਏ ਵੱਲੋਂ ਰਿੰਦਾ ਤੇ ਹੈਪੀ ਨਾਲ ਜੁੜਿਆ 6ਵਾਂ ਮੁਲਜ਼ਮ ਗ੍ਰਿਫ਼ਤਾਰ
ਅਨਿਮੇਸ਼ ਸਿੰਘ
ਨਵੀਂ ਦਿੱਲੀ, 9 ਅਪਰੈਲ
ਕੌਮੀ ਜਾਂਚ ਏਜੰਸੀ (NIA) ਨੇ Chandigarh Grenade Attack ਕੇਸ ਵਿਚ ਪੰਜਾਬ ਦੇ ਇੱਕ ਵਸਨੀਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਵਿਦੇਸ਼ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਦਹਿਸ਼ਤਗਰਦਾਂ ਵੱਲੋਂ ਰਚੀ ਗਈ ਇਸ ਪੂਰੀ ਸਾਜ਼ਿਸ਼ ਵਿੱਚ ਅਹਿਮ ਭੂਮਿਕਾ ਸੀ। ਮੁਲਜ਼ਮ ਦੀ ਪਛਾਣ ਅਭੀਜੋਤ ਸਿੰਘ ਵਾਸੀ ਗੁਰਦਾਸਪੁਰ ਵਜੋਂ ਦੱਸੀ ਗਈ ਹੈ।
ਐੱਨਆਈਏ ਨੇ ਪਿਛਲੇ ਮਹੀਨੇ ਇਸ ਮਾਮਲੇ ਵਿੱਚ ਦਾਇਰ ਚਾਰਜਸ਼ੀਟ ਵਿਚ ਪਾਕਿਸਤਾਨ ਅਧਾਰਿਤ ਦਹਿਸ਼ਤਗਰਦ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਅਤੇ ਅਮਰੀਕਾ ਸਥਿਤ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਸਣੇ ਚਾਰ ਜਣਿਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ। ਦੋ ਦਹਿਸ਼ਤਗਰਦਾਂ ਨੂੰ ਭਗੌੜੇ ਵਜੋਂ ਚਾਰਜਸ਼ੀਟ ਕੀਤਾ ਗਿਆ ਸੀ, ਜਦੋਂ ਕਿ ਬਾਕੀ ਦੋ ਮੁਲਜ਼ਮ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਪੰਜ ਵਿਅਕਤੀਆਂ ਵਿੱਚੋਂ ਸਨ।
ਹਾਲ ਹੀ ਵਿਚ ਗ੍ਰਿਫ਼ਤਾਰ ਕੀਤੇ ਗੁਰਦਾਸਪੁਰ (ਪੰਜਾਬ) ਦੇ ਅਭੀਜੋਤ ਸਿੰਘ ਨੂੰ ਐੱਨਆਈਏ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਏਜੰਸੀ ਨੇ ਉਸ ਦੀ ਪਛਾਣ ਉਸ ਅਣਪਛਾਤੇ ਵਿਅਕਤੀ ਵਜੋਂ ਕੀਤੀ ਜਿਸ ਦੀ ਭੂਮਿਕਾ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਈ ਸੀ। ਅਭੀਜੋਤ, ਜੋ ਇਕ ਪੁਲੀਸ ਥਾਣੇ ’ਤੇ ਗ੍ਰਨੇਡ ਹਮਲੇ ਨੂੰ ਲੈ ਕੇ ਪਹਿਲਾਂ ਹੀ ਜੇਲ੍ਹ ਵਿਚ ਹੈ, ਦੇ ਇਸ ਪੂਰੀ ਸਾਜ਼ਿਸ਼ ਵਿਚ ਹੈਪੀ ਪਾਸੀਆ ਦੇ ਸਿੱਧੇ ਸੰਪਰਕ ਵਿਚ ਹੋਣ ਦਾ ਪਤਾ ਲੱਗਾ ਸੀ।
ਐੱਨਆਈਏ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਭੀਜੋਤ, ਨੇ ਹੈਪੀ ਪਾਸੀਆ ਦੀ ਹਦਾਇਤ ਉੱਤੇ ਨਿਸ਼ਾਨਾ ਬਣਾਏ ਜਾਣ ਵਾਲੇ ਟਿਕਾਣੇ ਦੀ ਜੁਲਾਈ ਤੇ ਅਗਸਤ 2024 ਵਿਚ ਕਈ ਵਾਰ ਰੇਕੀ ਕੀਤੀ ਸੀ। ਉਸ ਨੇ ਅਪਰਾਧ ਨੂੰ ਅੰਜਾਮ ਦੇਣ ਲਈ ਜਾਅਲੀ ਨੰਬਰ ਪਲੇਟ ਵਾਲੀ ਇੱਕ ਮੋਟਰਸਾਈਕਲ ਦਾ ਵੀ ਪ੍ਰਬੰਧ ਕੀਤਾ ਸੀ। ਮਗਰੋਂ ਇਹ ਵਾਹਨ ਚੋਰੀ ਦਾ ਨਿਕਲਿਆ।
ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਹੈਪੀ ਨੇ ਅਗਸਤ 2024 ਦੌਰਾਨ ਅਭੀਜੋਤ ਅਤੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਇਕ ਹੋਰ ਮੁਲਜ਼ਮ ਰੋਹਨ ਮਸੀਹ ਨੂੰ ਪਿਸਤੌਲ ਮੁਹੱਈਆ ਕਰਵਾਏ ਸਨ। ਦਹਿਸ਼ਤਗਰਦਾਂ ਨੇ ਦੋਵਾਂ ਨੂੰ ਸੈਕਟਰ 10 ਵਿੱਚ ਨਿਸ਼ਾਨਾ ਬਣਾਉਣ ਵਾਲੇ ਘਰ ’ਤੇ ਗੋਲੀਬਾਰੀ ਦਾ ਨਿਰਦੇਸ਼ ਦਿੱਤਾ ਸੀ। ਐੱਨਆਈਏ ਦੀ ਜਾਂਚ ਮੁਤਾਬਕ ਅਭੀਜੋਤ ਸਿੰਘ ਅਤੇ ਰੋਹਨ ਮਸੀਹ ਚੰਡੀਗੜ੍ਹ ਵਿਚਲੇ ਇਸ ਘਰ ਵਿਚ ਅਗਸਤ ’ਚ ਦੋ ਵਾਰ ਗਏ ਸਨ, ਪਰ ਅਪਰਾਧ ਨੂੰ ਅੰਜਾਮ ਦੇਣ ਵਿੱਚ ਅਸਫਲ ਰਹੇ।
ਅਭੀਜੋਤ ਦੀ ਗ੍ਰਿਫ਼ਤਾਰੀ ਤੋਂ ਬਾਅਦ, ਐਨਆਈਏ ਨੇ ਅੱਜ ਸਵੇਰੇ ਕਰਨਾਲ (ਹਰਿਆਣਾ) ਵਿੱਚ ਇੱਕ ਟਿਕਾਣੇ ’ਤੇ ਛਾਪਾ ਮਾਰਿਆ ਤਾਂ ਜੋ ਇਸ ਮਾਮਲੇ ਵਿੱਚ ਹੋਰ ਸ਼ੱਕੀਆਂ ਦੀ ਪਛਾਣ ਕੀਤੀ ਜਾ ਸਕੇ।