ਕੁੰਭੜਾ ਨੇ ਮੇਜ਼ਬਾਨ ਬਠਲਾਣਾ ਨੂੰ ਹਰਾ ਕੇ ਜਿੱਤਿਆ ਕਬੱਡੀ ਕੱਪ
ਕਰਮਜੀਤ ਸਿੰਘ ਚਿੱਲਾ
ਬਨੂੜ, 1 ਅਪਰੈਲ
ਪਿੰਡ ਸੁਧਾਰ ਸੁਸਾਇਟੀ ਬਠਲਾਣਾ ਵੱਲੋਂ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਦੇ ਸਹਿਯੋਗ ਛੇਵਾਂ ਦੋ ਰੋਜ਼ਾ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ ਕਰਾਇਆ ਗਿਆ। ਪੁਆਧ ਫੈਡਰੇਸ਼ਨ ਦੇ ਬੈਨਰ ਹੇਠ ਖੇਡੀ ਕੁੰਬੜਾ ਦੀ ਟੀਮ ਨੇ ਜਿੱਤਿਆ ਇੱਕ ਪਿੰਡ ਓਪਨ ਕਬੱਡੀ ਵਿਚ ਪਹਿਲਾ ਸਥਾਨ ਹਾਸਲ ਕਰਕੇ 51 ਹਜ਼ਾਰ ਦੀ ਨਕਦ ਰਾਸ਼ੀ ਜਿੱਤੀ। ਉੱਪ ਜੇਤੂ ਰਹੀ ਬਠਲਾਣਾ ਦੀ ਟੀਮ ਨੂੰ 41 ਹਜ਼ਾਰ ਦਾ ਇਨਾਮ ਮਿਲਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਮੁਹਾਲੀ ਨਿਗਮ ਦੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕੀਤੀ।
ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਅਤੇ ਵਿੱਤ ਸਕੱਤਰ ਸੁਖਜੀਤ ਸਿੰਘ ਨੇ ਦੱਸਿਆ ਕਿ ਪਹਿਲੀ ਵਾਰ ਕਰਵਾਈ ਗਈ ਸਰਪੰਚਾਂ ਦੀ ਦੌੜ ਵਿੱਚ ਗੁਡਾਣਾ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਪਹਿਲਾ, ਲੱਕੀ ਭਗੜਾਣਾ ਨੇ ਦੂਜਾ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸੜੋਆ ਦਾ ਸਰਪੰਚ ਰਾਜੀਵ ਕੁਮਾਰ ਤੀਜੇ ਸਥਾਨ ’ਤੇ ਰਿਹਾ। ਬੀਬੀਆਂ ਦੇ ਚਾਟੀ ਦੌੜ ਅਤੇ ਨਿੰਬੂ ਚਮਚਾ ਦੌੜ ਦੇ ਦੋਵੇਂ ਮੁਕਾਬਲੇ ਲਹਿਰਾਗਾਗਾ ਤੋਂ ਵਿਸ਼ੇਸ਼ ਤੌਰ ਤੇ ਪੁੱਜੀ ਕੌਮਾਂਤਰੀ ਖਿਡਾਰਨ 52 ਸਾਲਾਂ ਜਗਜੀਤ ਕੌਰ ਨੇ ਜਿੱਤੇ।
ਟੂਰਨਾਮੈਂਟ ਵਿੱਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਕੌਮਾਂਤਰੀ ਕੋਚ ਸਵਰਨ ਸਿੰਘ, ਕੌਮਾਂਤਰੀ ਐਥਲੀਟ ਨਿਹਾਰਿਕਾ ਵਸ਼ਿਸ਼ਟ, ਕੌਮੀ ਐਥਲੀਟ ਸੁਪਰੀਤ ਕੌਰ ਬਠਲਾਣਾ, ਜੁਆਏ ਬੈਦਵਾਣ ਅਤੇ ਪੈਰਾ ਅਥਲੀਟ ਅਨੰਨਿਆ ਬਾਂਸਲ ਦਾ ਸਨਮਾਨ ਕੀਤਾ ਗਿਆ। ਪਿੰਡ ਦੇ ਮਿਸਤਰੀ ਹਰੀ ਕ੍ਰਿਸ਼ਨ ਨੂੰ 100 ਸਾਲ ਦੀ ਉਮਰ ਲਈ ਅਤੇ ਬੀਬੀ ਅਜਾਇਬ ਕੌਰ ਨੂੰ ਗੁਰਦੁਆਰਾ ਸਾਹਿਬ ਦੀ ਨਿਸਕਾਮ ਸੇਵਾ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਵਿੱਚ ਕੌਮਾਂਤਰੀ ਅਲਗੋਜ਼ੇ ਵਾਦਕ ਕਰਮਜੀਤ ਬੱਗਾ, ਹਰਿੰਦਰ ਹਰ ਮਨੌਲੀ ਅਤੇ ਜਗਤਾਰ ਜੋਗ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਨੰਬਰਦਾਰ ਹਰਨੇਕ ਸਿੰਘ,ਅਵਤਾਰ ਸਿੰਘ, ਛੱਜਾ ਸਿੰਘ ਕੁਰੜੀ, ਨੰਬਰਦਾਰ ਬਲਕਾਰ ਸਿੰਘ, ਕਿਰਪਾਲ ਸਿੰਘ ਸਿਆਊ ਅਤੇ ਪਰਮਦੀਪ ਬੈਦਵਾਣ, ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ ਤੋ ਜਸਵਿੰਦਰ ਸਿੰਘ ਪਰੀਚਾ ਅਤੇ ਜਗਦੀਸ਼ ਕੌਰ ਬੈਂਸ ਨੇ ਹਾਜ਼ਰੀ ਲਵਾਈ।