ਕਿਸਾਨਾਂ ਵੱਲੋਂ ਵਿਧਾਇਕ ਦੇ ਉਦਘਾਟਨੀ ਸਮਾਗਮਾਂ ਦਾ ਬਾਈਕਾਟ
ਭਗਵਾਨ ਦਾਸ ਗਰਗ
ਨਥਾਣਾ, 11 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵਰਕਰਾਂ ਨੇ ਅੱਜ ਇੱਥੇ ਹਲਕਾ ਵਿਧਾਇਕ ਦੇ ਉਦਘਾਟਨੀ ਸਮਾਗਮਾਂ ਦਾ ਬਾਈਕਾਟ ਕੀਤਾ। ਕਿਸਾਨ ਆਗੂਆਂ ਨੇ ਜਿੱਥੇੇ ਵਿਧਾਇਕ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਉੱਥੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਚੋਰੀ ਹੋਈਆਂ ਟਰਾਲੀਆਂ, ਗੈਸ ਸਿਲੰਡਰ ਅਤੇ ਰਾਸ਼ਨ ਦਾ ਹੋਰ ਸਾਮਾਨ ਵਾਪਸ ਕਰਨ ਦੀ ਵੀ ਮੰਗ ਕੀਤੀ। ਕਿਸਾਨ ਆਗੂਆਂ ਨੇ ਇਸ ਚੋਰੀ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਜੇਲ੍ਹਾਂ ’ਚ ਭੇਜਣ ਦੀ ਵੀ ਮੰਗ ਕੀਤੀ। ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਲੜਕੀਆਂ ਦੇ ਸਰਕਾਰੀ ਸਕੂਲ ਵਿੱਚ ਮਿੱਡ-ਡੇਅ ਮੀਲ ਵਾਲੀ ਰਸੋਈ ’ਚ ਟਾਈਲਾਂ ਲਾਉਣ ਦਾ ਉਦਘਾਟਨ ਕੀਤਾ। ਬਾਅਦ ਵਿੱਚ ਲੜਕਿਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਰਕਾਰੀ ਗਰਾਂਟ ਨਾਲ ਉਸਾਰੇ ਗਏ ਕਮਰੇ ਦਾ ਵੀ ਉਦਘਾਟਨ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰੀ ਗੇਟ ’ਤੇ ਨੀਂਹ ਪੱਥਰ ਲਾ ਕੇ ਸਿੱਖਿਆ ਕ੍ਰਾਂਤੀ ਦੇ ਉਦਘਾਟਨ ਸਮੇਂ ਵਿਧਾਇਕ ਦੇ ਪੁੱਜਦਿਆਂ ਹੀ ਕਿਸਾਨਾਂ ਨੇ ਗੱਲਬਾਤ ਕਰਨੀ ਚਾਹੀ। ਕਿਸਾਨ ਆਗੂਆਂ ਕਿਹਾ ਕਿ ਕੇਵਲ ਨੀਂਹ ਪੱਥਰ ਲਾਉਣ ਨਾਲ ਹੀ ਸਿੱਖਿਆ ਕ੍ਰਾਂਤੀ ਨਹੀਂ ਆ ਸਕਦੀ, ਸਕੂਲਾਂ ਵਿੱਚ ਪ੍ਰਿੰਸੀਪਲ ਅਤੇ ਹੋਰਨਾਂ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਖਾਲੀਆਂ ਆਸਾਮੀਆਂ ਵੀ ਪੂਰੀਆਂ ਕੀਤੀਆਂ ਜਾਣ, ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਇਸੇ ਤਰ੍ਹਾਂ ਦਹਾਕਿਆਂ ਤੋ ਚੱਲ ਰਿਹਾ ਬੰਦ ਕੀਤਾ ਵੋਕੇਸ਼ਨਲ ਗਰੁੱਪ ਬਹਾਲ ਕੀਤਾ ਜਾਵੇ। ਵਿਧਾਇਕ ਦਾ ਕਹਿਣਾ ਸੀ ਕਿ ਖਾਲੀ ਆਸਾਮੀਆਂ ਅਤੇ ਚੋਰੀ ਹੋਏ ਸਾਮਾਨ ਦੀ ਲਿਸਟ ਬਣਾ ਕੇ ਦਿੱਤੀ ਜਾਵੇ ਜਿਸ ਨੂੰ ਉਹ ਡਿਪਟੀ ਕਮਿਸ਼ਨਰ ਅਤੇ ਮੁੱਖ ਮੰਤਰੀ ਤੱਕ ਪੁੱਜਦਾ ਕਰ ਦੇਣਗੇ। ਇਸ ’ਤੇ ਰੋਹ ’ਚ ਆਏ ਕਿਸਾਨਾਂ ਨੇ ਵਿਧਾਇਕ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।