ਕਿਸਾਨਾਂ ਵੱਲੋਂ ਨਿੱਜੀ ਫਾਇਨਾਂਸ ਬੈਂਕ ਅੱਗੇ ਧਰਨਾ
ਰੋਹਿਤ ਗੋਇਲ/ਸੀ. ਮਾਰਕੰਡਾ
ਤਪਾ, 13 ਮਾਰਚ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਨਿੱਜੀ ਫਾਇਨਾਂਸ ਬੈਂਕ ਤਪਾ ਦਾ ਘਿਰਾਓ ਕਰ ਕੇ ਕੰਮਕਾਰ ਠੱਪ ਕੀਤਾ ਗਿਆ। ਧਰਨਾਕਾਰੀ ਕਿਸਾਨ ਆਗੂ ਕੁਲਵੰਤ ਸਿੰਘ ਭਦੌੜ ਨੇ ਦੱਸਿਆ ਕਿ ਪਿੰਡ ਅਕਲੀਆ ਦੇ ਗਰੀਬ ਕਿਸਾਨ ਪਰਿਵਾਰ ਹਰਪ੍ਰੀਤ ਕੌਰ ਪਤਨੀ ਹਰਦੇਵ ਸਿੰਘ ਨੇ 1 ਮਾਰਚ 2024 ਨੂੰ ਉਪਰੋਕਤ ਬੈਂਕ ਕੋਲ 6 ਤੋਲੇ ਸੋਨਾ ਰੱਖ ਕੇ ਦੋ ਲੱਖ ਰੁਪਏ ਲਏ ਸਨ ਅਤੇ ਬੈਂਕ ਵੱਲੋਂ ਵਸੂਲੀ ਦੀ ਰਕਮ ਵੀ ਨਿਰਧਾਰਤ ਕੀਤੀ ਗਈ ਸੀ ਪਰ ਪਰਿਵਾਰ ਦੇ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਬੈਂਕ ’ਚ ਪੈਸੇ ਭਰਨ ਵਿੱਚ ਕਿਸਾਨ ਨੂੰ ਥੋੜ੍ਹੀ ਦੇਰੀ ਹੋ ਗਈ ਜਿਸਦਾ ਫ਼ਾਇਦਾ ਉਠਾਉਂਦਿਆਂ ਬੈਂਕ ਵੱਲੋਂ ਭਾਰੀ ਵਿਆਜ ਦਰ ਸਮੇਤ ਹਰਜਾਨਾ ਲਾ ਕੇ ਰਕਮ ਵਿੱਚ ਅਥਾਹ ਵਾਧਾ ਕਰ ਦਿੱਤਾ ਗਿਆ। ਹੁਣ ਪਰਿਵਾਰ ਜਾਇਜ਼ ਪੈਸੇ ਭਰ ਕੇ ਆਪਣਾ ਸੋਨਾ ਵਾਪਸ ਲੈਣ ਚਾਹੁੰਦਾ ਹੈ, ਪਰ ਬੈਂਕ ਵੱਲੋਂ ਕਿਸਾਨ ਨੂੰ ਬੇਲੋੜਾ ਵਿਆਜ, ਭਾਰੀ ਜੁਰਮਾਨੇ ਲਾ ਕੇ ਰਕਮ ਨੂੰ ਦੁੱਗਣੀ ਬਣਾਉਣ ਕਾਰਨ ਰਕਮ ਮੋੜਨਾ ਪਰਿਵਾਰ ਦੇ ਵੱਸ ਤੋਂ ਬਾਹਰ ਹੋ ਚੁੱਕਾ ਹੈ। ਬੈਂਕ ਵੱਲੋਂ ਪੀੜਤ ਪਰਿਵਾਰ ਨੂੰ ਸੋਨਾ ਜ਼ਬਤ ਕਰ ਕੇ ਨਿਲਾਮੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਕਿਸਾਨ ਜਥੇਬਦੀ ਪੀੜਤ ਪਰਿਵਾਰ ਦੇ ਹੱਕ ਵਿੱਚ ਆਈ ਹੈ। ਕਿਸਾਨ ਆਗੂ ਬਲਵਿੰਦਰ ਸਿੰਘ ਜੇਠੂਕਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਬੈਂਕ ਵੱਲੋਂ ਕਿਸਾਨ ਪਰਿਵਾਰ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਲਖਵੀਰ ਸਿੰਘ ਅਕਲੀਆ, ਕਾਲਾ ਜੈਦ, ਅਮਨਦੀਪ ਸਿੰਘ ਸਹਿਣਾ, ਮਹਿੰਦਰ ਸਿੰਘ ਜੰਗੀਆਣਾ, ਮਲਕੀਤ ਸਿੰਘ ਬੱਲੋ ਕੇ ਆਦਿ ਨੇ ਸੰਬੋਧਨ ਕੀਤਾ।