ਕਿਸਾਨਾਂ ਵੱਲੋਂ ਖਾਦ ਦੇ ਰੇਟਾਂ ਵਿੱਚ ਵਾਧੇ ਦਾ ਵਿਰੋਧ
ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 7 ਅਪਰੈਲ
ਕਿਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਵਰਕਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ ਦੀ ਅਗਵਾਈ ਹੇਠ ਅੱਡਾ ਕੁੱਕੜਾਂਵਾਲਾ ਵਿੱਚ ਹੋਈ। ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਦੇ ਵਰਕਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਪ੍ਰੈੱਸ ਸਕੱਤਰ ਕਾਬਲ ਸਿੰਘ ਛੀਨਾ ਨੇ ਦੱਸਿਆ ਕਿ ਖਾਦ ਕੰਪਨੀਆਂ ਨੇ ਦੇਸ਼ ਦੇ ਕਿਸਾਨਾਂ ਵੱਲੋਂ ਸਭ ਤੋਂ ਵੱਧ ਵਰਤੀ ਜਾਣ ਵਾਲੀ ਐੱਨਪੀਕੇ 12.32.16 ਕਿਸਮ ਦੇ 50 ਕਿੱਲੋ ਗੱਟੇ ਦਾ 460 ਰੁਪਏ ਅਤੇ ਗ੍ਰੇਡ 10.26.26 ਦੀ ਕਿਸਮ ਦੇ 50 ਕਿੱਲੋ ਗੱਟੇ ਦਾ 250 ਰੁਪਏ ਰੇਟ ਵਧਾ ਦਿੱਤਾ ਹੈ ਜਿਸ ਨਾਲ ਹੁਣ ਐੱਨਪੀ ਕੇ 12.32.26 ਤੇ ਗਰੇਡ 10.26.26 ਦਾ ਗੱਟਾ 1700 ਰੁਪਏ ਦਾ ਕਿਸਾਨਾਂ ਨੂੰ ਮਿਲੇਗਾ ਜਦੋਂ ਕਿ ਪਹਿਲਾਂ ਇਹ ਗੱਟਾ 1470 ਦਾ ਮਿਲਦਾ ਸੀ। ਦੇਸ਼ ਦੇ ਕਿਸਾਨ ਡੀਏਪੀ ਖਾਦ ਨਾਲੋਂ ਐੱਨਪੀਕੇ ਖਾਦ ਦੀ ਵਰਤੋਂ ਫਸਲਾਂ ਬੀਜਣ ਲਈ ਸਭ ਤੋਂ ਵੱਧ ਕਰਦੇ ਹਨ ਇਹ ਪਿਛਲੇ ਸਾਲ ਵਿੱਚ ਵੀ ਡੀਏਪੀ ਦੀ ਘਾਟ ਆਉਣ ਕਰਕੇ ਕਿਸਾਨਾਂ ਨੇ ਐੱਨਪੀਕੇ ਖਾਦ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੂਰੇ ਭਾਰਤ ਵਿੱਚ ਐੱਨਪੀਕੇ ਖਾਦ ਦੀ ਖਪਤ 105 ਲੱਖ ਟਨ, ਡੀਏਪੀ ਖਾਦ ਦੀ 103 ਲੱਖ ਟਨ, ਪੋਟਾਸ਼ ਦੀ 30 ਲੱਖ ਟਨ, ਯੂਰੀਆ ਦੀ 325 ਲੱਖ ਟਨ ਦੀ ਵਰਤੋਂ ਕੀਤੀ ਜਾਂਦੀ ਹੈ।
ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਾਦਾਂ ਦੀ ਸਬਸਿਡੀ ਵਿੱਚ ਹੋਰ ਵਾਧਾ ਕਰਕੇ ਖਾਦਾਂ ਦੇ ਰੇਟ ਘਟਾ ਕੇ ਪਹਿਲਾਂ ਹੀ ਆਰਥਿਕ ਬੋਝ ਹੇਠ ਦੱਬੇ ਦੇਸ਼ ਦੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ। ਵਿਸ਼ੇਸ਼ ਮਤਾ ਪਾਸ ਕਰਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਖੇਤਾਂ ਵਿੱਚ ਲੱਗੇ ਮੋਟਰਾਂ ਨੂੰ ਬਿਜਲੀ ਸਪਲਾਈ ਕਰਦੇ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰ ਰਹੇ ਚੋਰਾਂ ਨੂੰ ਫੜ ਕੇ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਬਾਅਦ ਵਿੱਚ ਕਿਸਾਨਾਂ ਨੇ ਖਾਦਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਵਤਾਰ ਸਿੰਘ ਛੀਨਾ, ਸਾਬਕਾ ਸਰਪੰਚ ਸਾਧਾ ਸਿੰਘ, ਖਜਾਨ ਸਿੰਘ ਛੀਨਾਂ, ਜਗਬੀਰ ਸਿੰਘ ਲਲਾ, ਜੰਗ ਬਹਾਦਰ ਸਿੰਘ, ਗੁਰਦੇਵ ਸਿੰਘ ਲਾਲੀ, ਰਘਬੀਰ ਸਿੰਘ ਲੱਲਾ, ਬਾਬਾ ਸੁੱਚਾ ਸਿੰਘ ਤੇ ਸੁਖਜੀਤ ਸਿੰਘ ਪ੍ਰਧਾਨ ਸਹਿਕਾਰੀ ਸਭਾ ਆਦਿ ਹਾਜ਼ਰ ਸਨ।