ਕਿਸਾਨਾਂ ਨੇ ਬਿਰਧ ਮਹਿਲਾ ਦੇ ਘਰ ’ਤੇ ਕਬਜ਼ਾ ਕਰਨ ਆਏ ਅਧਿਕਾਰੀ ਬੇਰੰਗ ਮੋੜੇ
ਮਾਲੇਰਕੋਟਲਾ, 30 ਮਾਰਚ
ਸਥਾਨਕ ਦਾਣਾ ਮੰਡੀ ਨੇੜੇ ਮੁਹੱਲਾ ਗਰੀਨ ਐਵਨਿਊ ਵਿੱਚ ਇੱਕ 85 ਸਾਲਾ ਬਿਰਧ ਮਹਿਲਾ ਦੇ ਘਰ ’ਤੇ ਕਬਜ਼ਾ ਕਰਵਾਉਣ ਲਈ ਪੁਲੀਸ ਨੂੰ ਦਿੱਤੇ ਅਦਾਲਤੀ ਹੁਕਮਾਂ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਡੀ ਗਿਣਤੀ ਕਿਸਾਨ ਇੱਕ ਵਾਰ ਫ਼ਿਰ ਕੰਧ ਬਣ ਕੇ ਖੜ੍ਹੇ ਹੋ ਗਏ।
ਡਿਊਟੀ ਮੈਜਿਸਟ੍ਰੇਟ ਸਪਿੰਦਰ ਸਿੰਘ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਨਾਲ ਕਬਜ਼ਾ ਕਰਨ ਪਹੁੰਚੇ ਅਧਿਕਾਰੀਆਂ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਕਾਰਨ ਦੂਜੀ ਵਾਰ ਬੇਰੰਗ ਪਰਤਣਾ ਪੈ ਗਿਆ। ਪਹਿਲਾਂ 26 ਮਾਰਚ ਨੂੰ ਵੀ ਕਿਸਾਨਾਂ ਨੇ ਅਧਿਕਾਰੀਆਂ ਨੂੰ ਖਾਲੀ ਹੱਥ ਮੁੜਨ ਲਈ ਮਜਬੂਰ ਕਰ ਦਿੱਤਾ ਸੀ। ਪ੍ਰਾਪਤ ਜਾਣਕਾਰੀ ਮੁਤਾਬਿਕ ਉਮਰ ਦੇ ਆਖਰੀ ਪੜਾਅ ’ਚ ਮੰਜੇ ’ਤੇ ਪਈ ਬਿਰਧ ਮਹਿਲਾ ਸ਼ਿੰਦਰ ਕੌਰ ਦੇ ਪਤੀ ਨੇ ਕਈ ਦਹਾਕੇ ਪਹਿਲਾਂ ਅਮਰਗੜ੍ਹ ਦੇ ਇੱਕ ਵਿਅਕਤੀ ਕੋਲੋਂ ਕਰਜ਼ਾ ਲਿਆ ਸੀ।
ਕਰਜ਼ਾ ਲੈਣ ਵਾਲਾ ਮਹਿਲਾ ਦਾ ਪਤੀ ਕਰੀਬ 25 ਸਾਲ ਪਹਿਲਾਂ ਉਸ ਨੂੰ ਬੱਚਿਆਂ ਸਣੇ ਛੱਡ ਕੇ ਚਲਾ ਗਿਆ ਸੀ। ਕਈ ਦਹਾਕੇ ਪਹਿਲਾਂ ਬਿਰਧ ਮਹਿਲਾ ਦੇ ਪਤੀ ਨੂੰ ਦਿੱਤੀ ਰਕਮ ਦੀ ਅਦਾਇਗੀ ਲਈ ਕਰਜ਼ਾ ਦੇਣ ਵਾਲੇ ਨੇ ਅਦਾਲਤ ਵਿਚ ਕੇਸ ਦਾਇਰ ਕਰਕੇ ਉਸ ਘਰ ਦਾ ਵਾਰੰਟ ਕਬਜ਼ਾ ਹੁਕਮ ਪ੍ਰਾਪਤ ਕਰ ਲਿਆ, ਜਿਸ ਵਿੱਚ ਉਹ ਆਪਣੀਆਂ ਧੀਆਂ ਅਤੇ ਪੁੱਤ-ਪੋਤਿਆਂ ਨਾਲ ਜੀਵਨ ਬਸਰ ਕਰ ਰਹੀ ਹੈ। ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਬਿਰਧ ਮਹਿਲਾ ਨੂੰ ਘਰੋਂ ਬੇਘਰ ਕਰਨ ਦੀ ਕਾਰਵਾਈ ਦਾ ਪਤਾ ਲੱਗਦਿਆਂ ਹੀ ਬੀਕੇਯੂ ਉਗਰਾਹਾਂ ਜ਼ਿਲ੍ਹਾ ਮਾਲੇਰਕੋਟਲਾ ਦੇ ਵੱਡੀ ਗਿਣਤੀ ਕਿਸਾਨਾਂ ਨੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਘਰ ਨੂੰ ਜਾਂਦੀ ਗਲੀ ’ਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਮੌਕੇ ’ਤੇ ਪਹੁੰਚੇ ਡੀਐੱਸਪੀ ਮਾਲੇਰਕੋਟਲਾ ਕੁਲਦੀਪ ਸਿੰਘ ਅਤੇ ਥਾਣਾ ਸਿਟੀ-1 ਦੇ ਐੱਸਐੱਚਓ ਇੰਸ. ਮਨਪ੍ਰੀਤ ਸਿੰਘ ਨੇ ਸਬੰਧਤ ਧਿਰਾਂ ਦਰਮਿਆਨ ਸਮਝੌਤਾ ਕਰਵਾ ਕੇ ਕੋਈ ਸਾਂਝਾ ਹੱਲ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸਾਨ ਆਗੂ ਵਰ੍ਹਿਆਂ ਤੋਂ ਰਹਿ ਰਹੇ ਪਰਿਵਾਰ ਨੂੰ ਬੇਘਰ ਕਰਨ ਦੀ ਕਿਸੇ ਵੀ ਕਾਰਵਾਈ ਦੇ ਵਿਰੋਧ ਉਪਰ ਡਟੇ ਰਹੇ। ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਜਨਰਲ ਸਕੱਤਰ ਕੇਵਲ ਸਿੰਘ ਭੜੀ, ਨਿਰਮਲ ਸਿੰਘ ਅਲੀਪੁਰ, ਰਵਿੰਦਰ ਸਿੰਘ ਕਾਸਾਪੁਰ ਅਤੇ ਗੁਰਪ੍ਰੀਤ ਸਿੰਘ ਹਥਨ ਨੇ ਸਪੱਸਟ ਕੀਤਾ ਕਿ ਜਥੇਬੰਦੀ ਬਿਰਧ ਮਹਿਲਾ ਨੂੰ ਕਿਸੇ ਵੀ ਕੀਮਤ ’ਤੇ ਘਰੋਂ ਬੇਘਰ ਨਹੀਂ ਹੋਣ ਦੇਵੇਗੀ। ਹਾਲਾਤ ਨੂੰ ਦੇਖਦਿਆਂ ਅਧਿਕਾਰੀਆਂ ਨੇ ਆਖਰ ਮੁੜਨਾ ਹੀ ਬਿਹਤਰ ਸਮਝਿਆ।