ਕਿਸਾਨਾਂ ਦੇ ਚੋਰੀ ਹੋਏ ਸਾਮਾਨ ਸਬੰਧੀ ਬੀਕੇਯੂ ਸਿੱਧੂਪੁਰ ਦੇ ਵਫ਼ਦ ਵੱਲੋਂ ਐੱਸਐੱਸਪੀ ਨੂੰ ਪੱਤਰ
ਪਟਿਆਲਾ, 7 ਅਪਰੈਲ
ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠਲੀ ‘ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ’ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਜ਼ੋਰਾਵਰ ਸਿੰਘ ਬਲਬੇੜਾ ਦੀ ਅਗਵਾਈ ਹੇਠਾਂ ਅੱਜ ਇਥੇ ਐਸਐਸਪੀ ਡਾ. ਨਾਨਕ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਦੌਰਾਨ ਮੰਗ ਕੀਤੀ ਗਈ ਕਿ ਸ਼ੰਭੂ ਢਾਬੀਗੁੱਜਰਾਂ ਬਾਰਡਰਾਂ’ਤੇ 13 ਮਹੀਨੇ ਚੱਲੇ ਕਿਸਾਨ ਮੋਰਚਿਆਂ ਨੂੰ 19 ਮਾਰਚ ਨੂੰ ਪੁਲੀਸ ਵੱਲੋਂ ਖਦੇੜਨ ਮਗਰੋਂ ਉੱਥੋਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਅਤੇ ਹੋਰ ਸਾਜ਼ੋ-ਸਾਮਾਨ ਨੂੰ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ।
ਯੂਨੀਅਨ ਆਗੂ ਸੱਤਪਾਲ ਮਹਿਮਦਪੁਰ ਨੇ ਦੱਸਿਆ ਕਿ ਵਫ਼ਦ ਅਨੁਸਾਰ ਚੋਰੀ ਹੋਈਆਂ ਟਰਾਲੀਆਂ ਲੱਭ ਕੇ ਕਈ ਕਿਸਾਨਾਂ ਨੇ ਖੁਦ ਪੁਲੀਸ ਨੂੰ ਸੂਚਿਤ ਕੀਤਾ ਪਰ ਪੁਲੀਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਬਜਾਏ ਉਲਟਾ ਕਿਸਾਨ ਟੀਮ ਦੇ ਮੈਬਰਾਂ ਖ਼ਿਲਾਫ਼ ਹੀ ਕਥਿਤ ਝੂਠੀ ਐੱਫਆਈਆਰ ਦਰਜ ਕਰ ਦਿੱਤੀ, ਜਿਸ ਨੂੰ ਵਫ਼ਦ ਨੇ ਰੱਦ ਕਰਨ ’ਤੇ ਜ਼ੋਰ ਦਿਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 11 ਅਪਰੈਲ ਤੱਕ ਤੱਕ ਥਾਣਾ ਖੇੜੀਗੰਡਿਆਂ ਵਿੱਚ ਦਰਜ ਐੱਫਆਈਆਰ 19/25 ਰੱਦ ਨਾ ਕੀਤੀ ਗਈ ਤਾਂ ਕਿਸਾਨਾਂ ਨੂੰ ਮਜਬੂਰਨ ਧਰਨਾ ਦੇਣਾ ਪਵੇਗਾ।