ਕਿਰਤੀ ਕਿਸਾਨ ਯੂਨੀਅਨ ਬਲਾਕ ਸਮਾਣਾ ਦਾ ਸਾਲਾਨਾ ਇਜਲਾਸ
ਪੱਤਰ ਪ੍ਰੇਰਕ
ਸਮਾਣਾ, 6 ਫਰਵਰੀ
ਕਿਰਤੀ ਕਿਸਾਨ ਯੂਨੀਅਨ ਬਲਾਕ ਸਮਾਣਾ ਦਾ ਇਜਲਾਸ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦੁਰ ਫਤਹਿਪੁਰ ਵਿੱਚ ਯੂਨੀਅਨ ਦੇ ਸੂਬਾਈ ਆਗੂ ਰਮਿੰਦਰ ਪਟਿਆਲਾ ਤੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਪੂਨੀਆ ਦੀ ਦੇਖ-ਰੇਖ ਵਿਚ ਸਮਾਪਤ ਹੋਇਆ। ਇਜਲਾਸ ਵਿੱਚ ਇਲਾਕੇ ਦੇ 13 ਪਿੰਡਾਂ ਦੀਆਂ ਇਕਾਈਆਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਜਥੇਬੰਦੀ ਦੇ ਵਿਧਾਨ ਅਤੇ ਸੰਵਿਧਾਨ ਦਾ ਖਰੜਾ ਪੇਸ਼ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਆਗੂਆਂ ਵੱਲੋਂ ਦੋ ਮਤੇ ਵੀ ਪਾਸ ਕੀਤੇ ਗਏ ਜਿਨ੍ਹਾਂ ਵਿੱਚੋਂ ਪਹਿਲਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਦੂਸਰਾ ਸੰਯੁਕਤ ਕਿਸਾਨ ਮੋਰਚਾ ਵੱਲੋ ਦਿੱਲੀ ਵਿਖੇ ਹੋਣ ਵਾਲੇ ਐਕਸ਼ਨ ਪਲਾਨ ਵਿੱਚ ਬਲਾਕ ਵੱਲੋ ਵੱਡਾ ਜਥਾ ਭੇਜਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਬਲਾਕ ਦੀ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਬਲਾਕ ਪ੍ਰਧਾਨ ਸ਼ੇਰ ਸਿੰਘ ਕਾਕੜਾ, ਬਲਾਕ ਸਕੱਤਰ ਜਰਨੈਲ ਸਿੰਘ ਮਰਦਾਹੇੜੀ, ਮੀਤ ਪ੍ਰਧਾਨ ਮਨਿੰਦਰ ਸਿੰਘ ਤਰਖਾਨ ਮਾਜਰਾ, ਵਿੱਤ ਸਕੱਤਰ ਗੁਰਚਰਨ ਸਿੰਘ ਕਾਕੜਾ ਅਤੇ ਪ੍ਰੈਸ ਸਕੱਤਰ ਗੁਰਵੰਤ ਸਿੰਘ ਫਤਿਹਪੁਰ, ਨਵਦੀਪ ਸਿੰਘ ਟੋਡਰਪੁਰ, ਕੰਵਲਦੀਪ ਸਿੰਘ ਜਮਾਲਪੁਰ, ਰਣਧੀਰ ਸਿੰਘ ਫਤਹਿਪੁਰ, ਕਮਲਦੀਪ ਸਿੰਘ ਕਮਾਸਪੁਰ, ਕਰਨੈਲ ਸਿੰਘ ਨੂੰ ਬਲਾਕ ਕਮੇਟੀ ਦੇ ਮੈਂਬਰਾਂ ਵਜੋਂ ਚੁਣਿਆ ਗਿਆ।
ਡਕੌਂਦਾ ਦੀ ਬਲਾਕ ਪੱਧਰੀ ਮੀਟਿੰਗ
ਸੰਗਰੂਰ (ਪੱਤਰ ਪ੍ਰੇਰਕ): ਇੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਬਲਾਕ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਯੂਨੀਅਨ ਦੀ ਸੂਬਾ ਮੀਟਿੰਗ ਵਿੱਚ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਅਤੇ ਅਨੇਕਾਂ ਬੁੱਧੀਜੀਵੀਆਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।