ਕਾਵਿ ਕਿਆਰੀ
ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਸੁਪਨਾ ਮੇਰੇ ਧੁਰ ਅੰਦਰ ਕਿਰਦਾਰ ’ਚ ਉਤਰੀ ਜਾਂਦਾ ਹੈ।
ਵਿੱਚ ਹਕੀਕਤ ਆ ਕੇ ਉਹ ਸੰਸਾਰ ’ਚ ਉਤਰੀ ਜਾਂਦਾ ਹੈ।
ਯੁਧ ਦੇ ਮੈਦਾਨ ’ਚ ਆ ਕੇ ਯੋਧੇ ਮਾਰਨ ਜਦ ਲਲਕਾਰਾ,
ਗੁੱਸਾ ਜੋਸ਼ ਜਵਾਨੀ ਦਾ ਤਲਵਾਰ ’ਚ ਉਤਰੀ ਜਾਂਦਾ ਹੈ।
ਨਫ਼ਰਤ ਵਧ ਕੇ ਜਦ ਅੰਬਰ ਦੇ ਤਾਰੇ ਵਾਂਗੂੰ ਟੁੱਟਦੀ ਹੈ,
ਪਿਆਰ ਹੋਵੇ ਸਤਿਕਾਰ ਹੋਵੇ ਤਕਰਾਰ ’ਚ ਉਤਰੀ ਜਾਂਦਾ ਹੈ।
ਤੇਰੇ ਨਕਸ਼ਾਂ ਦੇ ਸੂਰਜ ਦਾ ਤੜਕ-ਸਵੇਰਾ ਵੇਖ ਲਿਆ,
ਸਤਯੁਗ ਵਰਗਾ ਇੱਕ ਮੰਜ਼ਰ ਦੀਦਾਰ ’ਚ ਉਤਰੀ ਜਾਂਦਾ ਹੈ।
ਸੰਗੀਤ ’ਚ ਜਦ ਆਵਾਜ਼ ਮਿਲੇ ਫੇਰ ਤਰੰਨੁਮ ਕੀ ਕਹਿਣੇ,
ਤੇਰਾ ਗਾਇਆ ਹਰ ਇੱਕ ਨਗ਼ਮਾ ਪਿਆਰ ’ਚ ਉਤਰੀ ਜਾਂਦਾ ਹੈ।
ਰਿਸ਼ਤੇ ਦੀ ਬੁਨਿਆਦ ’ਚ ਟੁੱਟਦੇ ਇੱਛਾਵਾਂ ਦੇ ਪਰਬਤ,
ਹਉਮੈਂ ਦਾ ਸਰਮਾਇਆ ਜਦ ਹੰਕਾਰ ’ਚ ਉਤਰੀ ਜਾਂਦਾ ਹੈ।
ਅਪਣੀ ਸਾਰੀ ਲੋਅ ਦੀ ਤਾਕਤ ਕਰ ਦਿੰਦਾ ਹੈ ਨਿਛਾਵਰ,
ਸੂਰਜ ਧਰਤੀ ਦੀ ਖ਼ਾਤਿਰ ਇਕਰਾਰ ’ਚ ਉਤਰੀ ਜਾਂਦਾ ਹੈ।
ਕਸ਼ਟ ਸਹਾਰਨ ਵਿੱਚ ਵੀ ਇੱਕ ਮਜ਼ਾ ਹੁੰਦਾ ਉਪਲਬਧੀ ਵਿੱਚ,
ਨੀਹਾਂ ਦਾ ਫਿਰ ਸਾਰਾ ਮੋਹ ਦੀਵਾਰ ’ਚ ਉਤਰੀ ਜਾਂਦਾ ਹੈ।
ਖਿੜਨ ਬਹਾਰਾਂ ਰੁੱਤਾਂ ਦੀ ਅੰਗੜਾਈ ਤੇ ਲਲਚਾਈ ਵਿੱਚ,
ਕੋਮਲਤਾ ਦਾ ਰੰਗ ਸਾਰਾ ਕਚਨਾਰ ’ਚ ਉਤਰੀ ਜਾਂਦਾ ਹੈ।
ਬੱਦਲਾਂ ਦੀ ਹੀ ਕਿਣ ਮਿਣ ਵਿੱਚੋਂ ਉਪਜੇ ਹੈ ਸਤਰੰਗੀ ਪੀਂਘ,
ਮਾਹੀ ਦਾ ਆਲਿੰਗਨ ਫਿਰ ਸ਼ਿੰਗਾਰ ’ਚ ਉਤਰੀ ਜਾਂਦਾ ਹੈ।
ਫੁੱਲ ਗੁਲਾਬੀ, ਗੁਲਦਾਉਦੀ, ਗੁੱਟਾ, ਨਾਗਫ਼ਨੀ, ਵਾਂਗੂੰ,
ਬਾਲਮ ਤੇਰਾ ਹਰ ਸ਼ੇਅਰ ਗੁਲਜ਼ਾਰ ’ਚ ਉਤਰੀ ਜਾਂਦਾ ਹੈ।
ਸੰਪਰਕ: 98156-25409
ਮਾਹੀਆ ਵੇ
ਹਰੀ ਕ੍ਰਿਸ਼ਨ ਮਾਇਰ
ਮੇਰੇ ਮਾਹੀਆ ਵੇ
ਤੂੰ ਧੁੱਪ ਦਾ ਟੋਟਾ
ਚਾਰੇ ਵੰਨੀ ਲਿਸ਼ਕਾਂ ਮਾਰੇ
ਇਸ਼ਕ ਦਾ ਗੋਟਾ
ਕਦੋਂ ਪਤਾ ਨਹੀਂ
ਕਦ ਨੈਣਾਂ ਦੀ ਗੱਲ ਛਿੜੀ
ਹੱਸਣ ਲੱਗੀ ਮਨ
ਦੇ ਵਿਹੜੇ ਧੁੱਪ ਖਿੜੀ
ਫੁੱਲਾਂ ’ਤੇ ਆਣ ਬਹਿ ਗਿਆ
ਕਦ ਤਿਤਲੀਆਂ ਦਾ ਜੋਟਾ
ਮੈਂ ਤਾਂ ਤੇਰੇ ਮੁੱਖੜੇ ਤੋਂ
ਮੁਸਕਾਨ ਰਹਾਂ ਤੱਕਦੀ
ਰੱਜ ਨਾ ਆਉਂਦਾ ਦੇਖੀ ਜਾਵਾਂ
ਅੱਖ ਨਹੀਂ ਥੱਕਦੀ
ਗਜ਼ਾ ਕਰੇਂਦਾ ਗਲੀਏ ਗਲੀਏ
ਤੂੰ ਜੋਗੀ ਪੁੱਤ ਜੋਗੋਟਾ
ਮਾਹੀਆ ਤੇਰੀ ਚੁੱਪ ਜਦੋਂ
ਸਾਗਰ ਤੋਂ ਗਹਿਰੀ ਹੁੰਦੀ
ਸੋਚਾਂ ਨੂੰ ਸੱਪ ਡੰਗਦੇ
ਮੈਂ ਗੂੰਗੀ ਬਹਿਰੀ ਹੁੰਦੀ
ਵਿੰਨ੍ਹਦੀ ਕੋਈ ਸੂਲ
ਜਿਗਰ ਦਾ ਪੋਟਾ ਪੋਟਾ
ਨੈਣੀਂ ਸੁਪਨੇ ਦਿਲ ਵਿੱਚ
ਸੌ ਸੌ ਰੀਝਾਂ ਨੱਚਦੀਆਂ
ਵੀਣੀ ’ਤੇ ਜਦੋਂ ਚੜ੍ਹਾ ਗਿਆ
ਵੰਗਾਂ ਸੂਹੇ ਕੱਚ ਦੀਆਂ
ਡਰਦਾ ਮਨ ਬੱਦਲ ਵੀ ਕੋਈ
ਹੁੰਦਾ ਦਿਲ ਦਾ ਖੋਟਾ...
ਸੰਪਰਕ: 97806-67686
ਗ਼ਜ਼ਲ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਹਰ ਆਸ਼ਿਕ ਨੂੰ ਬਿਰਹਾ ਮਿਲਿਆ, ਹਰ ਆਸ਼ਿਕ ਨੂੰ ਧੱਕੇ
ਹਰ ਆਸ਼ਿਕ ਨੂੰ ਪੱਥਰ ਵੱਜੇ, ਲੋਕ ਉਡਾਵਣ ਫੱਕੇ।
ਦੁਨੀਆ ਵਾਲੇ ਦਰ-ਦਰ ਭਟਕਣ, ਲੱਭਣ ਇਸ਼ਕ ਮਿਜ਼ਾਜੀ
ਦਰ ਮਹਿਬੂਬ ਦੇ ਆਸ਼ਿਕ ਬੈਠਣ, ਉਹ ਨਾ ਜਾਵਣ ਮੱਕੇ।
ਕੱਚਿਆਂ ਉੱਤੇ ਤਰ ਗਏ ਆਸ਼ਿਕ, ਤੱਤੀ ਰੇਤੇ ਟੁਰ ਗਏ
ਇਸ਼ਕ ਦੀ ਬਾਜ਼ੀ ਲੈ ਗਏ ਓਹੀ, ਇਸ਼ਕ ਜਿਨ੍ਹਾਂ ਦੇ ਪੱਕੇ।
ਹੋਇਆ ਸੀ ਜਦ ਆਸ਼ਿਕ ਬੁੱਲ੍ਹਾ, ਨੱਚ ਨੱਚ ਯਾਰ ਮਨਾਵੇ
ਭਗਤ ਸਿੰਘ ਜਿਹੇ ਆਸ਼ਿਕ ਜੰਮੇ, ਮੌਤ ਨਾ ਜਿਸਨੂੰ ਡੱਕੇ।
ਸਰਮਦ ਤੇ ਮਨਸੂਰ ਨੇ ਯਾਰੋ ਕੀਤਾ ਇਸ਼ਕ ਅਵੱਲਾ
ਪਰਦੇ ਸੀ ਸਭ ਲਾਹ ਲਾਹ ਸੁੱਟੇ, ਦੱਸੋ ਕਿਹੜਾ ਢੱਕੇ?
ਲੀਕ ਦੇ ਇਧਰ ਦੁਨੀਆ ਦਿਲਬਰ, ਲੀਕ ਦੇ ਉਧਰ ਆਸ਼ਿਕ
ਆਸ਼ਿਕ ਦਾ ਲੜ ਫੜ ਬੈਠਣ ਤੋਂ, ਤੂੰ ਝੱਲਿਆ ਕਿਉਂ ਝੱਕੇ?
ਸੰਪਰਕ: 97816-46008