ਕਾਲਜ ਵਿੱਚ ਮਨੁੱਖੀ ਕਦਰਾਂ ਕੀਮਤਾਂ ਬਾਰੇ ਸੈਮੀਨਾਰ
ਦੀਨਾਨਗਰ, 30 ਮਾਰਚ
ਇੱਥੋਂ ਦੇ ਐੱਸਐੱਸਐੱਮ ਕਾਲਜ ਦੇ ਯੁਵਕ ਭਲਾਈ ਵਿਭਾਗ ਵੱਲੋਂ ਮਨੁੱਖੀ ਕਦਰਾਂ ਕੀਮਤਾਂ ਅਤੇ ਲੋੜਵੰਦਾਂ ਨੂੰ ਸਿੱਖਿਅਤ ਅਤੇ ਆਤਮ ਨਿਰਭਰ ਕਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ। ਐਜੂਕੇਟ ਪੰਜਾਬ ਪ੍ਰਾਜੈਕਟ ਸੰਸਥਾ ਨਾਲ ਸਬੰਧਤ ਜਸਵਿੰਦਰ ਸਿੰਘ ਖ਼ਾਲਸਾ (ਯੂਕੇ) ਦੀ ਅਗਵਾਈ ਹੇਠ ਪ੍ਰਿੰਸੀਪਲ ਡਾ. ਆਰ.ਕੇ ਤੁਲੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਵਿੱਚ ਸਭ ਤੋਂ ਪਹਿਲਾਂ ਸੰਗੀਤ ਵਿਭਾਗ ਨੇ ਪ੍ਰੋ. ਸੋਨੂੰ ਮੰਗੋਤਰਾ ਦੇ ਨਿਰਦੇਸ਼ਨ ਹੇਠ ਗੁਰਬਾਣੀ ਸ਼ਬਦ ਗਾਇਨ ਦਾ ਜਾਪ ਕੀਤਾ। ਪ੍ਰੋ. ਪ੍ਰਬੰਧਕ ਗਰੋਵਰ (ਡੀਨ ਯੁਵਾ ਭਲਾਈ ਵਿਭਾਗ) ਨੇ ਦੱਸਿਆ ਕਿਸ ਤਰ੍ਹਾਂ 1968 ਤੋਂ ਯੂਕੇ ਵਿੱਚ ਵੱਸਣ ਮਗਰੋਂ ਜਸਵਿੰਦਰ ਸਿੰਘ ਖ਼ਾਲਸਾ ਨੇ ਪੰਜਾਬ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਗੁਰਬਾਣੀ ਨਾਲ ਜੋੜਨ ਦਾ ਅਹਿਦ ਲਿਆ। ਇਸ ਦੌਰਾਨ ਜਸਵਿੰਦਰ ਸਿੰਘ ਨੇ ਬੱਚਿਆਂ ਨਾਲ ਆਪਣੇ ਤਜਰਬੇ ਸਾਂਝ ਕੀਤੇ। ਉਨ੍ਹਾਂ ਨੇ ਲੋਕਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੁੜਨ, ਮਨੁੱਖੀ ਕਦਰਾਂ-ਕੀਮਤਾਂ ਨੂੰ ਬਚਾਉਣ ਅਤੇ ਸਿੱਖਿਆ ਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾਕਟਰ ਤੁਲੀ ਵੱਲੋਂ ਮੁੱਖ ਬੁਲਾਰੇ ਜਸਵਿੰਦਰ ਸਿੰਘ ਖ਼ਾਲਸਾ ਅਤੇ ਜਗਦੀਪ ਸਿੰਘ (ਯੂਥ ਕੌਂਸਲਰ) ਦਾ ਸਨਮਾਨ ਕੀਤਾ ਗਿਆ। ਸਮਾਗਮ ’ਚ ਪ੍ਰੋ. ਸੋਨੂੰ ਮੰਗੋਤਰਾ, ਡਾ. ਮੁਖਵਿੰਦਰ ਸਿੰਘ ਰੰਧਾਵਾ, ਪ੍ਰੋ. ਸੁਬੀਰ ਰਗਬੋਤਰਾ, ਪ੍ਰੋ. ਸੁਸ਼ਮਾ, ਪ੍ਰੋ. ਮਨਜੀਤ ਕੁਮਾਰੀ ਤੇ ਪ੍ਰੋ. ਦੀਪਿਕਾ ਆਦਿ ਮੌਜੂਦ ਸਨ।