ਕਾਲਜ ’ਚ ਸਾਲਾਨਾ ਇਨਾਮ ਵੰਡ ਸਮਾਰੋਹ
ਪਾਤੜਾਂ, 10 ਅਪਰੈਲ
ਸਰਕਾਰੀ ਕਿਰਤੀ ਕਾਲਜ ਨਿਆਲ ਵਿੱਚ ਪ੍ਰਿੰਸੀਪਲ ਗੁਰਵੀਨ ਕੌਰ ਦੀ ਅਗਵਾਈ ਹੇਠ ਅਕਾਦਮਿਕ ਅਤੇ ਵੱਖ-ਵੱਖ ਵਿਭਾਗੀ ਗਤੀਵਿਧੀਆਂ ਦੇ ਜੇਤੂਆਂ ਲਈ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿੱਚ ਸੇਵਾ ਮੁਕਤ ਪ੍ਰਿੰਸੀਪਲ ਵੀਨਾ ਕੁਮਾਰੀ, ਡਾ ਸੰਪੂਰਨ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਰੋਟਰੀ ਕਲੱਬ ਦੇ ਚੇਅਰਮੈਨ ਅਸ਼ੋਕ ਗਰਗ, ਕਪਿਲ ਕੌਸ਼ਲ ਰੋਟਰੀ ਕਲੱਬ ਦੇ ਪ੍ਰਧਾਨ, ਸੁਖਜੀਤ ਕੌਰ ਸੇਵਾ ਮੁਕਤ ਜੂਨੀਅਰ ਸਹਾਇਕ ਕਿਰਤੀ ਕਾਲਜ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੀ ਸੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਕਾਲਜ ਪ੍ਰਿੰਸੀਪਲ ਗੁਰਵੀਨ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦਿਆਂ ਕਾਲਜ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। ਮੁੱਖ ਮਹਿਮਾਨ ਵੀਨਾ ਕੁਮਾਰੀ ਨੇ ਯੂਨੀਵਰਸਿਟੀ ਪ੍ਰੀਖਿਆਵਾਂ, ਕਲਾਸ ਵਿੱਚੋਂ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਅਤੇ ਐੱਨਐੱਸਐੱਸ, ਐੱਨਸੀਸੀ, ਰੈੱਡ ਰਿਬਨ ਕਲੱਬ, ਸਪੋਰਟਸ, ਸੱਭਿਆਚਾਰ ਗਤੀਵਿਧੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਟਰਾਫੀ ਤੇ ਸਰਟੀਫਿਕੇਟ ਨਾਲ ਸਨਮਾਨਿਆ। ਕਾਲਜ ਵਿੱਚ ਸ਼ੁਰੂ ਕੀਤਾ ਪ੍ਰੋ. ਅਨੂਪ ਸਿੰਘ ਐਵਾਰਡ ਵਿਦਿਆਰਥਣ ਗੁਰਲੀਨ ਕੌਰ ਨੂੰ ਦਿੱਤਾ ਗਿਆ। ਅਸ਼ਵਨੀ ਲਿੰਬੇ, ਅੰਜਲੀ, ਰਿਤੂ, ਮੁਸਕਾਨ ਰੂਬਲ ਕੌਰ, ਨਿਸ਼ੂ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਘਰੇਲੂ ਪ੍ਰੀਖਿਆਵਾਂ ਰਜਿਸਟਰਾਰ ਪ੍ਰੋ ਮੀਨੂੰ ਗੌੜ, ਮੰਚ ਦਾ ਸੰਚਾਲਨ ਪ੍ਰੋ ਮਨਿੰਦਰ ਸਿੰਘ, ਪ੍ਰੋ ਕਰਮਜੀਤ ਕੌਰ ਅਤੇ ਡਾ. ਜਸਵਿੰਦਰ ਸ਼ਰਮਾ ਨੇ ਕੀਤਾ।