ਕਾਰਾਂ ਦੀ ਆਹਮੋ-ਸਾਹਮਣੀ ਟੱਕਰ ’ਚ ਚਾਰ ਜ਼ਖ਼ਮੀ
ਮਾਲੇਰਕੋਟਲਾ, 10 ਅਪਰੈਲ
ਮਾਲੇਰਕੋਟਲਾ-ਖੰਨਾ ਸੜਕ ’ਤੇ ਸਥਿਤ ਪਿੰਡ ਮੰਡੀਆਂ ਨੇੜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਦੋਵੇਂ ਕਾਰਾਂ ਵਿੱਚ ਸਵਾਰ ਪੰਜ ਜਣਿਆਂ ’ਚੋਂ ਚਾਰ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਕਾਰ ’ਚ ਸਵਾਰ ਪਤੀ-ਪਤਨੀ ਦੀ ਹਾਲਤ ਗੰਭੀਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ਾਸਤਰੀ ਨਗਰ ਵਾਸੀ ਨਛੱਤਰ ਸਿੰਘ ਵੜੈਚ, ਸੁਖਦੀਪ ਸਿੰਘ ਵਾਸੀ ਪਿੰਡ ਦੌਲਤਪੁਰ ਨੇੜੇ ਧੂਰੀ ਅਤੇ ਨਛੱਤਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਧੁਰਾ ਨੇੜੇ ਧੂਰੀ ਸਵੇਰੇ ਕਰੀਬ ਅੱਠ ਵਜੇ ਮਾਲੇਰਕੋਟਲਾ ਤੋਂ ਗੁਰਦੁਆਰਾ ਸਾਹਿਬ ਜਰਗ ਵਿਖੇ ਮੱਥਾ ਟੇਕਣ ਜਾ ਰਹੇ ਸਨ। ਕਾਰ ਨੂੰ ਨਛੱਤਰ ਸਿੰਘ ਵਾਸੀ ਧੁਰਾ ਚਲਾ ਰਿਹਾ ਸੀ। ਦੂਜੀ ਕਾਰ ਖੰਨੇ ਤੋਂ ਮਾਲੇਰਕੋਟਲਾ ਵੱਲ ਆ ਰਹੀ ਸੀ। ਜਿਉਂ ਹੀ ਦੋਵੇਂ ਕਾਰਾਂ ਪਿੰਡ ਮੰਡੀਆਂ ਸਥਿਤ ਵਿਹੜਾ ਸ਼ਗਨਾਂ ਮੈਰਿਜ ਪੈਲੇਸ ਨੇੜੇ ਪੁੱਜੀਆਂ ਤਾਂ ਦੋਵੇਂ ਕਾਰਾਂ ਦੀ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ। ਇਸ ਦੌਰਾਨ ਨਛੱਤਰ ਸਿੰਘ ਵੜੈਚ ਅਤੇ ਕਾਰ ਚਾਲਕ ਨਛੱਤਰ ਸਿੰਘ ਵਾਸੀ ਪਿੰਡ ਧੁਰਾ ਅਤੇ ਦੂਜੀ ਕਾਰ ’ਚ ਸਵਾਰ ਕਾਲਕਾ ਵਾਸੀ ਪਤੀ-ਪਤਨੀ, ਜੋ ਮਾਲੇਰਕੋਟਲਾ ਸਥਿਤ ਇੱਕ ਬੈਂਕ ਵਿੱਚ ਤਾਇਨਾਤ ਆਪਣੇ ਪੁੱਤਰ ਨੂੰ ਮਿਲਣ ਆ ਰਹੇ ਸਨ, ਜ਼ਖ਼ਮੀ ਹੋ ਗਏ। ਕਾਰਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਾਰਾਂ ਟਕਰਾਉਣ ਉਪਰੰਤ ਉਲਟ ਦਿਸ਼ਾ ਵੱਲ ਘੁੰਮ ਗਈਆਂ। ਜ਼ਖ਼ਮੀਆਂ ਨੂੰ ਸੜਕ ’ਤੇ ਜਾ ਰਹੇ ਲੋਕਾਂ ਨੇ ਕਾਰਾਂ ਵਿੱਚੋਂ ਕੱਢ ਕੇ ਸਰਕਾਰੀ ਹਸਪਤਾਲ ਮਾਲੇਰਕੋਟਲਾ ਪਹੁੰਚਾਇਆ।
ਕਾਰ ਸਵਾਰ ਸੁਰਿੰਦਰ ਕੁਮਾਰ ਵਾਸੀ ਕਾਲਕਾ, ਜੋਤਸਿਨਾ ਪਤਨੀ ਸੁਰਿੰਦਰ ਕੁਮਾਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਡੀਐੱਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ। ਉਨ੍ਹਾਂ ਦੇ ਪੁੱਤਰ ਅਨੁਰਾਗ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਦ ਕਿ ਨਛੱਤਰ ਸਿੰਘ ਵੜੈਚ ਅਤੇ ਨਛੱਤਰ ਸਿੰਘ ਵਾਸੀ ਪਿੰਡ ਧੁਰਾ ਸਥਾਨਕ ਗੁਲਜ਼ਾਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।