ਕਾਂਗਰਸ ਨੇ ਬਲਾਕ ਮਾਜਰੀ ’ਚ ਸੂਬਾ ਸਰਕਾਰ ਦਾ ਪੁਤਲਾ ਫੂਕਿਆ
ਕੁਰਾਲੀ, 22 ਮਾਰਚ
ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਬਲਾਕ ਮਾਜਰੀ ਵਿੱਚ ‘ਆਪ’ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਮੁਜ਼ਾਹਰਾਕਾਰੀਆਂ ਨੇ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਨੂੰ ਆਤਮ-ਨਿਰਭਰ ਬਣਾਉਣ ਅਤੇ ਦੇਸ਼ ਦਾ ਢਿੱਡ ਭਰਨ ਵਿੱਚ ਪੰਜਾਬ ਦੇ ਕਿਸਾਨਾਂ ਨੇ ਵੱਡਾ ਰੋਲ ਅਦਾ ਕੀਤਾ ਹੈ। ਇਸ ਦੇ ਬਾਵਜੂਦ ਮੌਜੂਦਾ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਸ੍ਰੀ ਕੰਗ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨਾਲ ਅਜਿਹਾ ਧਰੋਹ ਕਮਾਇਆ ਹੈ, ਜਿਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਲਈ ਲੰਮੇਂ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਕਿਸੇ ਵੀ ਸਰਕਾਰ ਨੇ ਅਜਿਹਾ ਵਿਵਹਾਰ ਨਹੀਂ ਕੀਤਾ। ਸ੍ਰੀ ਕੰਗ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਵੀ ਕਿਸਾਨਾਂ ਨੇ ਅਜਿਹਾ ਹੀ ਸੰਘਰਸ਼ ਕੀਤਾ ਸੀ ਪਰ ਉਸ ਵੇਲੇ ਰਾਜ ਸਰਕਾਰ ਨੇ ਕਿਸਾਨਾਂ ਦਾ ਡਟ ਕੇ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ‘ਆਪ’ ਸਰਕਾਰ ਕਿਸਾਨਾਂ ਦੀਆਂ ਦੁਸ਼ਮਣ ਬਣ ਕੇ ਉੱਭਰੀਆਂ ਹਨ।
ਇਨਫੋਟੈਕ ਪੰਜਾਬ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਸੰਬੋਧਨ ਕਰਦਿਆਂ ਪੰਜਾਬ ਵਿੱਚ ਮਾਨ ਸਰਕਾਰ ਦੀ ਤਾਨਾਸ਼ਾਹੀ ਦੀ ਨਿੰਦਾ ਕੀਤੀ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਜਨਤਕ ਤੌਰ ’ਤੇ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਗਿਆਨ ਸਿੰਘ ਘੰਡੌਲੀ, ਨਰਿੰਦਰ ਸਿੰਘ ਢਕੋਰਾਂ, ਸਾਬਕਾ ਸਰਪੰਚ ਹਰਜੀਤ ਸਿੰਘ ਮਾਣਕਪੁਰ, ਡਾ. ਪਰਵਿੰਦਰ ਸਿੰਘ ਨਗਲੀਆਂ, ਰੋਹਿਤ ਤੀੜਾ, ਰਣਜੀਤ ਸਿੰਘ ਖਦਰੀ, ਪਰਮਜੀਤ ਸਿੰਘ ਖਿਜ਼ਰਾਬਾਦ ਤੇ ਹੋਰ ਪਤਵੰਤੇ ਹਾਜ਼ਰ ਸਨ।