ਕਰਨਲ ਕੁੱਟਮਾਰ ਮਾਮਲੇ ਦੀ ਜਾਂਚ ਨਿਗਮ ਕਮਿਸ਼ਨਰ ਨੂੰ ਸੌਂਪੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਮਾਰਚ
ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਾਹਰ ਢਾਬੇ ’ਤੇ ਕਾਰ ਪਾਰਕਿੰਗ ਨੂੰ ਲੈ ਕੇ ਕਰਨਲ ਅਤੇ ਉਸ ਦੇ ਪੁੱਤਰ ਦੀ ਕੀਤੀ ਗਈ ਕੁੱਟਮਾਰ ਮਾਮਲੇ ਦੀ ਜਾਂਚ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪਰਮਵੀਰ ਸਿੰਘ (ਆਈਏਐੱਸ) ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਨੂੰ ਕਾਰਜਕਾਰੀ ਮੈਜਿਸਟਰੇਟ ਵਜੋਂ ਜਾਂਚ ਦਾ ਅਧਿਕਾਰੀ ਨਿਯੁਕਤ ਕਰਦਿਆਂ ਗ੍ਰਹਿ ਮਾਮਲਿਆਂ ਦੇ ਪ੍ਰਸ਼ਾਸਕੀ ਸਕੱਤਰ ਨੇ ਇਸ ਘਟਨਾ ਦੀ ਨਿਰਪੱਖ ਜਾਂਚ ਕਰਨ ਦੀ ਤਾਕੀਦ ਕੀਤੀ ਹੈ। ਉਨ੍ਹਾਂ ਤਿੰਨ ਹਫ਼ਤੇ ’ਚ ਜਾਂਚ ਮੁਕੰਮਲ ਕਰਕੇ ਰਿਪੋਰਟ ਸੌਂਪਣ ਦੀ ਹਦਾਇਤ ਵੀ ਕੀਤੀ ਹੈ। ਦੂਜੇ ਪਾਸੇ ਪੀੜਤ ਪਰਿਵਾਰ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ’ਤੇ ਅੜਿਆ ਹੋਇਆ ਹੈ।
ਇਹ ਮਾਮਲਾ ਕਾਫ਼ੀ ਭਖ ਗਿਆ ਹੈ ਕਿਉਂਕਿ ਇਸ ਦੌਰਾਨ ਜਿੱਥੇ ਪਟਿਆਲਾ ਦੇ ਛੇ ਪੁਲੀਸ ਮੁਲਾਜ਼ਮਾਂ ’ਤੇ ਕੁੱਟਮਾਰ ਦੇ ਦੋਸ਼ ਲੱਗੇ ਹਨ, ਉੱਥੇ ਹੀ ਕਰਨਲ ਦੇ ਅਹਿਮ ਤੇ ਵੱਕਾਰੀ ਰੁਤਬੇ ’ਤੇ ਬਿਰਾਜਮਾਨ ਇਹ ਮਾਮਲਾ ਇਕ ਸ਼ਖ਼ਸੀਅਤ ਦੀ ਕੁੱਟਮਾਰ ਨਾਲ ਵੀ ਜੁੜਿਆ ਹੋਇਆ ਹੈ। ਪੀੜਤ ਪਰਿਵਾਰ ਵੱਲੋਂ ਪਟਿਆਲਾ ਪੁਲੀਸ ’ਤੇ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼ ਲਗਾਏ ਹਨ। ਅੱਜ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਨਿਗਮ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ। ਕਰਨਲ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਕਿਸੇ ਵੀ ਏਜੰਸੀ ’ਤੇ ਵਿਸ਼ਵਾਸ ਨਹੀਂ ਹੈ। ਇਸ ਕਰਕੇ ਉਹ ਚਾਹੁੰਦੇ ਹਨ ਕਿ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਹੀ ਕਰਵਾਈ ਜਾਵੇ। ਪੀੜਤ ਪਰਿਵਾਰ ਦੀ ਮੰਗ ਹੈ ਕਿ ਐੱਫਆਈਆਰ ’ਚ ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਨਾਂ ਦਰਜ ਹੋਣ।