ਔਰਤ ਤੇਰੇ ਰੂਪ ਅਨੇਕ

ਕੁਦਰਤ ਦੀ ਅਨੂਠੀ ਸੌਗਾਤ ਹੈ ਨਾਰੀ...ਰੰਗਾਂ ਦੀ ਗਾਗਰ। ਦੁਨੀਆ ਨੀਰਸ ਨਾ ਲੱਗੇ। ਸਪਤ-ਵਰਣ ਵਿੱਚੋਂ ਕਿਰ ਕੇ ਆਉਂਦੀਆਂ ਰਿਸ਼ਮਾਂ ਔਰਤ ਦਾ ਹੀ ਤਾਂ ਪ੍ਰਤੀਬਿੰਬ ਨੇ। ਚਾਰੇ ਕੂਟਾਂ ਰੁਸ਼ਨਾਉਂਦੀਆਂ ਨੇ ਇਸ ਚੌ-ਮੁਖੀਏ ਦੀਵੇ ਨਾਲ। ਫੁੱਲ ਪੱਤੀਆਂ ਦੀ ਵਰਖਾ ਹੁੰਦੀ ਐ। ਸੂਖਮਤਾ, ਕੋਮਲ ਕਲਾਵਾਂ ਨਾਲ ਚੁਫੇਰਾ ਮਹਿਕਦੈ। ਅਣਹੋਂਦ ਕਿਆਸੀ ਹੀ ਨਹੀਂ ਜਾ ਸਕਦੀ। ਪ੍ਰਕਿਰਤੀ ਦੀ ਤਰਤੀਬ ਵਿੱਚ ਖ਼ਲਲ ਪੈ ਜਾਵੇਗਾ। ਖੁਦਾ ਨੇ ਸਿਰਜਣਾ ਵੇਲੇ ਕਿਹੜੇ ਅਕਸ ਨੂੰ ਤਰਜੀਹ ਦਿੱਤੀ ਹੋਊ? ਜਵਾਬ ਸੁਖਵਿੰਦਰ ਅੰਮ੍ਰਿਤ ਦਿੰਦੀ ਹੈ:
ਪਿਆਰ, ਸਮਰਪਣ, ਅੱਥਰੂ, ਉਡੀਕ ਤੇ ਛਾਂ
ਇਹ ਨੇ ਉਨ੍ਹਾਂ ਪੰਜ ਤੱਤਾਂ ਦੇ ਨਾਂ
ਜਿਨ੍ਹਾਂ ਤੋਂ ਬਣਦੀ ਹੈ
ਧੀ, ਭੈਣ, ਪਤਨੀ, ਮਹਿਬੂਬਾ ਤੇ ਮਾਂ!
ਔਰਤ ਜੱਗ ਜਣਨੀ ਹੈ...ਪੂਜਣਯੋਗ। ਸਮਾਂ ਸੀ, ਜਦੋਂ ਕੋਈ ਕਾਰਜ ਗ੍ਰਹਿਣੀ ਦੀ ਮੌਜੂਦਗੀ ਵਿੱਚ ਹੀ ਸ਼ੁਭ ਸਮਝਿਆ ਜਾਂਦਾ ਸੀ। ਉਸ ਤੋਂ ਬਿਨਾਂ ਮਰਿਆਦਾ ਸੰਪੂਰਨ ਨਹੀਂ ਸੀ ਹੁੰਦੀ। ਬੜੇ ਉੱਚੇ ਸੁੱਚੇ ਪਾਏਦਾਨ ’ਤੇ ਰੱਖਿਆ ਹੋਇਆ ਸੀ ਸਾਡੇ ਰਹਿਬਰਾਂ ਨੇ...ਰੱਬ ਦੇ ਬਰਾਬਰ ਦਾ ਦਰਜਾ! ਮਨੂੰਵਾਦੀਆਂ ਨੇ ਪ੍ਰਥਾ ਭੰਗ ਕੀਤੀ। ‘ਪੈਰ ਦੀ ਜੁੱਤੀ’ ਹੋ ਗਈ। ਇਸੇ ਸਮ੍ਰਿਤੀ ਦੇ ਹਵਾਲੇ ਦੇ ਕੇ ਤੁਲਸੀ ਦਾਸ ਨੇ ਨਾਰੀ ਦੀ ਤੁਲਨਾ ‘ਢੋਲ, ਗੰਵਾਰ, ਸੂਦਰ...’ ਜਿਹੇ ਲਕਬਾਂ ਨਾਲ ਕੀਤੀ। ਮਨੂੰ ਸਮ੍ਰਿਤੀ ਦੇ ਨੌਂਵੇਂ ਅਧਿਆਇ ਦੇ ਤੀਜੇ ਸ਼ਲੋਕ ਦੀ ਧਾਰਨਾ ਹੈ ਕਿ “ਔਰਤ ਆਜ਼ਾਦ ਰਹਿਣ ਯੋਗ ਨਹੀਂ।”
ਔਰਤ ਹੈ ਕੀ? ਅਬਲਾ ਕਿ ਚੰਡੀ? “ਜਿਤੁ ਜੰਮਹਿ ਰਾਜਾਨ...” ਵਾਲੀ ਪਾਕ ਪਵਿੱਤਰ ਰੂਹ ਹੈ ਤਾਂ ਭਰੇ ਦਰਬਾਰੀਂ ਚੀਰ-ਹਰਨ ਝੇਲਣ ਵਾਲੀ ਦਰੋਪਦੀ ਕਿਹੜੇ ਗ੍ਰਹਿ ਤੋਂ ਆਈ ਸੀ? ਫਿਰ ਅਗਨੀ ਪ੍ਰੀਖਿਆ ਅਤੇ ਛੱਡੇ ਜਾਣ ’ਤੇ ਦੂਜੇ ਬਨਵਾਸ ਤੋਂ ਬਾਅਦ ਵੀ ਸੀਤਾ ਮਾਤਾ ਨੂੰ ਰਾਜ ਸਭਾ ਵਿੱਚ ਆਪਣੇ ਪੁੱਤਰਾਂ ਨੂੰ ‘ਮਰਿਆਦਾ ਪੁਰਸੋਤਮ’ ਤੋਂ ਪ੍ਰਵਾਨ ਕਰਾਉਣ ਲਈ ਪਾਕ-ਸਾਫ਼ ਹੋਣ ਦੀ ਸਹੁੰ ਚੁੱਕਣ ਲਈ ਕਿਉਂ ਕਿਹਾ ਗਿਆ? ਅੱਜ ਵੀ ਸਬਰੀਮਾਲਾ ਮੰਦਰ ਦੇ ਦੁਆਰ ਔਰਤਾਂ ਲਈ ਕਿਉਂ ਬੇਗਾਨੇ ਨੇ? ਕਿਉਂ ਇਸਲਾਮੀ ਮੁਲਕਾਂ ਵਿੱਚ ਔਰਤ ਦੀ ਗਵਾਹੀ ਨੂੰ ਮਰਦ ਮੁਕਾਬਲੇ ਅੱਧੀ ਮੰਨਿਆ ਜਾਂਦੈ? ਦਰਬਾਰ ਸਾਹਿਬ ਵਿੱਚ ਅੱਜ ਵੀ ਬੀਬੀਆਂ ਦੇ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਹੈ। ਮਹਿਸਾ ਅਮੀਨੀ ਤੇ ਨਰਗਿਸ ਮੁਹੰਮਦੀ ਨੂੰ ਕਿਉਂ ਸਮੇਂ ਦੇ ਹਾਣ ਦੇ ਨਹੀਂ ਸਮਝਿਆ ਗਿਆ? ਮਲਾਲਾ ਯੂਸਫ਼ਜ਼ਈ ਤੇ ਮੁਖ਼ਤਾਰਾਂ ਮਾਈ ਵਿੱਚ ਕਿਹੜੀ ਸ਼ੈਤਾਨੀ ਰੂਹ ਦਿਖਾਈ ਦਿੰਦੀ ਹੈ? ਕੀ ਗੌਰੀ ਲੰਕੇਸ਼ ਦੇ ਸਵਾਲਾਂ ਦਾ ਜਵਾਬ ਬੰਦੂਕ ਦੀ ਗੋਲੀ ਹੈ? ਸ਼ਾਇਰਾ ਮਨ-ਮਾਨ ਇਨ੍ਹਾਂ ਮੁਖੌਟੇ ਲਿਪਟੇ ਚਿਹਰਿਆਂ ਨੂੰ ਵੰਗਾਰਦੀ ਹੈ:
ਰਹੀ ਜਣਦੀ ਜੋ ਅਜ਼ਲਾਂ ਤੋਂ ਹੀ
ਈਸਾ, ਰਾਮ, ਨਾਨਕ ਨੂੰ
ਕਿ ਪੱਲੇ ਫਿਰ ਵੀ ਨਾਰੀ ਦੇ
ਸਦਾ ਬਣਵਾਸ ਆਇਆ ਹੈ
ਸੱਚਾਈ ਹੈ ਕਿ ਪਿੱਤਰਸੱਤਾ ਸਾਡੀਆਂ ਸੋਚਾਂ ’ਤੇ ਕਾਬਜ਼ ਹੈ। ਤਾਲੀਬਾਨੀ ਵਿਚਾਰਧਾਰਾ ਔਰਤ ਦੀ ਸਮਤਾ ਨੂੰ ਜਨਤਕ ਖੇਤਰ ਵਿੱਚ ਪ੍ਰਵਾਨ ਹੀ ਨਹੀਂ ਕਰਨਾ ਚਾਹੁੰਦੀ। ਬਰਾਬਰੀ ਦੀ ਸੂਝ ਦਾ ਖ਼ਿਆਲ ਅੰਦਰਲੇ ਮਨ ਵਿੱਚ ਤਾਂਡਵ ਨਾਚ ਨਚਾ ਦਿੰਦਾ ਹੈ ਅਤੇ ਅੱਧੀ ਆਬਾਦੀ ਨੂੰ ਘਰਾਂ ਅੰਦਰ ਡੱਕਣ ਦੇ ਸੁਪਨੇ ਸਿਰਜੇ ਜਾਂਦੇ ਨੇ। ਪ੍ਰਸਿੱਧ ਲੋਕ-ਧਾਰਾ ਵਿਗਿਆਨੀ ਡਾ. ਨਾਹਰ ਸਿੰਘ ਇਸ ਪਿੱਤਰੀ ਸੋਚ ਦੀਆਂ ਅੰਦਰਲੀਆਂ ਪਰਤਾਂ ਦੀ ਥਾਹ ਪਾਉਂਦਾ ਹੈ: “ਸਾਡੀ ਲੋਕ-ਧਾਰਾ ਦੇ ਬਾਹਰਲੇ ਦਾਇਰੇ ਵਿੱਚ ਮਰਦ ਵਿਚਰਦਾ ਹੈ, ਜਿੱਥੇ ਉਸ ਦੀ ਮਰਦਾਨਗੀ, ਅਣਖ, ਕਾਮੁਕ ਭੁੱਖਾਂ ਅਤੇ ਅਤ੍ਰਿਪਤੀਆਂ ਦਾ ਗਾਨ ਹੈ...ਅੰਦਰਲੇ ਦਾਇਰਿਆਂ ਵਿੱਚ ਔਰਤ ਆਪਣੀ ਸਮੁੱਚੀ ਨਾਰੀਤਵ ਵਾਲੀ ਭਾਵਨਾ ਵਿੱਚ ਬੋਲਦੀ ਹੈ...ਕੇਂਦਰੀ ਜਾਂ ਅੰਦਰਲੀਆਂ ਬਣਤਰਾਂ ਵਿੱਚ ਔਰਤ ਦਾ ਉਦਾਸ ਆਪਾ ਤੇ ਸਮਾਜਿਕ ਸੰਤਾਪ, ਵੈਣਿਕ ਹੂਕਾਂ ਦੇ ਪੱਖੋਂ ਉਸ ਦੀ ਹੋਂਦ ਦੇ ਅਨੇਕਾਂ ਰੰਗ ਹਨ।” ਨਾਰੀ ਤੋਂ ਸਦਾ ਤਿਆਗ, ਕੁਰਬਾਨੀ ਅਤੇ ਮਮਤਾ ਦੀ ਉਮੀਦ ਹੀ ਰੱਖੀ ਗਈ। ਉੱਘੇ ਫਰਾਂਸੀਸੀ ਚਿੰਤਕ ਹੈਲੀਨ ਸਿਕਸਸ ਅਨੁਸਾਰ ਮਰਦਾਂ ਨੇ ਔਰਤਾਂ ’ਤੇ ਸਭ ਤੋਂ ਵੱਡਾ ਜ਼ੁਲਮ ਇਹ ਕੀਤਾ ਕਿ ਉਨ੍ਹਾਂ ਨੇ ਔਰਤ ਨੂੰ ਆਪਣੇ ਆਪ ਨਾਲ ਘਿਰਣਾ ਕਰਨੀ ਅਤੇ ਘਟੀਆ ਸਮਝਣਾ ਸਿਖਾਇਆ।
ਸਦੀਆਂ ਤੋਂ ਦੱਬੀ ਕੁਚਲੀ ਔਰਤ ਸਾਡੀਆਂ ਧਾਰਮਿਕ ਤੇ ਸਮਾਜਿਕ ਰਹੁ-ਰੀਤਾਂ ਦੀ ਕਰੂਰਤਾ ਭਰੀ ਤਸਵੀਰ ਦੀ ਗਵਾਹ ਹੈ। ਸਤੀ ਪ੍ਰਥਾ, ਬਾਲ ਵਿਆਹ, ਦੇਵਦਾਸੀ ਪਰੰਪਰਾ ਨੇ ਉਸ ਦੀ ਰੂਹ ਨੂੰ ਨਪੀੜਿਆ। ਧਾਰਮਿਕ ਕੱਟੜਤਾ ਦਾ ਪਹਿਲਾ ਸ਼ਿਕਾਰ ਔਰਤਾਂ ਹੀ ਹੁੰਦੀਆਂ ਨੇ। ਕਿਸੇ ਔਰਤ ਨੂੰ ਚੁੜੇਲ ਜਾਂ ਜਾਦੂਗਰਨੀ ਆਖ ਕੇ ਮਾਰਨਾ ਕਈ ਪਰੰਪਰਾਵਾਂ ਦਾ ਹਿੱਸਾ ਰਿਹੈ। 1580 ਤੋਂ 1630 ਈ. ਤੱਕ ਯੂਰਪ ਵਿੱਚ ਪੰਜਾਹ ਹਜ਼ਾਰ ਲੋਕਾਂ ਨੂੰ ਜਾਦੂ-ਟੂਣੇ ਕਰਨ ਦੇ ਇਲਜ਼ਾਮ ਹੇਠ ਮੌਤ ਦੀ ਸਜ਼ਾ ਦਿੱਤੀ ਗਈ, ਜਿਨ੍ਹਾਂ ਵਿੱਚ ਅੱਸੀ ਫੀਸਦੀ ਤੋਂ ਵੱਧ ਔਰਤਾਂ ਸਨ। ਅਫ਼ਰੀਕਾ ਦੇ ਤਨਜਾਨੀਆ ਵਿੱਚ ਵੀਹ ਹਜ਼ਾਰ ਔਰਤਾਂ ਇਸ ਪ੍ਰਥਾ ਦਾ ਸ਼ਿਕਾਰ ਹੋਈਆਂ। ਸਾਡੇ ਮੁਲਕ ਵਿੱਚ ਵੀ ਇੱਕਾ-ਦੁੱਕਾ ਘਟਨਾਵਾਂ ਸਾਹਮਣੇ ਆਈਆਂ ਹਨ। ਅਫ਼ਗਾਨਿਸਤਾਨ ਵਿੱਚ ਜਬਰੀ ਬੁਰਕਾ, ਦਸ ਸਾਲ ਦੀ ਉਮਰ ਤੋਂ ਬਾਅਦ ਸਕੂਲ ਜਾਣ ’ਤੇ ਪਾਬੰਦੀ, ਡਾਕਟਰ ਜਾਂ ਨਰਸ ਬਣਨ ’ਤੇ ਰੋਕ, ਇਨ੍ਹਾਂ ਰੀਤਾਂ ਦਾ ਹੀ ਅਗਲਾ ਭਾਗ ਹਨ। ਲੇਖਕਾ ਤਸਲੀਮਾ ਨਸਰੀਨ- ਜਿਸ ਨੂੰ ‘ਲੱਜਾ’ ਕਾਰਨ ਜਲਾਵਤਨ ਕੀਤਾ ਗਿਆ-ਦੱਸਦੀ ਹੈ: “ਸ਼ਰ੍ਹਾ ਕਾਨੂੰਨ ਵਿੱਚ ਨਾ ਤਾਂ ਔਰਤਾਂ ਨੂੰ ਅਧਿਕਾਰ ਹਨ ਅਤੇ ਨਾ ਹੀ ਬੋਲਣ ਦੀ ਆਜ਼ਾਦੀ।” ਕਿਹੜੀ ਇੱਕੀਵੀਂ ਸਦੀ ਵਿੱਚ ਰਹਿ ਰਹੇ ਹਾਂ ਅਸੀਂ?
ਯੁੱਗ ਦੇ ਬਾਜ਼ਾਰੀਕਰਨ ਅਤੇ ਇਸ਼ਤਿਹਾਰੀਕਰਨ ਵਿੱਚ ਔਰਤ ਵਿਕਣ ਵਾਲੀ ਸ਼ੈਅ ਆਂਕੀ ਜਾਂਦੀ ਹੈ। ‘ਸੁੱਲੀ ਡੀਲਜ’ ਦੇ ਕਿੱਸੇ ਸੁਰਖੀਆਂ ਬਣੇ ਨੇ। ਸ਼ਰ੍ਹੇਆਮ ‘ਬੋਲੀ’ ਲੱਗਦੀ ਐ। ਨਾਓਮੀ ਵੁਲਫ ਨੇ ਆਪਣੀ ਕਿਤਾਬ ‘ਦਿ ਬਿਊਟੀ ਮਿੱਥ’ ਵਿੱਚ ਦਰਜ ਕੀਤਾ ਹੈ: “ਵਿਕਟੋਰੀਅਨ ਜ਼ਮਾਨੇ ਦੀ ਔਰਤ ਬੱਚੇਦਾਨੀ ਬਣ ਗਈ ਸੀ ਤੇ ਅੱਜ ਦੇ ਸਮਿਆਂ ਦੀ ਔਰਤ ਆਪਣਾ ‘ਸੁਹੱਪਣ’ ਬਣ ਗਈ ਹੈ।” ‘ਏਹੁ ਹਮਾਰਾ ਜੀਵਣਾ’ ਦੀ ਭਾਨੋ ਖ਼ਿਆਲਾਂ ਵਿੱਚ ਖੁੱਭ ਜਾਂਦੀ ਐ। ਨਰੈਣਾ ਹੋਇਆ ਜਾਂ ਫੱਤਾ; ਉਸ ਲਈ ਮਾਲਕ ਬਦਲਣੇ ਬਸ ਘੜੀ ਪਲਾਂ ਦਾ ਕਿੱਸੈ! ਬੇਜ਼ਮੀਨੇ ਜਾਂ ਥੋੜ੍ਹੀ ਜ਼ਮੀਨ ਵਾਲੇ ਜੱਟਾਂ ਨੂੰ ‘ਦਾਲ ਫੁਲਕਾ’ ਅਤੇ ਪੀੜ੍ਹੀ ਚੱਲਦੀ ਰੱਖਣ ਲਈ ‘ਮੁੱਲ ਦੀ ਤੀਵੀ’ ਲਿਆਉਣ ਦਾ ‘ਧੂੜਾ ਫੱਕਣਾ’ ਪੈਂਦਾ ਹੈ! ਕੋਈ ਥਹੁ ਟਿਕਾਣਾ? ਰੱਬ ਨੂੰ ਉਲਾਂਭਾ ਦੇਣ ਨੂੰ ਜੀਅ ਕਰਦੈ। ਜਿਊਂਦੇ ਜਾਗਦੇ ਨਰਕ ਦੀ ਤਸਵੀਰ ਇਸ ਤੋਂ ਵੱਖਰੀ ਭਲਾ ਕੀ ਹੋ ਸਕਦੀ ਹੈ?
ਬਾਲੜੀ ਦੇ ਜਨਮ ਲੈਣ ’ਤੇ ਹੀ ਸਮਾਜ ਦੀ ਧੌਣ ਝੁਕ ਜਾਂਦੀ ਹੈ। ਸਾਅਦਤ ਹਸਨ ਮੰਟੋ ਲਿਖਦੈ: “ਬੇਟੀ ਦਾ ਪਹਿਲਾ ਹੱਕ, ਜਿਸ ਨੂੰ ਅਸੀਂ ਖਾ ਜਾਂਦੇ ਹਾਂ, ਉਹ ਉਸ ਦੇ ਪੈਦਾ ਹੋਣ ਦੀ ਖ਼ੁਸ਼ੀ ਹੈ।” ਕੁੜੀਮਾਰ ਹੋਣ ਦਾ ਦਾਗ਼ ਸਾਡੇ ਮੱਥੇ ’ਤੇ ਖੁਣਿਆ ਹੋਇਐ! ਜ਼ਮੀਰ ਲਾਹਨਤਾਂ ਪਾਉਣੋਂ ਹਟ ਗਈ ਹੈ। ਮਾਂ ਦੀ ਲੋਰੀ ਨੂੰ ਉਸ ਦਾ ਹੱਕ ਨਹੀਂ ਰਹਿਣ ਦਿੱਤਾ। ਉਹ ਵੀ ‘ਜਿਊਣ ਜੋਗੀਆਂ’ ਕਹਾਉਣ ਦਾ ਹੱਕ ਰੱਖਦੀਆਂ ਨੇ। ਜੇ ਕਿਤੇ ਕਾਲੀ ਰਾਤ ਦੇ ਹਨੇਰੇ ਨੂੰ ਚਾਨਣੀ ਲੀਕ ਚੀਰਦੀ ਹੈ ਤਾਂ ਮੋੜਾਂ ਉੱਤੇ ਭੁੱਖੇ ਭੇੜੀਏ ਨਜ਼ਰਾਂ ਟਿਕਾਈ ਬੈਠੇ ਹਨ। ਨਿਰਭਯਾ, ਆਸਿਫਾ, ਹਾਥਰਸ, ਓਨਾਓ ਦੀਆਂ ਚਿੜੀਆਂ ਬਲੀ ਵੇਦੀ ਦਾ ਸ਼ਿੰਗਾਰ ਬਣ ਜਾਂਦੀਆਂ ਨੇ। ‘ਰਾਮਾਂ, ਰਹੀਮਾਂ, ਸਵਾਮੀਆਂ’ ਨੇ ਸ਼ਰੀਫ਼ਜ਼ਾਦਿਆਂ ਦੇ ਚੋਲੇ ਪਾਏ ਨੇ। ‘ਬ੍ਰਹਮਚਾਰੀ’, ਜੱਜ ਤੇ ਵਕੀਲ ਨੇ। ਕਿਹੜੇ ਨਿਆਂ ਦੀ ਆਸ ਰੱਖੀਏ? ਬਿਲਕੀਸ ਬਾਨੋ ਲਈ ਇਨਸਾਫ਼ ਦੀ ਲਾਲਟੈਣ ਧੁਆਂਖੀ ਲੱਗ ਰਹੀ ਐ। ‘ਤੰਦੂਰ’ ਅਤੇ ‘ਫਰਿੱਜ’ ਔਰਤ ਦੀ ਹੋਣੀ ਦੇ ਚਸ਼ਮਦੀਦ ਗਵਾਹ ਨੇ। ਧਰਮ ਦੇ ਰਾਖਿਆਂ ਨੂੰ ਹਿਜਾਬ ਵਿੱਚੋਂ ਵਿਦਰੋਹੀ ਚਿਹਰੇ ਦਿਸਦੇ ਨੇ। ਇਨ੍ਹਾਂ ਕਰਮਾਂ ਮਾਰੀਆਂ ਲਈ ਹੀ ਕਵਿੱਤਰੀ ਮਨਜੀਤ ਟਿਵਾਣਾ ਹਾਅ ਦਾ ਨਾਅਰਾ ਮਾਰਦੀ ਹੈ:
ਕੁਝ ਕੁੜੀਆਂ ਜ਼ਮੀਰ ਹੁੰਦੀਆਂ ਹਨ
ਜੋ ਹਾਦਸਿਆਂ ਦਾ ਹਿਸਾਬ ਮੰਗਦਿਆਂ
ਆਪਣੇ ਹੀ ਸਰੀਰ ਦੀ
ਸੂਲ਼ੀ ਲਟਕ ਜਾਂਦੀਆਂ ਹਨ
ਹਰ ਵਰ੍ਹੇ ਅੱਠ ਮਾਰਚ ਨੂੰ ਅੰਤਰਰਾਸ਼ਟਰੀ ਨਾਰੀ ਦਿਵਸ ਮਨਾਇਆ ਜਾਂਦੈ। ‘ਫੇਅਰ ਸੈਕਸ’ ਦੀ ਆਜ਼ਾਦੀ ਅਤੇ ਹਕੂਕਾਂ ਦਾ ਭਰਵਾਂ ਗਾਇਨ ਕੀਤਾ ਜਾਂਦਾ। ਹਾਲਾਤ ਜਿਉਂ ਦੇ ਤਿਉਂ ਬਣੇ ਰਹਿੰਦੇ ਨੇ। ਘਰੇਲੂ ਹਿੰਸਾ, ਜ਼ੁਲਮ, ਪਸ਼ੂ ਬਿਰਤੀ ਅਤੇ ਤਲਾਕ ਸਮਾਜ ਦੇ ਅਹਿਮ ਅੰਗ ਰਹਿੰਦੇ ਨੇ। ਬਰਾਬਰੀ ਲਈ ਹਜੇ ਦਿੱਲੀ ਦੂਰ ਹੈ। ਮਾਪੇ ਕੋਮਲ ਕਲੀਆਂ ਦਾ ਸੋਚ ਸਹਿਮ ਜਾਂਦੇ ਨੇ। ਸੰਤਾਲੀ, ਚੁਰਾਸੀ, ਦੋ ਹਜ਼ਾਰ ਦੋ ਨੇ ਕੀ ਨਹੀਂ ਦਿਖਾਇਆ? ਕਤਲ, ਕਬਜ਼ੇ, ਬਲਾਤਕਾਰੀ, ਧਾੜਵੀ...। ਰੂਹਾਂ ਕੰਬ ਜਾਂਦੀਆਂ ਨੇ। ਬਨਾਰਸ ਦੇ ਘਾਟ ਦਰਦਾਂ ਦੀ ਦਾਸਤਾਨ ਬਿਆਨ ਕਰਦੇ ਨੇ। ਮਹਾਨਗਰਾਂ ਦੇ ਲਾਲਬੱਤੀ ਵਿਹੜਿਆਂ ਵਿੱਚ ਇੱਜ਼ਤ ਸਸਤੀ ਐ ਤੇ ਰੋਟੀ ਮਹਿੰਗੀ! ਏਡਾ ਸਿਤਮ...ਸਮਾਜ ਸਰਾਪਿਆ ਗਿਐ। ਕੁਝ ਅਣਕਿਆਸੇ ਦਰਦਾਂ ਨੂੰ ਬਿਆਨ ਕਰਦੀ ਸ਼ਾਇਰਾ:
ਮੇਰੇ ਮੁਲਕ ’ਚ ਬੇਸ਼ੁਮਾਰ ਵਿਧਵਾਵਾਂ ਮਿਲਣਗੀਆਂ
ਜਿਨ੍ਹਾਂ ਦੇ ਪਤੀ ਜਿਊਂਦੇ ਨੇ।
ਸਿਆਣਿਆਂ ਦਾ ਕਥਨ ਹੈ ਕਿ ਔਰਤ ਤੋਂ ਬਿਨਾਂ ਪਰਿਵਾਰ ਤੇ ਸਮਾਜ ਅਧੂਰਾ ਹੈ। ਨਾਰੀ ਤੋਂ ਸੱਖਣਾ ਘਰ ‘ਤੂੜੀ ਵਾਲਾ ਕੋਠਾ’ ਹੀ ਰਹਿੰਦੈ। ਗ੍ਰਹਿਣੀ ਦੀ ਦੂਰ-ਦ੍ਰਿਸ਼ਟੀ ਹੀ ਉਸ ਦਾ ਸੁਹੱਪਣ ਹੈ। ਸ਼ਾਇਰ ਸੁਖਪਾਲ ਲਿਖਦਾ ਹੈ: “ਮਰਦ ਜਦੋਂ ਇਸਤਰੀ ਚੁਣਦਾ ਹੈ ਤਾਂ ਸਿਰਫ਼ ਇਸਤਰੀ ਨੂੰ ਵੇਖਦਾ ਹੈ। ਇਸਤਰੀ ਸਿਰਫ਼ ਮਰਦ ਨਹੀਂ, ਉਸ ਦੇ ਪਾਰ ਵਸਿਆ ਘਰ ਅਤੇ ਉਸ ਰਾਹੀਂ ਜਨਮ ਲੈਣ ਵਾਲੇ ਬੱਚੇ ਵੀ ਵੇਖਦੀ ਹੈ...ਮਨੁੱਖ ਨੂੰ ਬਚਾਈ ਰੱਖਣ ਲਈ ਇਸਤਰੀ ਨੂੰ ਘਰ ਚਾਹੀਦਾ ਹੈ। ਇਸੇ ਲਈ ਮਰਦ ਚੁਣਨ ਵੇਲੇ ਉਹ ਵੇਖਦੀ ਹੈ ਕਿ ਉਹ ਉਸ ਨੂੰ ‘ਘਰ’ ਦੇ ਸਕਦਾ ਹੈ ਕਿ ਨਹੀਂ।”
ਨਾਰੀ ਕੋਮਲਤਾ ਦੀ ਮੂਰਤ ਹੈ। ਜਨਮ ਤੋਂ ਲੈ ਕੇ ਧੀ, ਭੈਣ, ਪਤਨੀ ਤੇ ਮਾਂ ਦੇ ਰੂਪ ਵਿੱਚ ਉਸ ਨੇ ਆਪਾ ਪਿਛਾਂਹ ਸੁੱਟ ਕੇ, ਆਪਣੇ ਵਲਵਲਿਆਂ ਨੂੰ ਤਿਲਾਂਜਲੀ ਦੇ ਕੇ ਸਮਾਜ ਨੂੰ ਸੂਖਮਤਾ, ਸਹਿਜਤਾ ਅਤੇ ਸੰਵੇਦਨਸ਼ੀਲਤਾ ਦਾ ਪਾਠ ਪੜ੍ਹਾਇਆ ਹੈ। ਸੁਹਜ, ਸਲੀਕਾ ਉਸ ਦਾ ਵਡਮੁੱਲਾ ਅਸਾਸਾ ਹੈ। ਉਹ ਸੁਪਨੇ ਸਿਰਜਦੀ ਹੈ, ਪਰ ਸ਼ਿਸ਼ਟਾਚਾਰ ਦੀ ਚਾਰ-ਦੀਵਾਰੀ ਵਿੱਚ। ਉਸ ਦੀ ਉਮੰਗ ਅੰਬਰੀਂ ਉਡਾਰੀਆਂ ਮਾਰਦੀ ਹੈ, ਪਰ ਪੈਰ ਜ਼ਮੀਨੀ ਹਕੀਕਤਾਂ ਦੇ ਸਿਆੜਾਂ ਵਿੱਚ ਖੁੱਭੇ ਹੁੰਦੇ ਨੇ। ਟੱਬਰ ਦੇ ਜੀਆਂ ਵਿੱਚ ਆਪਣਾ ਭਵਿੱਖ ਨਜ਼ਰੀਂ ਪੈਂਦਾ। ਉਹ ਆਪਣੇ ਲਈ ਕਿਸੇ ਪਰੀ ਦੇਸ਼ ਦੀ ਅਭਿਲਾਸ਼ਾ ਨਹੀਂ ਰੱਖਦੀ, ਜਿੱਥੇ ਸੁੱਖ ਹੀ ਸੁੱਖ ਹੋਣ। ਉਸ ਦੇ ਸੁਪਨਿਆਂ ਦਾ ਰਾਜਕੁਮਾਰ ਨਿਜਾਰ ਕੱਬਾਨੀ ਦੀ ਅਰਬੀ ਕਵਿਤਾ ਵਿੱਚ ਵਿਚਰਦੈ:
ਔਰਤ ਅਮੀਰ ਮਰਦ ਨਹੀਂ ਚਾਹੁੰਦੀ
ਨਾ ਸੋਹਣਾ ਮਰਦ...ਨਾ ਕਵੀ।
ਉਹ ਚਾਹੁੰਦੀ ਹੈ ਅਜਿਹਾ ਮਰਦ
ਜੋ ਪੜ੍ਹ ਸਕੇ, ਉਸ ਦੀਆਂ ਅੱਖਾਂ ਨੂੰ
ਜਦੋਂ ਉਹ ਉਦਾਸ ਹੋਣ...
ਜਿਹੜਾ ਆਪਣੀ ਹਿੱਕ ’ਤੇ ਉਂਗਲ ਧਰੇ ਤੇ ਕਹੇ
“ਇੱਥੇ ਹੈ ਤੇਰੀ ਥਾਂ...ਤੇਰਾ ਦੇਸ਼।”
ਨਾਰੀ, ਸ੍ਰਿਸ਼ਟੀ ਦਾ ਯੁੱਗ ਪਲਟਾਊ ਕ੍ਰਿਸ਼ਮਾ ਵੀ ਹੈ। ਤਸਵੀਰ ਦੇ ਦੂਜੇ ਰੁਖ਼ ਫੌਲਾਦੀ ਜਜ਼ਬਿਆਂ ਦਾ ਹੜ੍ਹ ਹੈ। ਮਾਤਾ ਗੁਜਰੀ ਦੀ ਗੁੜ੍ਹਤੀ ਸੱਤ ਤੇ ਨੌਂ ਸਾਲ ਦੇ ‘ਬਾਬਿਆਂ’ ਨੂੰ ਜ਼ੁਲਮ ਦੀ ਇੰਤਹਾ ਨਾਲ ਅੱਖਾਂ ਵਿੱਚ ਅੱਖਾਂ ਪਾਉਣ ਦਾ ਨਾਂ ਹੈ। ਜਦੋਂ ਮਾਈ ਭਾਗੋ ਦੀ ਵੰਗਾਰ ਗੁਰੂ ਨੂੰ ਬੇਦਾਵਾ ਦੇਣ ਵਾਲਿਆਂ ਨੂੰ ਮਰਦਾਵੇਂ ਰੂਪ ਵਿੱਚ ਟੱਕਰਦੀ ਐ ਤਾਂ ਖਿਦਰਾਣੇ ਦੀ ਜੰਗ ਜਿੱਤੀ ਜਾਂਦੀ ਹੈ। ਜਦੋਂ ਬੀਬੀ ਗੁਲਾਬ ਕੌਰ ਆਪਣੇ ਡਰਪੋਕ ਪਤੀ ਦੇ ਪੈਰਾਂ ਵਿੱਚ ਚਾਬੀਆਂ ਦਾ ਗੁੱਛਾ ਸੁੱਟ ਕੇ ਗ਼ਦਰੀ ਬਾਬਿਆਂ ਦੇ ਸੰਗਰਾਮ ਦਾ ਹਿੱਸਾ ਬਣਦੀ ਹੈ, ਤਾਂ ਇਤਿਹਾਸ ਸੁਨਹਿਰੀ ਹੋ ਜਾਂਦੈ। ਅੱਜ ਔਰਤ ਅਬਲਾ ਵਾਲਾ ਅਕਸ ਪਿੱਛੇ ਛੱਡ ਕੇ ਖੜਗ ਭੁਜਾ ਵਾਲਾ ਅਵਤਾਰ ਧਾਰੀ ਬੈਠੀ ਐ। ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਉਹ ਦੋਇਮ ਨਹੀਂ। ਘਰ ਦੀ ਚਾਰ-ਦੀਵਾਰੀ ਨੂੰ ਉਲੰਘ ਕੇ ਉਹ ਮਰਦ ਦੇ ਬਰਾਬਰ ਖੜ੍ਹੀ ਦਿਖਾਈ ਦਿੰਦੀ ਹੈ। ਪੁਰਸ਼ ਦੀ ਇਜਾਰੇਦਾਰੀ ਟੁੱਟਣ ਕੰਢੇ ਐ। ਸ਼ਾਹੀਨ ਬਾਗ਼ ਦੀਆਂ ਦਾਦੀਆਂ, ਨਾਨੀਆਂ ਅਤੇ ਕਿਸਾਨ ਮੋਰਚੇ ਵਿਚਲੀਆਂ ਸੰਗਰਾਮਣਾਂ ਨੇ ਹਕੂਮਤ ਨੂੰ ਆਪਣੀ ਹੋਂਦ ਦੇ ਪ੍ਰਤੱਖ ਦਰਸ਼ਨ ਕਰਾਏ ਨੇ। ਅਨਪੜ੍ਹ ‘ਦਿਹਾੜੀਦਾਰ’ ਬੇਬੇ ਮਹਿੰਦਰ ਕੌਰ ਨੇ ਕੰਗਣਾ ਨੂੰ ਇਤਿਹਾਸ ਦਾ ਪਾਠ ਪੜ੍ਹਾਇਐ। ਨਤਾਸਾ ਨਰਵਾਲ, ਦੇਵਾਂਗਨਾ ਕਾਲਿਤਾ ਤੇ ਸਫੂਰਾ ਜ਼ਰਗਰ ਜ਼ਬਰ ਦੇ ਪਿੰਜਰੇ ਤੋੜਨ ਦੇ ਰਾਹ ਪਈਆਂ ਨੇ। ਆਇਸੀ ਘੋਸ਼ ਦੀ ਉੱਠੀ ਇੱਕੋ ਉਂਗਲ ਖ਼ਾਕੀ ਲਈ ਸਹਿਮ ਬਣੀ ਐ। ਸੁਧਾ ਭਾਰਦਵਾਜ ਅਤੇ ਰਾਣਾ ਆਯੂਬ ਨੂੰ ਲੋਹੇ ਦੀਆਂ ਸੀਖਾਂ ਡਰਾਉਣੋਂ ਹਟ ਗਈਆਂ ਨੇ। ਬੀਬੀ ਅਮਤੁਸ ਸਲਾਮ ਨੂੰ ਦੁਨੀਆ ਅੱਜ ਵੀ ਸਲਾਮ ਕਰਦੀ ਐ। ਮੈਕਸਿਮ ਗੋਰਕੀ ਦੀ ‘ਮਾਂ’ ਇਨਕਲਾਬਾਂ ਦੀ ਸੰਪੂਰਨ ਚੇਤਨਤਾ ਦਾ ਹਾਸਲ ਬਣੀ ਹੋਈ ਹੈ। ਅਤੀਤ ਅਤੇ ਵਰਤਮਾਨ ਦੀਆਂ ਵੀਰਾਂਗਣਾਂ ਦੀ ਫ਼ਹਿਰਿਸਤ ਬੜੀ ਲੰਮੀ ਹੈ। ਆਓ, ਭਵਿੱਖ ਦੀ ਸਿਰਜਣਾਤਮਿਕ ਸ਼ਕਤੀ ਪ੍ਰਤੀ ਚੇਤੰਨ ਹੋਈਏ ਅਤੇ ਜੂਲੀਆ ਅਲਵਰੇਜ਼ ਦੇ ਸ਼ਬਦਾਂ ਦਾ ਥਾਹ ਪਾਈਏ:
ਕੌਣ ਕਹਿੰਦਾ ਏ
ਕਿ ਔਰਤ ਦਾ ਕੰਮ ਉਚੇਰੀ ਕਲਾ ਨਹੀਂ
ਉਹ ਤਾਂ ਗ਼ੁਸਲਖ਼ਾਨਿਆਂ ਦੀਆਂ ਟਾਈਲਾਂ ਰਗੜਦਿਆਂ ਵੀ
ਆਪਣੇ ਆਪ ਨੂੰ ਵੰਗਾਰਦੀ ਏ
ਵੰਗਾਰਦੀ ਏ ਦਿਸਹੱਦਿਆਂ ਨੂੰ।
ਘਰ ਨੂੰ ਏਦਾਂ ਸਜਾ ਕੇ ਰੱਖਦੀ ਏ
ਜਿਵੇਂ ਇਸ ਦਾ ਸਿਰਨਾਵਾਂ
ਤੁਹਾਡਾ ਦਿਲ ਹੋਵੇ!
ਸੰਪਰਕ: 89684-33500