ਓਸ਼ੀਅਨਿਕ ਟੈਕਨਾਲੋਜਿਜ਼ ਤੇ ਚੰਡੀਗੜ੍ਹ ਹਸਪਤਾਲ ਵੱਲੋਂ ਵਿਸਾਖੀ ਸਿਹਤ ਮੇਲਾ
ਰੂਪਨਗਰ, 13 ਅਪਰੈਲ
ਇੱਥੇ ਅੱਜ ਰੂਪਨਗਰ-ਚੰਡੀਗੜ੍ਹ ਮਾਰਗ ਓਸ਼ੀਅਨਿਕ ਟੈਕਨਾਲੋਜਿਜ਼ ਅਤੇ ਚੰਡੀਗੜ੍ਹ ਹਸਪਤਾਲ ਵੱਲੋਂ ਸਾਂਝੇ ਤੌਰ ’ਤੇ ਵਿਸਾਖੀ ਸਿਹਤ ਮੇਲਾ ਕਰਵਾਇਆ ਗਿਆ। ਇਸ ਮੇਲੇ ਦੌਰਾਨ ਕੈਪਟਨ ਸੁਨੀਲ ਸ਼ਰਮਾ, ਸੰਸਥਾਪਕ-ਅਲੈਕਸਰੀਆ ਹੈਲਥਕੇਅਰ (ਚੰਡੀਗੜ੍ਹ ਹਸਪਤਾਲ ਦੀ ਮੂਲ ਕੰਪਨੀ) ਅਤੇ ਪ੍ਰਬੰਧ ਨਿਰਦੇਸ਼ਕ-ਓਸ਼ੀਅਨੀਕ ਟੈਕਨਾਲੋਜੀਜ਼ ਅਤੇ ਪ੍ਰੋ. ਜਸਪ੍ਰੀਤ ਪ੍ਰੀਤੀ ਸ਼ਾਹਿਦ, ਚੇਅਰਪਰਸਨ ਚੰਡੀਗੜ੍ਹ ਹਸਪਤਾਲ ਦੀ ਦੇਖ-ਰੇਖ ਅਧੀਨ ਲਗਾਏ ਗਏ ਕੈਂਪ ਦੌਰਾਨ ਨੇਤਰ ਵਿਗਿਆਨ, ਦੰਦਾਂ, ਫਿਜ਼ੀਓਥੈਰੇਪੀ, ਆਰਥੋਪੈਡਿਕਸ, ਚਮੜੀ ਵਿਗਿਆਨ ਅਤੇ ਗਾਇਨੀ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਲਗਭਗ 400 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।
ਹਸਪਤਾਲ ਪ੍ਰਬੰਧਕਾਂ ਤਰਫ਼ੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਸੁਨੀਲ ਸ਼ਰਮਾ, ਚੇਅਰਪਰਸਨ ਪ੍ਰੋ. ਜਸਪ੍ਰੀਤ ਪ੍ਰੀਤੀ ਸ਼ਾਹਿਦ ਅਤੇ ਓਸ਼ੀਅਨਿਕ ਟੈਕਨਾਲੋਜਿਜ਼ ਦੇ ਸੀਈਓ ਸੰਦੀਪ ਸੈਣੀ ਨੇ ਦੱਸਿਆ ਕਿ ਹਸਪਤਾਲ ਦੇ 10 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਪਿੰਡਾਂ ਦੇ ਮਰੀਜ਼ਾਂ ਨੂੰ ਦਵਾਈਆਂ ਵਿੱਚ 10 ਫ਼ੀਸਦੀ ਛੋਟ ਦਿੱਤੀ ਜਾਵੇਗੀ ਅਤੇ ਮਰੀਜ਼ਾਂ ਦੀ ਸਹੂਲਤ ਲਈ ਐਂਬੂਲੈਂਸ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਡਾ. ਸੁਰਿੰਦਰ ਪਾਲ ਐੱਮਡੀ ਮੈਡੀਸਨ, ਡਾ. ਧਰੁਵ ਵਸ਼ਿਸ਼ਟ ਐੱਮਐੱਸ ਆਰਥੋਪੈਡਿਕਸ, ਡਾ. ਮੋਨਿਕਾ ਅਗਰਵਾਲ ਗਾਇਨੀਕੋਲੋਜੀ ਅਤੇ ਪ੍ਰਸੂਤੀ ਵਿਗਿਆਨ, ਡਾ. ਦੀਕਸ਼ਿਤ ਗੋਇਲ ਐੱਮਡੀ ਚਮੜੀ ਵਿਗਿਆਨ, ਡਾ. ਸੁਧਾਕਰ ਯਾਦਵ ਨੇਤਰ ਰੋਗ ਵਿਗਿਆਨੀ, ਡਾ. ਪੁਸ਼ਕਿਨ ਸ਼ਰਮਾ ਐੱਮਬੀਬੀਐੱਸ ਮਾਸਟਰ ਆਫ਼ ਹਸਪਤਾਲ ਐਡਮਿਨਿਸਟ੍ਰੇਸ਼ਨ ਅਤੇ ਡਾ. ਚੇਤਨਾ ਕੋਤਵਾਲ ਬੀਏਐੱਮਐੱਸ, ਯੋਗ ਅਤੇ ਪੀਜੀਡੀ ਨੈਚਰੋਪੈਥੀ ਨੇ ਵਿਸ਼ੇਸ਼ ਯੋਗਦਾਨ ਪਾਇਆ।