ਐੱਨਆਰਆਈ ਕਤਲ: ਕਿਰਾਏਦਾਰ ਦੇ ਨਾਬਾਲਗ ਪੁੱਤਰ ਨੇ ਸਾੜੀ ਸੀ ਬਿਰਧ
ਗਗਨਦੀਪ ਅਰੋੜਾ
ਲੁਧਿਆਣਾ, 28 ਮਾਰਚ
ਹੈਬੋਵਾਲ ਦੇ ਰਘੁਬੀਰ ਪਾਰਕ ਇਲਾਕੇ ਵਿੱਚ ਰਹਿਣ ਵਾਲੀ ਅਮਰੀਕੀ ਨਾਗਰਿਕ ਨਰਿੰਦਰ ਕੌਰ ਨੂੰ ਉਸ ਦੇ ਕਿਰਾਏਦਾਰ ਦੇ ਨਾਬਾਲਗ ਪੁੱਤਰ ਨੇ ਸਾੜਿਆ ਸੀ। ਜਾਂਚ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲੀਸ ਨੇ ਨਾਬਾਲਗ ਵਿਰੁੱਧ ਕੇਸ ਦਰਜ ਕਰ ਕਰ ਕੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਹੈਬੋਵਾਲ ਨੂੰ ਸੰਗਮ ਚੌਕ ਨੇੜੇ ਗ੍ਰਿਫ਼ਤਾਰ ਕੀਤਾ। ਉਸਨੂੰ ਅਦਾਲਤ ਵਿੱਚ ਪੇਸ਼ ਕਰਨ ਅਤੇ ਬਾਲ ਸੁਧਾਰ ਘਰ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੂਜੇ ਪਾਸੇ ਪੋਸਟਮਾਰਟਮ ਤੋਂ ਬਾਅਦ ਨਰਿੰਦਰ ਕੌਰ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਹੈਬੋਵਾਲ ਥਾਣੇ ਦੇ ਐੱਸਐੱਚਓ ਇੰਸਪੈਕਟਰ ਮੱਧੂ ਬਾਲਾ ਨੇ ਦੱਸਿਆ ਕਿ 23 ਮਾਰਚ ਨੂੰ ਗਸ਼ਤ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਰਘੂਬੀਰ ਪਾਰਕ ਦੇ ਇੱਕ ਘਰ ਵਿੱਚ ਇੱਕ ਔਰਤ ਅੱਗ ਲਗਾ ਦਿੱਤੀ। ਜਿਸ ਤੋਂ ਬਾਅਦ ਪੁਲੀਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਔਰਤ ਨੂੰ ਹਸਪਤਾਲ ਲੈ ਗਈ। ਜਾਂਚ ਦੌਰਾਨ ਪਤਾ ਲੱਗਿਆ ਕਿ ਪੀੜਤ ਐੱਨਆਰਆਈ ਹੈ ਤੇ ਉਸ ਦਾ ਪਰਿਵਾਰ ਉੱਥੇ ਹੀ ਰਹਿੰਦਾ ਹੈ। ਪੁਲੀਸ ਨੇ ਪਰਿਵਾਰ ਨੂੰ ਸੂਚਿਤ ਕੀਤਾ ਤਾਂ ਉਸ ਦੀ ਧੀ ਰਵਿੰਦਰ ਕੌਰ ਭਾਰਤ ਪਹੁੰਚੀ। ਰਵਿੰਦਰ ਕੌਰ ਨੇ ਦੱਸਿਆ ਕਿ ਮਕਾਨ ਮਾਲਕ ਨੇ ਕਿਰਾਏ ਸਬੰਧੀ ਉਸ ਦੀ ਮਾਂ ਨਾਲ ਝਗੜਾ ਕੀਤਾ ਸੀ। ਉਸ ਨੇ ਸ਼ੱਕ ਜ਼ਾਹਰ ਕੀਤਾ ਕਿ ਕਿਰਾਏਦਾਰ ਨੇ ਇਹ ਕਤਲ ਕੀਤਾ ਹੈ। ਹੈਬੋਵਾਲ ਥਾਣੇ ਦੀ ਪੁਲੀਸ ਨੇ ਜਾਂਚ ਆਰੰਭੀ। ਇਸ ਦੌਰਾਨ ਸਾਹਮਣੇ ਆਇਆ ਕਿ ਕਿਰਾਏਦਾਰ ਦੇ ਨਾਬਾਲਗ ਪੁੱਤਰ ਨੇ ਪਹਿਲਾਂ ਬਜ਼ੁਰਗ ਨਰਿੰਦਰ ਕੌਰ ਨੂੰ ਧੱਕਾ ਦਿੱਤਾ ਤੇ ਫਿਰ ਉਸ ਦੀ ਕੁੱਟਮਾਰ ਕੀਤੀ। ਇਸ ਮਗਰੋਂ ਮੁਲਜ਼ਮ ਨੇ ਨਰਿੰਦਰ ਕੌਰ ’ਤੇ ਤੇਲ ਪਾ ਕੇ ਅੱਗ ਲਗਾ ਦਿੱਤੀ। ਇੰਸਪੈਕਟਰ ਮਧੂ ਬਾਲਾ ਨੇ ਦੱਸਿਆ ਕਿ ਮੁਲਜ਼ਮ ਨੂੰ ਸੰਗਮ ਚੌਕ ਨੇੜੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦਾ ਝਗੜਾ ਕਿਰਾਏ ਦੇ ਪੈਸੇ ਦੇਣ ਨੂੰ ਲੈ ਕੇ ਹੋਇਆ ਸੀ।