ਐਸੋਸੀਏਟ ਅਧਿਆਪਕ ਫਰੰਟ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ
ਪੱਤਰ ਪ੍ਰੇਰਕ
ਮਾਨਸਾ, 13 ਮਾਰਚ
ਐਸੋਸੀਏਟ ਅਧਿਆਪਕ ਫਰੰਟ ਮਾਨਸਾ ਵੱਲੋਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਫਰੰਟ ਦੇ ਆਗੂੂ ਅਮਰਿੰਦਰ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਦੀ ਸੇਵਾ ਨਿਭਾਅ ਰਹੇ ਸਿੱਖਿਆ ਪ੍ਰੋਵਾਈਡਰ (ਐਸੋਸੀਏਟ ਅਧਿਆਪਕ) ਨੂੰ ਬਿਆਨਾਂ ’ਚ ਰੈਗੂਲਰ ਕਰ ਦਿੱਤਾ ਜਦੋਂਕਿ ਅਸਲੀਅਤ ’ਚ ਅਜਿਹਾ ਨਹੀਂ ਕੀਤਾ, ਬਲਕਿ ਤਨਖਾਹ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਤਨਖਾਹ ਨੂੰ ਪੇ ਸਕੇਲ ਤਹਿਤ ਕਰਨ ਅੱਜ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿ ਇਸ ਮਸਲੇ ਨੂੰ ਸਰਕਾਰ ਨਾਲ ਬੈਠ ਕੇ ਸੁਲਝਾਉਣਾ ਚਾਹੁੰਦੇ ਹਾਂ ਅਤੇ ਉਹਨਾਂ ਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਉਣ ਵਾਲੀ 22 ਮਾਰਚ ਤੱਕ ਸਰਕਾਰ ਜਥੇਬੰਦੀ ਨੂੰ ਪੈਨਲ ਮੀਟਿੰਗ ਦੇਕੇ ਮੰਗਾਂ ਨੂੰ ਵਿਚਾਰ ਚਰਚਾ ਕਰੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਮੀਟਿੰਗ ਲਈ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਦੀ ਤਾਂ 23 ਮਾਰਚ ਨੂੰ ਐਸੋਸੀਏਟ ਅਧਿਆਪਕ ਫਰੰਟ ਪੰਜਾਬ ਦੇ ਝੰਡੇ ਹੇਠ ਸੰਗਰੂਰ ਵਿੱਚ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦੀ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ।