ਐਡਵਾਈਜ਼ਰੀ ਜਾਰੀ
ਪੰਚਕੂਲਾ: ਵਾਟਰ ਵਰਕਸ ਸੈਕਟਰ-39 ਚੰਡੀਗੜ੍ਹ ਤੋਂ ਐਮਈਐਸ ਚੰਡੀਮੰਦਰ ਤੱਕ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪਾਈਪਲਾਈਨ ਨੂੰ ਅਪਗ੍ਰੇਡ ਕਰਨ ਦਾ ਕੰਮ ਚੱਲ ਰਿਹਾ ਹੈ। ਇਸ ਕੰਮ ਕਾਰਨ, ਚੰਡੀਗੜ੍ਹ-ਪੰਚਕੂਲਾ ਹਾਈਵੇਅ ’ਤੇ ਪੀਰ ਬਾਬਾ ਦਰਗਾਹ ਨੇੜੇ ਸੜਕ ਦੋ ਦਿਨ ਬੰਦ ਰਹੇਗੀ। ਪੰਚਕੂਲਾ ਸ਼ਹਿਰ ਦੇ ਟਰੈਫਿਕ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਨੇ ਕਿਹਾ ਕਿ ਆਵਾਜਾਈ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣ ਅਤੇ ਟਰੈਫਿਕ ਜਾਮ ਤੋਂ ਬਚਣ ਲਈ ਚਾਲਕਾਂ ਨੂੰ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਚਕੂਲਾ ਤੋਂ ਚੰਡੀਗੜ੍ਹ ਜਾਣ ਵਾਲੇ ਚਾਲਕ ਐਮਡੀਸੀ ਲਾਈਟ ਤੋਂ ਕੂਹਣੀ ਸਾਹਿਬ ਗੁਰਦੁਆਰਾ ਅਤੇ ਡੌਲਫਿਨ ਚੌਕ ਰਾਹੀਂ ਚੰਡੀਗੜ੍ਹ ਜਾਣਾ ਚਾਹੀਦਾ ਹੈ। -ਪੱਤਰ ਪ੍ਰੇਰਕ
ਅੰਬੇਡਕਰ ਬਾਰੇ ਬਿਆਨ ਦੀ ਨਿਖੇਧੀ
ਫ਼ਤਹਿਗੜ੍ਹ ਸਾਹਿਬ: ਵਿਧਾਇਕ ਲਖਬੀਰ ਸਿੰਘ ਰਾਏ ਤੇ ਰੁਪਿੰਦਰ ਸਿੰਘ ਹੈਪੀ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੇ ਲਿਬੜਾ ਨੇ ਬੱਚਤ ਭਵਨ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਿਆਨ ’ਤੇ ਪ੍ਰੀਤਕਿਰਿਆ ਦਿੰਦਿਆਂ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਬਿਆਨ ਦੇਣ ਵਾਲੇ ਗੁਰਪਤਵੰਤ ਪੰਨੂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਾ. ਬੀਆਰ ਅੰਬੇਡਕਰ ਸਿਰਫ਼ ਦੱਬੇ ਕੁੱਚਲੇ ਲੋਕਾਂ ਦੇ ਮਸੀਹਾ ਹੀ ਨਹੀਂ ਬਲਕਿ ਇੱਕ ਯੁੱਗ ਪੁਰਸ਼ ਹੁੰਦੇ ਹੋਏ ਮਾਨਵਤਾ ਦੇ ਭਲੇ ਲਈ ਕੰਮ ਕਰਨ ਵਾਲੇ ਮਹਾਨ ਵਿਦਵਾਨ ਸਨ। ਉਨ੍ਹਾਂ ਕਿਹਾ ਕਿ ਪੰਨੂ ਜਾਣ-ਬੁੱਝ ਕੇ ਪੰਜਾਬ ਦੇ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। -ਨਿੱਜੀ ਪੱਤਰ ਪ੍ਰੇਰਕ
ਜਾਮ ਕਾਰਨ ਲੋਕ ਪ੍ਰੇਸ਼ਾਨ
ਅਮਲੋਹ: ਅਮਲੋਹ ਦੇ ਮੰਡੀ ਗੋਬਿੰਦਗੜ੍ਹ ਚੌਕ ਵਿਚ ਅਕਸਰ ਹੀ ਭਾਰੀ ਆਵਾਜਾਈ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਾਦਸੇ ਵਾਪਰਨ ਦਾ ਵੀ ਡਰ ਰਹਿੰਦਾ ਹੈ। ਇਸ ਚੌਕ ਤੋਂ ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਨਾਭਾ-ਪਟਿਆਲਾ ਨੂੰ ਸੜਕਾਂ ਜਾਂਦੀਆਂ ਹਨ ਅਤੇ ਸ਼ਾਮ ਸਮੇਂ ਤਾਂ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ਜਿਸ ਕਾਰਨ ਪੈਦਲ ਜਾਣ ਵਾਲੇ ਲੋਕਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੁਕਾਨਦਾਰਾਂ ਨੂੰ ਵੀ ਭਾਰੀ ਮੁਸ਼ਕਲ ਆ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਚੌਕ ਵਿਚ ਟਰੈਫਿਕ ਕਰਮਚਾਰੀ ਦੀ ਪੱਕੀ ਡਿਊਟੀ ਲਗਾਈ ਜਾਵੇ ਤਾਂ ਜੋਂ ਕੋਈ ਵੱਡਾ ਹਾਦਸਾ ਨਾ ਵਾਪਰੇ। -ਪੱਤਰ ਪ੍ਰੇਰਕ