ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮਾਣਿਆ ਕ੍ਰਿਕਟ ਮੈਚ ਦਾ ਆਨੰਦ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 15 ਅਪਰੈਲ
ਆਈਪੀਐੱਲ ਮੈਚ ਦੌਰਾਨ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਸਰਕਾਰੀ ਸਕੂਲਾਂ ਦੇ ਸੈਂਕੜੇ ਵਿਦਿਆਰਥੀ ਹਰ ਮੈਚ ਦਾ ਮੁਫ਼ਤ ਵਿੱਚ ਆਨੰਦ ਮਾਣਦੇ ਹਨ। ਇਨ੍ਹਾਂ ਸਕੂਲੀ ਵਿਦਿਆਰਥੀਆਂ ਨੂੰ ਸਟੇਡੀਅਮ ਤੱਕ ਲਿਆਉਣ ਅਤੇ ਛੱਡਣ ਲਈ ਬੱਸਾਂ ਦੇ ਪ੍ਰਬੰਧ ਤੋਂ ਇਲਾਵਾ, ਖਾਣ-ਪੀਣ ਦਾ ਸਾਮਾਨ, ਪੰਜਾਬ ਕਿੰਗਜ਼ ਟੀਮ ਦੇ ਨਿਸ਼ਾਨ ਵਾਲੀਆਂ ਟੀ-ਸ਼ਰਟਾਂ ਵੀ ਮੁਹੱਈਆ ਕਰਾਈਆਂ ਜਾਂਦੀਆਂ ਹਨ। ਹਰ ਮੈਚ ਵਿਚ ਬਦਲ-ਬਦਲ ਕੇ ਸਕੂਲਾਂ ਦੇ ਬੱਚਿਆਂ ਨੂੰ ਲਿਆਇਆ ਜਾ ਰਿਹਾ ਹੈ।
ਅੱਜ ਸਰਕਾਰੀ ਹਾਈ ਸਕੂਲ ਸਨੇਟਾ, ਸਰਕਾਰੀ ਹਾਈ ਸਕੂਲ ਦੇਸੂਮਾਜਰਾ, ਸਰਕਾਰੀ ਹਾਈ ਸਕੂਲ ਨੱਗਲ ਸਲੇਮਪੁਰ, ਸਰਕਾਰੀ ਮਿਡਲ ਸਕੂਲ ਬੈਰੋਂਪੁਰ ਸਮੇਤ ਕਈਂ ਹੋਰ ਸਕੂਲਾਂ ਦੇ ਪੰਜ ਸੌ ਤੋਂ ਵੱਧ ਸਕੂਲੀ ਵਿਦਿਆਰਥੀ ਮੈਚ ਦੇਖਣ ਪਹੁੰਚੇ। ਸਰਕਾਰੀ ਹਾਈ ਸਕੂਲ ਸਨੇਟਾ ਦੀ ਮੁੱਖ ਅਧਿਆਪਕਾ ਸ਼ੁੱਭਵੰਤ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਮੁਫ਼ਤ ਮੈਚ ਦਿਖਾਉਣ ਅਤੇ ਹੋਰ ਪ੍ਰਬੰਧ ਪੰਜਾਬ ਕਿੰਗਜ਼ ਦੇ ਸਹਿ-ਮਾਲਕ ਨੈੱਸ ਵਾਡੀਆ ਵੱਲੋਂ ਚਲਾਈ ਜਾ ਰਹੀ ਐਨਜੀਓ ਨਮਹੋ ਦਾਨ ਵੱਲੋਂ ਕੀਤਾ ਗਿਆ ਹੈ। ਇੱਥੇ ਹੋਏ ਪਹਿਲੇ ਦੋ ਮੈਚਾਂ ਵਾਂਗ ਅੱਜ ਤੀਜੇ ਮੈਚ ਵਿੱਚ ਵੀ ਦਰਸ਼ਕਾਂ ਦੀ ਭਾਰੀ ਭੀੜ ਜੁੜੀ। ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਮੁਹਾਲੀ ਦੇ ਐਸਐਸਪੀ ਦੀਪਕ ਪਾਰਿਕ ਵੱਲੋਂ ਖ਼ੁਦ ਸਾਰੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਏਅਰਪੋਰਟ ਰੋਡ ਤੋਂ ਸਟੇਡੀਅਮ ਵੱਲ ਆਉਂਦੀ ਸੜਕ ਉੱਤੇ ਅੱਜ ਵੀ ਜਾਮ ਵਰਗੀ ਸਥਿਤੀ ਬਣੀ ਰਹੀ।
ਮੁਹਾਲੀ ਦੇ ਰਮਨਦੀਪ ਨੇ ਜਿੱਤੇ ਦਰਸ਼ਕਾਂ ਦੇ ਦਿਲ
ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡ ਰਹੇ ਗੇਂਦਬਾਜ਼ ਮੁਹਾਲੀ ਦੇ ਰਮਨਦੀਪ ਸਿੰਘ ਨੇ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ। ਉਨ੍ਹਾਂ ਪੰਜਾਬ ਦੇ ਤਿੰਨ ਸਲਾਮੀ ਬੱਲੇਬਾਜ਼ਾਂ ਪ੍ਰਿਯਾਂਸ ਆਰੀਆ, ਪ੍ਰਭਸਿਮਰਨ ਸਿੰਘ ਅਤੇ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਆਊਟ ਕੀਤਾ।