ਖਰੜ ਕੌਂਸਲ ਪ੍ਰਧਾਨ ਖ਼ਿਲਾਫ਼ ਈਓ ਨੂੰ ਮੰਗ ਪੱਤਰ
ਸ਼ਸ਼ੀ ਪਾਲ ਜੈਨ
ਖਰੜ, 23 ਅਪਰੈਲ
ਨਗਰ ਕੌਂਸਲ ਖਰੜ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੂੰ ਉਨ੍ਹਾਂ ਦੇ ਅਹੁਦੇ ਤੋਂ ਲਾਉਣ ਲਈ ਅੱਜ 18 ਕੌਂਸਲਰਾਂ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਵੀ ਜਿੰਦਲ ਨੂੰ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਲੌਂਗੀਆ ਤੋਂ ਉਨ੍ਹਾਂ ਦਾ ਭਰੋਸਾ ਉੱਠ ਗਿਆ ਹੈ। ਇਸ ਲਈ ਜਲਦੀ ਮੀਟਿੰਗ ਬੁਲਾ ਕੇ ਬੇਭਰੋਸਗੀ ਦੇ ਮਤੇ ’ਤੇ ਵਿਚਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਧਾਨ ਆਪਣਾ ਬਹੁਮਤ ਸਿੱਧ ਕਰੇ।
ਸਾਬਕਾ ਪ੍ਰਧਾਨ ਅੰਜੂ ਚੰਦਰ ਅਤੇ ਕੌਂਸਲਰ ਰਾਮ ਸਰੂਪ ਸ਼ਰਮਾ ਨੇ ਕਿਹਾ ਕਿ ਸ਼ਹਿਰ ’ਚ ਸਹੀ ਤਰੀਕੇ ਨਾਲ ਵਿਕਾਸ ਨਹੀਂ ਹੋ ਰਿਹਾ। ਉਨ੍ਹਾਂ ਦਾ ਇਹ ਕਦਮ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖ ਕੇ ਉੱਠਿਆ ਹੈ। ਇਸ ਬੇਭਰੋਸਗੀ ਦੇ ਮਤੇ ’ਤੇ ਵਾਰਡ ਨੰਬਰ 1 ਤੋਂ ਸਰਬਜੀਤ ਕੌਰ, ਵਾਰਡ ਨੰਬਰ-3 ਤੋਂ ਗੁਰਦੀਪ ਕੌਰ, ਵਾਰਡ ਨੰਬਰ-4 ਤੋਂ ਗੋਬਿੰਦਰ ਸਿੰਘ ਚੀਮਾ, ਵਾਰਡ 5 ਤੋਂ ਪਰਮਜੀਤ ਕੌਰ, ਵਾਰਡ 6 ਤੋਂ ਰਾਜਿੰਦਰ ਸਿੰਘ ਨੰਬਰਦਾਰ, ਵਾਰਡ 10 ਅਤੇ 11 ਤੋਂ ਹਰਿੰਦਰ ਪਾਲ ਜੌਲੀ ਅਤੇ ਨਮਿਤਾ ਜੌਲੀ, ਵਾਰਡ 12 ਤੋਂ ਰਾਜਵੀਰ ਸਿੰਘ ਰਾਜੀ, ਵਾਰਡ 13 ਤੋਂ ਜਸਵੀਰ ਕੌਰ, ਵਾਰਡ 14 ਤੋਂ ਸੋਹਣ ਸਿੰਘ, ਵਾਰਡ 16 ਤੋਂ ਅੰਜੂ ਚੰਦਰ, ਵਾਰਡ 17 ਤੋਂ ਕਰਮਜੀਤ ਕੌਰ, ਵਾਰਡ 18 ਤੋਂ ਗੁਰਜੀਤ ਸਿੰਘ ਗੱਗੀ, ਵਾਰਡ 21 ਸ਼ਿਵਾਨੀ ਚੱਢਾ, ਵਾਰਡ 22 ਤੋਂ ਵਨੀਤ ਜੈਨ, ਵਾਰਡ 24 ਤੋਂ ਰਾਮ ਸਰੂਪ ਸ਼ਰਮਾ, ਵਾਰਡ 25 ਤੋਂ ਜਸਲੀਨ ਕੌਰ ਤੇ ਵਾਰਡ ਨੰਬਰ-27 ਤੋਂ ਜਸਵੀਰ ਸਿੰਘ ਦੇ ਦਸਤਖ਼ਤ ਹਨ।
ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਵੀ ਜਿੰਦਲ ਨੇ ਕਿਹਾ ਕਿ ਉਨ੍ਹਾਂ ਨੂੰ 18 ਮੈਂਬਰਾਂ ਦੇ ਦਸਤਖ਼ਤਾਂ ਵਾਲਾ ਪੱਤਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਉਹ ਜਲਦੀ ਹੀ ਕਾਨੂੰਨੀ ਪ੍ਰਕਿਰਿਆ ਲਈ ਕਾਰਵਾਈ ਕਰ ਰਹੇ ਹਨ।