ਉਰਦੂ ਹੈ ਜਿਸਕਾ ਨਾਮ...
ਅਰਵਿੰਦਰ ਜੌਹਲ
ਅਸੀਂ ਕਿਹੋ ਜਿਹੇ ਉਦਾਸ ਸਮਿਆਂ ਵਿੱਚ ਜਿਉਂ ਰਹੇ ਹਾਂ ਜਦੋਂ ਭਾਸ਼ਾਵਾਂ ਨੂੰ ਵੀ ਅਦਾਲਤਾਂ ਦੇ ਚੱਕਰ ਲਾਉਣੇ ਪੈ ਰਹੇ ਹਨ, ਪਹਿਲਾਂ ਹੇਠਲੀ ਅਦਾਲਤ ਅਤੇ ਫਿਰ ਦੇਸ਼ ਦੀ ਸਰਬਉੱਚ ਅਦਾਲਤ ਵਿੱਚ। ਇੱਥੇ ਜਿਹੜੀ ਭਾਸ਼ਾ ਨਿਸ਼ਾਨੇ ’ਤੇ ਹੈ ਉਹ ਹੈ ਉਰਦੂ, ਜਿਸ ਬਾਰੇ ਦਾਗ਼ ਦੇਹਲਵੀ ਦਾ ਕਹਿਣਾ ਹੈ:
ਉਰਦੂ ਹੈ ਜਿਸਕਾ ਨਾਮ ਹਮ ਜਾਨਤੇ ਹੈਂ ਦਾਗ਼,
ਹਿੰਦੋਸਤਾਨ ਮੇਂ ਧੂਮ ਹਮਾਰੀ ਜ਼ਬਾਂ ਕੀ ਹੈ।
ਇਹ ਵੀ ਭਲੀ ਰਹੀ ਕਿ ਸਰਬਉੱਚ ਅਦਾਲਤ ਨੇ ਉਰਦੂ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤੀ ਲੋਕਾਂ ਨੂੰ ਬਹੁਤ ਸਹੀ ਸੁਨੇਹਾ ਦਿੰਦਿਆਂ ਸੰਕੀਰਨ ਮਾਨਸਿਕਤਾ ਤੋਂ ਛੁਟਕਾਰਾ ਪਾਉਣ ਦੀ ਨਸੀਹਤ ਦਿੱਤੀ ਹੈ। ਗੱਲ ਸੋਚਣ ਵਾਲੀ ਤਾਂ ਹੈ ਕਿ ਸਾਡੀ ਮਾਨਸਿਕਤਾ ਨੂੰ ਇਹ ਕੇਹੀ ਅਲਾਮਤ ਨੇ ਘੇਰ ਲਿਆ ਹੈ ਕਿ ਅਸੀਂ ਆਪਣੀ ਪੁਰਾਣੀ, ਅਮੀਰ ਤੇ ਮਿੱਠੀ ਜ਼ੁਬਾਨ ਨੂੰ ਹੁਣ ਸੁਣਨਾ ਅਤੇ ਲਿਖਿਆ ਦੇਖਣਾ ਵੀ ਪਸੰਦ ਨਹੀਂ ਕਰਦੇ। ਇਹ ਉਹ ਭਾਸ਼ਾ ਹੈ ਜਿਸ ਵਿੱਚ ਮਿਰਜ਼ਾ ਗ਼ਾਲਿਬ, ਮੀਰ ਤਕੀ ਮੀਰ, ਫ਼ੈਜ਼ ਅਹਿਮਦ ਫ਼ੈਜ਼, ਅਹਿਮਦ ਫਰਾਜ਼ ਅਤੇ ਸਾਹਿਰ ਲੁਧਿਆਣਵੀ ਜਿਹੇ ਸ਼ਾਇਰਾਂ ਨੇ ਆਪਣਾ ਕਲਾਮ ਕਿਹਾ ਹੈ। ਹਰ ਤਰ੍ਹਾਂ ਦੀ ਸਥਿਤੀ ਤੇ ਹਾਲਾਤ ਮੁਤਾਬਿਕ ਆਪਣੀ ਗੱਲ ਕਹਿਣ ਲਈ ਅਸੀਂ ਉਰਦੂ ਸ਼ਾਇਰਾਂ ਦੇ ਸ਼ਿਅਰਾਂ ਦਾ ਇਸਤੇਮਾਲ ਕਰਦੇ ਹਾਂ ਪਰ ਹੁਣ ਅਸੀਂ ਉਸੇ ਭਾਸ਼ਾ ਖ਼ਿਲਾਫ਼ ਮੋਰਚਾ ਖੋਲ੍ਹ ਲਿਆ ਹੈ। ਆਖ਼ਰ ਇਸ ਖ਼ੂਬਸੂਰਤ ਜ਼ੁਬਾਨ ਨੂੰ ਨਫ਼ਰਤ ਕਰਨ ਦਾ ਹੱਕ ਸਾਨੂੰ ਕਿੱਥੋਂ ਅਤੇ ਕਿਵੇਂ ਮਿਲ ਗਿਆ? ਸਾਡੇ ਸਮਿਆਂ ਦਾ ਇਹ ਬਹੁਤ ਕੋਝਾ ਮਜ਼ਾਕ ਹੈ ਕਿ ਭਾਸ਼ਾਵਾਂ ਨੂੰ ਧਰਮਾਂ ਨਾਲ ਜੋੜ ਦਿੱਤਾ ਗਿਆ ਹੈ।
ਇਸ ਦੇ ਬਾਵਜੂਦ ਤਸੱਲੀ ਵਾਲੀ ਗੱਲ ਇਹ ਹੈ ਕਿ ਬੌਂਬੇ ਹਾਈ ਕੋਰਟ ਤੋਂ ਬਾਅਦ ਜਦੋਂ ਉਰਦੂ ਦੀ ਬੇਦਖ਼ਲੀ ਦਾ ਮਾਮਲਾ ਸੁਪਰੀਮ ਕੋਰਟ ਪੁੱਜਿਆ ਤਾਂ ਦੋ ਮਾਣਯੋਗ ਜੱਜਾਂ ਨੇ ਨਿਆਂ ਪ੍ਰਣਾਲੀ ਦੇ ਮਾਣ ਨੂੰ ਕਾਇਮ ਰੱਖਦਿਆਂ ਇਸ ਲਾਸਾਨੀ ਭਾਸ਼ਾ ਦੇ ਹੱਕ ’ਚ ਫ਼ੈਸਲਾ ਹੀ ਨਹੀਂ ਦਿੱਤਾ ਸਗੋਂ ਸਾਡੇ ਸਮਿਆਂ ਦੀਆਂ ਬੌਣੀਆਂ ਸਚਾਈਆਂ ਦੇ ਉਲਟ ਬਹੁਤ ਖ਼ੂਬਸੂਰਤ ਅਲਫ਼ਾਜ਼ ’ਚ ਸੰਖੇਪ ਅਤੇ ਸਪੱਸ਼ਟ ਰੂਪ ’ਚ ਸਮੁੱਚੀ ਸਚਾਈ ਨੂੰ ਬਿਆਨ ਕੀਤਾ ਹੈ। ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ’ਚ ਪਾਤੂਰ ਮਿਉਂਸਿਪਲ ਕੌਂਸਲ ਦੀ ਸਾਬਕਾ ਕੌਂਸਲਰ ਵਰਸ਼ਾਤਾਈ ਬਾਗੜੇ ਨੇ ਪਹਿਲਾਂ ਤਾਂ ਕੌਂਸਲ ਨੂੰ ਕਿਹਾ ਕਿ ਉਹ ਉਰਦੂ ਨੂੰ ਸਾਈਨ ਬੋਰਡ ਤੋਂ ਹਟਾ ਦੇਵੇ ਪਰ ਕੌਂਸਲ ਨੇ ਉਸ ਦੀ ਮੰਗ ਰੱਦ ਕਰ ਦਿੱਤੀ ਕਿਉਂਕਿ ਉੱਥੇ 1956 ਤੋਂ ਹੀ ਸਾਈਨ ਬੋਰਡ ਉੱਤੇ ਉਰਦੂ ਲਿਖੀ ਜਾ ਰਹੀ ਸੀ। ਮਿਉਂਸਿਪਲ ਕੌਂਸਲ ਦਾ ਕਹਿਣਾ ਸੀ ਕਿ ਸਥਾਨਕ ਲੋਕ ਇਸ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਜਿਸ ਭਾਸ਼ਾ ਨੂੰ ਲਿਖਣ ’ਤੇ 1956 ਤੋਂ ਬਾਅਦ ਅੱਜ ਤੱਕ ਕੋਈ ਇਤਰਾਜ਼ ਨਹੀਂ ਕੀਤਾ ਗਿਆ, ਉੱਥੇ ਅਚਾਨਕ ਅਜਿਹਾ ਕੀ ਵਾਪਰ ਗਿਆ ਕਿ ਅੱਜ ਵਰਸ਼ਾਤਾਈ ਜਿਹੇ ਲੋਕ ਉਰਦੂ ’ਚ ਲਿਖੇ ਸਾਈਨ ਬੋਰਡ ਨਹੀਂ ਦੇਖਣਾ ਚਾਹੁੰਦੇ। ਸ਼ਾਇਦ ਇਹ ਸਿਆਸੀ ਲਾਹੇ ਲਈ ਸਿਰਜੇ ਗਏ ‘ਹਿੰਦੂ ਮੁਸਲਮਾਨ’ ਬਿਰਤਾਂਤ ਦਾ ਹੀ ਇੱਕ ਹੋਰ ਨਵਾਂ ਰੂਪ ਹੈ। ਨਗਰ ਨਿਗਮ ਦੇ ਨਾ ਮੰਨਣ ’ਤੇ 2021 ’ਚ ਵਰਸ਼ਾਤਾਈ ਨੇ ਬੌਂਬੇ ਹਾਈਕੋਰਟ ਦਾ ਬੂਹਾ ਜਾ ਖੜਕਾਇਆ। ਉੱਥੇ ਪਟੀਸ਼ਨ ਰੱਦ ਹੋਣ ਮਗਰੋਂ ਉਸ ਨੇ ਸੁਪਰੀਮ ਕੋਰਟ ਦਾ ਰਾਹ ਫੜਿਆ ਜਿੱਥੇ ਉਸ ਨੇ ਉਰਦੂ ਨੂੰ ਹਟਾਉਣ ਦੇ ਹੱਕ ’ਚ ਇਹ ਦਲੀਲ ਵੀ ਦਿੱਤੀ ਕਿ ਇਸ ਦੀ ਵਰਤੋਂ ਨਾਲ ਮਹਾਰਾਸ਼ਟਰ ਦੇ ਸਰਕਾਰੀ ਭਾਸ਼ਾ ਕਾਨੂੰਨ ਦੀ ਉਲੰਘਣਾ ਹੁੰਦੀ ਹੈ। ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਉਰਦੂ ਦੇ ਹੱਕ ’ਚ ਫ਼ੈਸਲਾ ਸੁਣਾਉਂਦਿਆਂ ਇਸ ਦੀ ਮੌਜੂਦਾ ਸਥਿਤੀ ਬਿਆਨਦੀ ਇੱਕ ਬਹੁਤ ਖ਼ੂਬਸੂਰਤ ਨਜ਼ਮ ਪੜ੍ਹੀ :
ਉਰਦੂ ਹੈ ਮੇਰਾ ਨਾਮ, ਮੈਂ ਖੁਸਰੋ ਕੀ ਪਹੇਲੀ
ਕਿਉਂ ਮੁਝਕੋ ਬਨਾਤੇ ਹੋ ਤੁਅੱਸੁਬ ਕਾ ਨਿਸ਼ਾਨਾ
ਮੈਨੇ ਤੋਂ ਕਭੀ ਖ਼ੁਦ ਕੋ ਮੁਸਲਮਾਨ ਨਹੀਂ ਮਾਨਾ
ਦੇਖਾ ਥਾ ਕਭੀ ਮੈਨੇ ਭੀ ਖ਼ੁਸ਼ੀਓਂ ਕਾ ਜ਼ਮਾਨਾ
ਅਪਨੇ ਹੀ ਵਤਨ ਮੇਂ ਹੂੰ ਮਗਰ ਆਜ ਅਕੇਲੀ
ਭਾਰਤੀ ਉਪ-ਮਹਾਂਦੀਪ ’ਚ ਪੈਦਾ ਹੋਈ ਉਰਦੂ ਦੱਖਣੀ ਏਸ਼ੀਆ ਦੀ ਮਹੱਤਵਪੂਰਨ ਜ਼ੁਬਾਨ ਵਜੋਂ ਉੱਭਰੀ। ਜੱਜਾਂ ਨੇ ਆਪਣੇ ਫ਼ੈਸਲੇ ਵਿੱਚ ਇਸ ਗੱਲ ਨੂੰ ਰੇਖਾਂਕਿਤ ਕੀਤਾ ਹੈ ਕਿ ਉਰਦੂ ਭਾਰਤ ਦੀ ਛੇਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਜ਼ੁਬਾਨ ਹੈ। ਇਹ ਦੇਸ਼ ਦੇ ਲਗਭਗ ਸਾਰੇ ਖੇਤਰਾਂ ’ਚ ਬੋਲੀ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਭਾਸ਼ਾ ਦਾ ਆਧਾਰ ਸੰਚਾਰ ਹੈ ਨਾ ਕਿ ਪਛਾਣ ਦੀ ਰਾਜਨੀਤੀ।
ਅੱਜ ਦੇਸ਼ ਵਿੱਚ ਭਾਸ਼ਾਵਾਂ ਨੂੰ ਧਰਮ ਅਤੇ ਪਛਾਣ ਦੀ ਰਾਜਨੀਤੀ ਨਾਲ ਜੋੜਿਆ ਜਾ ਰਿਹਾ ਹੈ। ਉਰਦੂ ਨੂੰ ਮੁਸਲਮਾਨ ਭਾਈਚਾਰੇ ਨਾਲ ਜੋੜ ਕੇ ਘੱਟਗਿਣਤੀਆਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਤੋਂ ਬਾਅਦ ਹੁਣ ਭਾਸ਼ਾ ਨੂੰ ਵੀ ਘੇਰਾ ਪਾ ਲਿਆ ਗਿਆ ਸੀ ਪਰ ਸੁਪਰੀਮ ਕੋਰਟ ਦੇ ਇਸ ਨਿਆਂਉੱਚਿਤ ਫ਼ੈਸਲੇ ਨੇ ਸਾਨੂੰ ਭਾਸ਼ਾਈ ਨਫ਼ਰਤ ਦੇ ਸੰਘਣੇ ਹਨੇਰੇ ’ਚ ਗਰਕਣ ਤੋਂ ਬਚਾ ਲਿਆ ਹੈ। ਸੁਪਰੀਮ ਕੋਰਟ ਦਾ ਸਾਫ਼ ਕਹਿਣਾ ਹੈ ਕਿ ਭਾਸ਼ਾ ਕਿਸੇ ਵੀ ਸੂਰਤ ’ਚ ਲੋਕਾਂ ’ਚ ਵੰਡੀਆਂ ਪਾਉਣ ਦਾ ਕਾਰਨ ਨਹੀਂ ਬਣਨੀ ਚਾਹੀਦੀ। ਕੋਈ ਵੀ ਭਾਸ਼ਾ ਕਿਸੇ ਇੱਕ ਧਰਮ ਦੀ ਨਹੀਂ ਹੁੰਦੀ। ਉਰਦੂ ਭਾਰਤ ’ਚ ਹੀ ਪੈਦਾ ਹੋਈ ਭਾਸ਼ਾ ਹੈ ਜੋ ਦੇਸ਼ ਦੀ ਗੰਗਾ-ਜਮਨੀ ਤਹਿਜ਼ੀਬ ਦੀ ਨੁਮਾਇੰਦਗੀ ਕਰਦੀ ਹੈ। ਸੁਪਰੀਮ ਕੋਰਟ ਨੂੰ ਇਹ ਕਹਿਣਾ ਪਿਆ ਕਿ ਸਾਨੂੰ ਦੇਸ਼ ਦੀ ਵਿਭਿੰਨਤਾ ਅਤੇ ਖ਼ਾਸ ਕਰ ਕੇ ਭਾਸ਼ਾਈ ਵਿਭਿੰਨਤਾ ਦਾ ਸਨਮਾਨ ਕਰਨਾ ਚਾਹੀਦਾ ਹੈ, ਹਾਲਾਂਕਿ ਕੌਮਾਂਤਰੀ ਮੰਚਾਂ ’ਤੇ ਅਸੀਂ ਆਪਣੇ ਦੇਸ਼ ਦੀ ਵਿਭਿੰਨਤਾ ਨੂੰ ਲੈ ਕੇ ਵੱਡੀਆਂ ਵੱਡੀਆਂ ਡੀਂਗਾਂ ਮਾਰਦੇ ਹਾਂ ਪਰ ਹਕੀਕਤ ਕੁਝ ਹੋਰ ਹੀ ਬਿਆਨਦੀ ਹੈ।
ਉਰਦੂ ਜਿਹੀ ਮਿੱਠੀ ਜ਼ੁਬਾਨ ਨੂੰ ਬਹਾਨਾ ਬਣਾ ਕੇ ਵੀ ਫ਼ਿਰਕਾਪ੍ਰਸਤੀ ਦੀ ਜ਼ਹਿਰ ਹੀ ਘੋਲੀ ਜਾ ਰਹੀ ਹੈ। ਪਤਾ ਨਹੀਂ ਵਰਸ਼ਾਤਾਈ ਜਿਹੇ ਲੋਕਾਂ ਦੀ ਜ਼ਹਿਨੀਅਤ ਕਿਸ ਕਿਸਮ ਦੀ ਹੈ ਜੋ ਕਿਸੇ ਇਨਸਾਨ, ਮਜ਼ਹਬ ਅਤੇ ਭਾਸ਼ਾ ਨੂੰ ਸਤਿਕਾਰ ਦੇਣਾ ਨਹੀਂ ਜਾਣਦੇ। ਉਨ੍ਹਾਂ ਲਈ ਸਿਰਫ਼ ਆਪਣਾ ਧਰਮ, ਭਾਸ਼ਾ ਅਤੇ ਵਜੂਦ ਹੀ ਸਰਵੋਤਮ ਹੈ। ਜੇ ਤੁਸੀਂ ਕਿਸੇ ਦੂਜੇ ਦੇ ਮਜ਼ਹਬ ਤੇ ਭਾਸ਼ਾ ਦਾ ਸਤਿਕਾਰ ਨਹੀਂ ਕਰਦੇ ਤਾਂ ਸਾਫ਼ ਹੈ ਕਿ ਤੁਸੀਂ ਆਪਣੇ ਧਰਮ ਅਤੇ ਬੋਲੀ ਪ੍ਰਤੀ ਵੀ ਸੁਹਿਰਦ ਨਹੀਂ ਕਿਉਂਕਿ ਕੋਈ ਵੀ ਧਰਮ ਜਾਂ ਬੋਲੀ ਨਫ਼ਰਤ ਦਾ ਪਾਠ ਨਹੀਂ ਪੜ੍ਹਾਉਂਦੀ, ਇਹ ਤਾਂ ਅਜਿਹੇ ਹਨੇਰਾ ਢੋਣ ਵਾਲੇ ਲੋਕ ਨੇ ਜੋ ਚਾਰੋਂ ਪਾਸੇ ਨਫ਼ਰਤਾਂ ਖਿਲਾਰਦੇ ਹਨ।
ਜਿੱਥੋਂ ਤੱਕ ਉਰਦੂ ਨਾਲ ਮੇਰੀ ਜਾਣ-ਪਛਾਣ ਦੀ ਗੱਲ ਹੈ ਤਾਂ ਮੇਰੇ ਮਾਂ ਅਤੇ ਪਿਉ ਦੋਵੇਂ ਉਰਦੂ ਜਾਣਦੇ ਸਨ। ਮੇਰੇ ਪਿਤਾ ਤਾਂ ਆਪਣੀ ਨਿੱਜੀ ਡਾਇਰੀ ਅਤੇ ਹੋਰ ਸਾਰਾ ਹਿਸਾਬ-ਕਿਤਾਬ ਉਰਦੂ ’ਚ ਹੀ ਲਿਖਦੇ ਸਨ। ਲੋੜ ਪੈਣ ’ਤੇ ਸ਼ਾਇਦ ਕਿਤੇ ਦਸਤਖ਼ਤ ਕਰਨ ਵੇਲੇ ਆਪਣਾ ਨਾਂ ਪੰਜਾਬੀ ’ਚ ਲਿਖਣ ਤੋਂ ਇਲਾਵਾ ਮੈਂ ਉਨ੍ਹਾਂ ਨੂੰ ਹਮੇਸ਼ਾ ਉਰਦੂ ਲਿਖਦੇ ਦੇਖਿਆ। ਮੇਰੀ ਮਾਂ ਅਧਿਆਪਕਾ ਤਾਂ ਪੰਜਾਬੀ ਦੀ ਸੀ ਪਰ ਉਨ੍ਹਾਂ ਨੂੰ ਉਰਦੂ ’ਤੇ ਵੀ ਓਨੀ ਹੀ ਮੁਹਾਰਤ ਹਾਸਲ ਸੀ। ਸਾਡੇ ਮੁਹੱਲੇ ਵਿੱਚ ਬਹੁਤ ਸਾਰੇ ਪਰਿਵਾਰ ਅਜਿਹੇ ਸਨ ਜੋ ਵੰਡ ਮਗਰੋਂ ਪਾਕਿਸਤਾਨ ਵਾਲੇ ਪਾਸਿਓਂ ਉੱਜੜ ਕੇ ਆਏ ਸਨ। ਸ਼ਾਮ ਵੇਲੇ ਮੈਂ ਕਈ ਵਾਰ ਦੇਖਦੀ ਕਿ ਉਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਨਾਲੇ ਤਾਂ ਉਰਦੂ ’ਚ ਆਪਣੀਆਂ ਚਿੱਠੀਆਂ ਉਨ੍ਹਾਂ ਤੋਂ ਪੜ੍ਹਾ ਕੇ ਲਿਜਾਂਦੀਆਂ ਤੇ ਨਾਲ ਹੀ ਉਨ੍ਹਾਂ ਦੇ ਜਵਾਬ ਵੀ ਲਿਖਵਾ ਕੇ ਲੈ ਜਾਂਦੀਆਂ। ਸ਼ਾਲਾ! ਜਿਹੜੀ ਭਾਸ਼ਾ ’ਚ ਮੇਰੇ ਮਾਂ-ਪਿਉ ਲਿਖਦੇ ਰਹੇ ਹਨ, ਉਸ ਭਾਸ਼ਾ ਦੀ ਮਿਠਾਸ ’ਚ ਕੋਈ ਕੜਵਾਹਟ ਨਾ ਘੋਲ ਸਕੇ।