ਜਾਤ ਆਧਾਰਿਤ ਮਰਦਮਸ਼ੁਮਾਰੀ
ਵਿਰੋਧੀ ਧਿਰਾਂ ਤੋਂ ਓਬੀਸੀ-ਪੱਖੀ ਹੋਣ ਦੀ ਪਹਿਲਕਦਮੀ ਖੋਹਣ ਦੀ ਕੋਸ਼ਿਸ਼ ’ਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੀ ਮਰਦਮਸ਼ੁਮਾਰੀ ’ਚ ਜਾਤ ਆਧਾਰਿਤ ਗਿਣਤੀ ਨੂੰ ਸ਼ਾਮਿਲ ਕੀਤਾ ਜਾਵੇਗਾ। ਇਹ ਹੈਰਾਨੀਜਨਕ ਫ਼ੈਸਲਾ ਵਿਸਫੋਟਕ ਸਥਿਤੀ ਦੌਰਾਨ ਆਇਆ ਹੈ- ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਦੇਸ਼, ਸਰਕਾਰ ਤੋਂ ਪਾਕਿਸਤਾਨ ਵਿਰੁੱਧ ਤਿੱਖੀ ਕਾਰਵਾਈ ਦੀ ਉਮੀਦ ਕਰ ਰਿਹਾ ਹੈ; ਹਾਲਾਂਕਿ, ਭਾਜਪਾ ਨੇ ਦਿਖਾ ਦਿੱਤਾ ਹੈ ਕਿ ਰਾਸ਼ਟਰੀ ਸੁਰੱਖਿਆ ਦੇ ਹਿੱਤ ਵੀ ਇਸ ਨੂੰ ਚੁਣਾਵੀ ਤਰਜੀਹਾਂ ਭੁੱਲਣ ਲਈ ਮਜਬੂਰ ਨਹੀਂ ਕਰ ਸਕਦੇ ਅਤੇ ਫਿਲਹਾਲ ਇਸ ਦਾ ਟੀਚਾ ਇਸ ਸਾਲ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਜਿੱਤਣਾ ਹੈ; ਤੇ ਇੱਕ ਹੋਰ ਵੱਡਾ ਉਦੇਸ਼ ਕਾਂਗਰਸ ਤੇ ਬਾਕੀ ਵਿਰੋਧੀ ਪਾਰਟੀਆਂ ਨੂੰ ਪੂਰੇ ਮੁਲਕ ’ਚ ਜਾਤ ਰਾਜਨੀਤੀ ਦੇ ਮੈਦਾਨ ’ਚੋਂ ਖਦੇੜਨਾ ਹੈ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਕਾਫ਼ੀ ਚਿਰ ਤੋਂ ਜਾਤ ਆਧਾਰਿਤ ਮਰਦਮਸ਼ੁਮਾਰੀ ਦੀ ਮੰਗ ਜ਼ੋਰ-ਸ਼ੋਰ ਨਾਲ ਕਰ ਰਹੀਆਂ ਸਨ। ਹੁਣ ਵੀ ਉਨ੍ਹਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਵਿਰੋਧੀ ਧਿਰਾਂ ਦੇ ਦਬਾਅ ’ਚ ਆ ਕੇ ਇਹ ਫ਼ੈਸਲਾ ਕੀਤਾ ਹੈ। ਵਿਰੋਧੀ ਧਿਰਾਂ ਨੇ ਹੁਣ ਇਸ ਦੀ ਸਮਾਂ-ਸੀਮਾ ਤੈਅ ਕਰਨ ਦੀ ਮੰਗ ਰੱਖੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸੰਬਰ 2023 ਵਿੱਚ ਇਹ ਕਹਿੰਦਿਆਂ ਮਾਮਲੇ ਦੇ ਸਰਲੀਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸਿਰਫ਼ ਚਾਰ ‘ਵੱਡੀਆਂ’ ਜਾਤਾਂ ਹਨ- ਮਹਿਲਾਵਾਂ, ਨੌਜਵਾਨ, ਕਿਸਾਨ ਤੇ ਗ਼ਰੀਬ। ਧਰੁਵੀਕਰਨ ਦੀ ਤਾਕਤ ’ਤੇ ਪੂਰਾ ਭਰੋਸਾ ਰੱਖ ਕੇ ਚੱਲ ਰਹੀ ਭਾਜਪਾ ਨੇ ਵਿਰੋਧੀ ਧਿਰ ਨੂੰ ਜਾਤ ਦਾ ਪੱਤਾ ਖੇਡਣ ਦਿੱਤਾ; ਹਾਲਾਂਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਸ ਤੋਂ ਮਾੜੀ ਕਾਰਗੁਜ਼ਾਰੀ ਨੇ ਇਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ, ਜਦੋਂ ਨਿਤੀਸ਼ ਕੁਮਾਰ ਦੇ ਜਨਤਾ ਦਲ (ਯੂਨਾਈਟਡ) ਤੇ ਚੰਦਰਬਾਬੂ ਨਾਇਡੂ ਦੀ ਤੈਲਗੂ ਦੇਸਮ ਪਾਰਟੀ (ਟੀਡੀਪੀ) ਦਾ ਸਾਥ ਲੈ ਕੇ ਹੀ ਭਾਜਪਾ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਸਕੀ। ਹੈਰਾਨੀ ਦੀ ਗੱਲ ਨਹੀਂ ਕਿ ਗੱਠਜੋੜ ਦੀਆਂ ਮਜਬੂਰੀਆਂ ਨੇ ਜਾਤੀ ਆਧਾਰਿਤ ਜਨਗਣਨਾ ਬਾਰੇ ਇਸ ਦੇ ਫ਼ੈਸਲੇ ’ਤੇ ਵੱਡਾ ਅਸਰ ਪਾਇਆ ਹੈ। ਕਾਂਗਰਸ ਤੇ ਬਾਕੀ ਵਿਰੋਧੀ ਪਾਰਟੀਆਂ ਦੇ ਦਬਾਅ ਨੇ ਵੀ ਵੱਡੀ ਭੂਮਿਕਾ ਨਿਭਾਈ ਹੈ।
ਇੱਕ ਹੋਰ ਅਹਿਮ ਪੱਖ ਬੀਆਰ ਅੰਬੇਡਕਰ ਦੀ ਵਿਰਾਸਤ ਬਾਰੇ ਚਲਦੀ ਖਿੱਚੋਤਾਣ ਹੈ। ਕੋਈ ਵੀ ਪਾਰਟੀ ਅੱਧੇ ਮਨ ਨਾਲ ਸਮਾਜਿਕ ਨਿਆਂ ਬਾਰੇ ਅੰਬੇਡਕਰ ਦੇ ਵਿਰਾਟ ਸੁਪਨੇ ਨੂੰ ਸਾਕਾਰ ਕਰਨ ਦੀ ਪਹੁੰਚ ਨਹੀਂ ਅਪਣਾ ਸਕਦੀ, ਭਾਜਪਾ ਤਾਂ ਬਿਲਕੁਲ ਵੀ ਨਹੀਂ। ਦੇਸ਼ ਵਿਆਪੀ ਜਾਤ ਆਧਾਰਿਤ ਮਰਦਮਸ਼ੁਮਾਰੀ ਦੀ ਅਹਿਮੀਅਤ ’ਤੇ ਜ਼ਿਆਦਾ ਸਿਆਸੀ ਨਾਟਕਬਾਜ਼ੀ ਨਹੀਂ ਹੋ ਸਕਦੀ। ਇਹ ਨੀਤੀਘਾੜਿਆਂ ਲਈ ਮਦਦਗਾਰ ਸਾਬਿਤ ਹੋਵੇਗੀ ਜੋ ਸਾਰਿਆਂ ਲਈ ਇੱਕੋ ਰਣਨੀਤੀ ਘੜਨ ਦੀ ਥਾਂ ਵੱਖ-ਵੱਖ ਜਮਾਤਾਂ ਦੀਆਂ ਵਿਸ਼ੇਸ਼ ਲੋੜਾਂ ਦੇ ਹਿਸਾਬ ਨਾਲ ਭਲਾਈ ਸਕੀਮਾਂ ਬਣਾ ਸਕਣਗੇ। ਪਾਰਦਰਸ਼ੀ ਸੰਗ੍ਰਹਿ ਅਤੇ ਜਾਣਕਾਰੀਆਂ ਦੀ ਅਰਥਪੂਰਨ ਵਰਤੋਂ ਲੰਮੇ ਸਮੇਂ ਤੱਕ ਸਮਾਜਿਕ ਨਾ-ਬਰਾਬਰੀ ਨੂੰ ਹੱਲ ਕਰਨ ਵਿੱਚ ਸਹਾਈ ਹੋਵੇਗੀ। ਫਿਲਹਾਲ, ਮਰਦਮਸ਼ੁਮਾਰੀ ਦੀ ਸਮਾਂ-ਸੀਮਾ ਤੈਅ ਕਰਨਾ ਜ਼ਰੂਰੀ ਹੈ, ਜਿਸ ਵਿੱਚ ਪਹਿਲਾਂ ਹੀ ਵੱਡੀ ਦੇਰੀ ਹੋ ਚੁੱਕੀ ਹੈ।