ਈਦ-ਉਲ-ਫਿਤਰ ਮੌਕੇ ਮਸਜਿਦਾਂ ’ਚ ਅਦਾ ਕੀਤੀ ਨਮਾਜ਼
ਗੁਰਨਾਮ ਸਿੰਘ ਅਕੀਦਾ
ਪਟਿਆਲਾ, 31 ਮਾਰਚ
ਈਦ-ਉਲ-ਫਿਤਰ ਦੇ ਤਿਉਹਾਰ ਮੌਕੇ ਅੱਜ ਮੁਸਲਮਾਨ ਭਾਈਚਾਰੇ ਨੇ ਮਸਜਿਦਾਂ ਵਿਚ ਨਮਾਜ਼ ਪੜ੍ਹੀ। ਪਟਿਆਲਾ ਦੀ ਮਾਲ ਰੋਡ ’ਤੇ ਸਥਿਤ ਮਸਜਿਦ ਵਿੱਚ ਨਮਾਜ਼ ਪੜ੍ਹ ਕੇ ਇੱਕ-ਦੂਜੇ ਨੂੰ ਗਲਵਕੜੀ ਵਿੱਚ ਲੈ ਕੇ ਵਧਾਈ ਦਿੱਤੀ ਗਈ। ਕਈ ਪਿੰਡਾਂ ਦੀਆਂ ਮਸਜਿਦਾਂ ਵਿੱਚ ਨਮਾਜ਼ ਅਦਾ ਕੀਤੀ ਗਈ। ਇੱਥੇ ਪਿੰਡ ਸੀਲ, ਬਾਰਨ, ਧਬਲਾਨ ਤੋਂ ਇਲਾਵਾ ਰਣਜੀਤ ਨਗਰ, ਲੰਗ ਵਿੱਚ ਮੁਸਲਮਾਨ ਭਾਈਚਾਰੇ ਨੇ ਨਮਾਜ਼ ਪੜ੍ਹੀ। ਇਥੇ ਧਬਲਾਨ ਵਿੱਚ ਮੰਡੀ ਬੋਰਡ ਤੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਭਾਈਚਾਰਕ ਸਾਂਝ ਵਧਾਉਣ ਅਤੇ ਸੱਭਿਆਚਾਰਕ ਵਿਰਸੇ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਗਗਨਇੰਦਰ ਸਿੰਘ ਬਰਸਟ, ਮੇਜਰ ਖਾਨ ਕਾਦਰੀ, ਹਰਿੰਦਰ ਸਿੰਘ ਧਬਲਾਨ, ਬਲਵਿੰਦਰ ਖਾਨ ਪ੍ਰਧਾਨ, ਗੁਲਜ਼ਾਰ ਖਾਨ ਪ੍ਰਧਾਨ ਮਸਜਿਦ ਕਮੇਟੀ, ਪਰਵਿੰਦਰ ਖਾਨ, ਲੱਖਾ ਖਾਨ, ਯਾਸੀਨ, ਗਿਲਫਤਾਰ, ਹਰਮੀਤ ਸਿੰਘ, ਗੁਰਿੰਦਰ ਸਿੰਘ, ਵਿੱਕੀ ਖਾਨ, ਪ੍ਰਿੰਸ, ਲੱਖੀ ਖਾਨ ਤੇ ਹਰਮੇਲ ਸਿੰਘ ਹਾਜ਼ਰ ਸਨ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਬਲਾਕ ਦੇ ਪਿੰਡਾਂ ਅਤੇ ਸ਼ਹਿਰ ਵਿੱਚ ਈਦ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਬਲਾਕ ਦੇ ਪਿੰਡ ਘਰਾਚੋਂ, ਫੱਗੂਵਾਲਾ, ਰਾਏ ਸਿੰਘ ਵਾਲਾ, ਕਾਕੜਾ, ਨਦਾਮਪੁਰ, ਚੰਨੋਂ ਸਮੇਤ ਇੱਥੇ ਸ਼ਹਿਰ ਦੀ ਮਸਜਿਦ ਵਿਖੇ ਨਮਾਜ਼ ਅਦਾ ਕੀਤੀ ਗਈ ਅਤੇ ਇੱਕ-ਦੂਜੇ ਨੂੰ ਗਲ ਲੱਗ ਕੇ ਈਦ ਮੁਬਾਰਕ ਕਿਹਾ। ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਮੁਹੰਮਦ ਅਸਜਿਦ, ਬਿੱਟੂ ਖਾਨ, ਧਰਮਾ ਖਾਨ, ਰੰਗੀ ਖਾਨ, ਗੁਰਦੀਪ ਸਿੰਘ ਫੱਗੂਵਾਲਾ ਤੇ ਰਣਜੀਤ ਸਿੰਘ ਤੂਰ ਹਾਜ਼ਰ ਸਨ।
ਸ਼ੇਰਪੁਰ (ਬੀਰਬਲ ਰਿਸ਼ੀ): ਸ਼ੇਰਪੁਰ ਤੇ ਇਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਈਦ-ਉਲ-ਫਿਤਰ ਦੇ ਪਵਿੱਤਰ ਦਿਹਾੜੇ ’ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਿਆਂ ਮੁਸਲਿਮ ਭਾਈਚਾਰੇ ਨੂੰ ਵੱਡੀ ਗਿਣਤੀ ਹਿੰਦੂ ਤੇ ਸਿੱਖਾਂ ਨੇ ਵਧਾਈ ਦਿੱਤੀ। ਪਿੰਡ ਘਨੌਰੀ ਕਲਾਂ ਵਿਖੇ ਮੁਸਲਿਮ ਕਮੇਟੀ ਦੇ ਮੋਹਰੀ ਰਾਂਝਾ ਖਾਂ, ਛੱਜੂ ਖਾਂ, ਵਕੀਲ ਖਾਂ, ਸੁਲੇਮਾਨ, ਬੂਟਾ ਖਾਂ, ਫਾਰੀ ਖਾਂ ਸਣੇ ਵੱਡੀ ਗਿਣਤੀ ਭਾਈਚਾਰੇ ਨੂੰ ਸਮੂਹ ਪਿੰਡ ਵਾਸੀਆਂ ਨੂੰ ‘ਈਦ ਮੁਬਾਰਕ’ ਆਖਿਆ। ਅੱਜ ਸਵੇਰ ਸਮੇਂ ਮੁਸਲਿਮ ਭਾਈਚਾਰੇ ਨੂੰ ਉਚੇਚੇ ਤੌਰ ’ਤੇ ਪੁੱਜੇ ਮੌਲਵੀ ਮੁਹੰਮਦ ਹਮਜ਼ਾ ਨੇ ਨਵਾਜ਼ ਅਦਾ ਕਰਵਾਈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਲਾਕੇ ਦੇ ਸਮੂਹ ਮੁਸਲਮਾਨ ਈਦ ਦੀ ਨਮਾਜ਼ ਲਈ ਈਦਗਾਹ ਲਹਿਰਾਗਾਗਾ ਇਕੱਠੇ ਹੋਏ। ਮੁਸਲਿਮ ਭਾਈਚਾਰੇ ਦੇ ਪ੍ਰਧਾਨ ਬੀਰਬਲ ਖਾਨ ਨੇ ਸਮੁੱਚੇ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਈਦ ਉਲ ਫਿਤਰ ਆਪਣੇ ਅਜ਼ੀਜ਼ਾਂ ਨਾਲ ਇਕੱਠੇ ਹੋਣ ਅਤੇ ਪ੍ਰਾਪਤ ਹੋਈਆਂ ਅਸੀਸਾਂ ਲਈ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਸਮਾਂ ਹੈ। ਇਸ ਮੌਕੇ ਜਸ਼ਨਾਂ ਦੇ ਹਿੱਸੇ ਵਜੋਂ, ਬਹੁਤ ਸਾਰੇ ਮੁਸਲਮਾਨ ਦਾਨੀ ਗਤੀਵਿਧੀਆਂ ਵਿੱਚ ਵੀ ਸ਼ਾਮਲ ਹੋਏ। ਇਸ ਮੌਕੇ ਚਾਹ ਬ੍ਰੈੱਡ ਦਾ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬੀਰਬਲ ਖਾਨ, ਮੀਤ ਪ੍ਰਧਾਨ ਐਡਵਕੇਟ ਕਰਮਦੀਨ ਖਾਂ, ਗੁਲਾਬ ਸ਼ਾਹ,ਇਮਤਿਆਜ਼ ਅਲੀ, ਬਾਰੂ ਖਾਂ, ਕਰਮਦੀਨ ਖਾਂ, ਸੋਹਣਾ ਖਾਂ, ਨੇਕ ਖਾਂ, ਬੰਤ ਖਾਂ, ਵਕੀਲ ਖਾਂ, ਜੱਗੀ ਸ਼ਾਹ, ਮੰਡੀ ਵਾਲਾ ਗੁਰਦੁਆਰਾ ਦੇ ਪ੍ਰਧਾਨ ਰਜਿੰਦਰ ਸਿੰਘ ਨੇ ਸ਼ਿਰਕਤ ਕੀਤੀ।
ਈਦ ਪਿਆਰ ਤੇ ਭਾਈਚਾਰਕ ਸਾਂਝ ਦੀ ਪ੍ਰਤੀਕ: ਨੂਰ ਮੁਹੰਮਦ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਰਾਜਪੁਰਾ ਵਿਖੇ ਨੇੜੇ ਦੀਆਂ ਮਸਜਿਦਾਂ ਵਿਚ ਈਦ-ਉਲ-ਫਿਤਰ ਦਾ ਤਿਉਹਾਰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਰਾਜਪੁਰਾ ਦੀ ਸਭ ਤੋਂ ਪੁਰਾਤਨ ਜਾਮਾ ਮਸਜਿਦ (ਭਠਿਆਰਾ) ਵਿਖੇ ਨਮਾਜ਼ ਅਦਾ ਕਰਵਾਉਣ ਦੀ ਰਸਮ ਇਮਾਮ ਮੁਹੰਮਦ ਮੁਸਤਫ਼ਾ ਅਤੇ ਮੁਹੰਮਦ ਮੁਰਤਜਾ ਵੱਲੋਂ ਕਰਵਾਈ ਗਈ। ਮੈਨੇਜਮੈਂਟ ਕਮੇਟੀ ਪ੍ਰਧਾਨ ਨੂਰ ਮੁਹੰਮਦ ਨੇ ਦੱਸਿਆ ਕਿ ਅੱਜ ਈਦ ਦੀ ਨਮਾਜ਼ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਮਸਜਿਦਾਂ ਅਤੇ ਆਪਣੇ ਘਰਾਂ ਵਿੱਚ ਹੀ ਪਿਆਰ ਭਰੇ ਮਾਹੌਲ ਵਿੱਚ ਅਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਆਪਸ ਵਿਚ ਪਿਆਰ ਅਤੇ ਭਾਈਚਾਰਕ ਸਾਂਝ ਵਧਾਉਂਦਾ ਹੈ। ਇਸ ਮੌਕੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ, ਆਪ ਆਗੂ ਅਜੇ ਮਿੱਤਲ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਹਲਕਾ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ, ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਨਗਰ ਕੌਂਸਲ ਮੀਤ ਪ੍ਰਧਾਨ ਰਾਜੇਸ਼ ਇੰਸਾ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।
ਸਿੱਖਾਂ ਨੇ ਮੁਸਲਿਮ ਭਾਈਚਾਰੇ ਨਾਲ ਈਦ ਮਨਾਈ
ਸੰਦੌੜ (ਮੁਕੰਦ ਸਿੰਘ ਚੀਮਾ): ਨੇੜਲੇ ਪਿੰਡ ਖੁਰਦ ਵਿੱਚ ਈਦ ਦਾ ਤਿਉਹਾਰ ਸਮੂਹ ਮੁਸਲਿਮ ਤੇ ਸਿੱਖ ਭਾਈਚਾਰੇ ਵੱਲੋਂ ਰਲ ਮਿਲ ਕੇ ਮਨਾਇਆ। ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਪ੍ਰਧਾਨ ਡਾ. ਮਨਦੀਪ ਸਿੰਘ ਖੁਰਦ ਤੇ ਸਰਪੰਚ ਕੁਲਬੀਰ ਸਿੰਘ ਮਾਣਕ ਨੇ ਦੱਸਿਆ ਕਿ ਪਿੰਡ ਖੁਰਦ ਭਾਈਚਾਰਕ ਸਾਂਝ ਦੀ ਮਿਸਾਲ ਪੈਦਾ ਕਰਦਾ ਹੈ। ਹਰ ਸਾਲ ਗ੍ਰਾਮ ਪੰਚਾਇਤ, ਨਗਰ ਨਿਵਾਸੀ, ਸਮੂਹ ਸਿੱਖ ਭਾਈਚਾਰੇ ਦੇ ਲੋਕ ਇਕ ਦੂਜੇ ਦੇ ਤਿਉਹਾਰ ਰਲ ਮਿਲ ਕੇ ਮਨਾਉਂਦੇ ਆ ਰਹੇ ਹਨ। ਇਸ ਤਹਿਤ ਅੱਜ ਈਦ ਮੌਕੇ ਪਿੰਡ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ ਦੀ ਨਮਾਜ਼ ਈਦਗਾਹ ਵਿਖੇ ਜਾ ਕੇ ਅਦਾ ਕੀਤਾ। ਇਸ ਮੌਕੇ ਸਿੱਖ ਭਾਈਚਾਰੇ ਤੇ ਨਗਰ ਪੰਚਾਇਤ ਨੇ ਮੁਸਲਮਾਨ ਭਰਾਵਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਤੇ ਨਮਾਜ਼ ਪੜ੍ਹਨ ਆਏ ਸਾਰੇ ਭਰਾਵਾਂ ਨੂੰ ਲੱਡੂ ਵੰਡੇ ਗਏ।
ਮੁਸਲਿਮ ਤਨਜ਼ੀਮਾਂ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਕੇਂਦਰ ਸਰਕਾਰ ਵੱਲੋਂ ਵਿਵਾਦਿਤ ਵਕਫ਼ ਸੋਧ ਬਿੱਲ ਅਗਲੇ ਹਫਤੇ ਲੋਕ ਸਭਾ ਵਿਚ ਪੇਸ਼ ਕੀਤੇ ਜਾਣ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਪੰਜਾਬ ਦੀਆਂ ਵੱਖ ਵੱਖ ਇਸਲਾਮਿਕ ਤਨਜ਼ੀਮਾਂ ਨਾਲ ਸਬੰਧਤ ਆਗੂਆਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਮੈਮੋਰੈਂਡਮ ਸੌਂਪ ਕੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਨਿਆਂ ਅਤੇ ਸੰਵਿਧਾਨਕ ਅਧਿਕਾਰਾਂ ਦੇ ਹਿੱਤ ਵਿਚ ਪ੍ਰਸਤਾਵਿਤ ਕਾਨੂੰਨ ਨੂੰ ਵਾਪਸ ਲੈਣ ਦੀ ਅਪੀਲ ਕਰਦਿਆਂ ਪੰਜਾਬ ਵਿਧਾਨ ਸਭਾ ਵਿੱਚ ਵਕਫ਼ (ਸੋਧ) ਬਿੱਲ, 2024 ਖ਼ਿਲਾਫ਼ ਮਤਾ ਪਾਸ ਕੀਤਾ ਜਾਵੇ। ਮੁਸਲਿਮ ਆਗੂਆਂ ਦੇ ਵਫ਼ਦ ਵਿਚ ਮੁਸਲਿਮ ਫਰੈਂਡਜ਼ ਕਲੱਬ ਵੱਲੋਂ ਮੁਹੰਮਦ ਅਖਲਾਕ, ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਮਮੁਬੀਨ ਫਾਰੂਕੀ, ਆਲ ਇੰਡੀਆ ਮੁਸਲਿਮ ਡਿਵੈਲਪਮੈਂਟ ਕੌਂਸਲ ਦੇ ਮੁੱਖੀ ਮੁਹੰਮਦ ਇਲਿਆਸ ਅਬਦਾਲੀ, ਆਲ ਇੰਡੀਆ ਸ਼ੀਆ ਪਰਸਨਲ ਲਾਅ ਬੋਰਡ ਦੇ ਆਗੂ ਸ਼ਬੀਰ ਹੁਸੈਨ, ਮੁਸਲਿਮ ਮਹਾਂ ਸਭਾ ਪੰਜਾਬ ਦੇ ਮੁਹੰਮਦ ਮੁਕੱਰਮ ਸੈਫੀ, ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ ਦੇ ਅਜ਼ਹਰ ਮੁਨੀਮ, ਜੁਆਇੰਟ ਐਕਸ਼ਨ ਪੰਜਾਬ ਵੱਲੋਂ ਨਦੀਮ ਅਨਵਾਰ ਖਾਂ ਅਤੇ ਅਲ-ਕੁਰਾਨ ਸੁਸਾਇਟੀ ਪੰਜਾਬ ਵੱਲੋਂ ਮੁਹੰਮਦ ਸ਼ਾਹਿਦ ਸ਼ਾਮਲ ਸਨ। ਆਗੂਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪ੍ਰਸਤਾਵਿਤ ਸੋਧਾਂ ਵਕਫ਼ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਵਕਫ਼ ਜਾਇਦਾਦਾਂ ਦੇ ਗੈਰ-ਕਾਨੂੰਨੀ ਕਬਜ਼ੇ ਨੂੰ ਸੌਖਾ ਬਣਾਉਣ ਸਮੇਤ ਵਕਫ਼ ਬੋਰਡਾਂ ਦੀ ਖੁਦਮੁਖਤਿਆਰੀ ਅਤੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਭਗਵੰਤ ਮਾਨ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਵਾਂਗ ਵਕਫ਼ ਸੋਧ ਬਿੱਲ ਖਿਲਾਫ਼ ਨਿੱਤਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਤਾਮਿਲਨਾਡੂ ਵਿਧਾਨ ਸਭਾ ਵਿੱਚ ਵਕਫ਼ ਜਾਇਦਾਦਾਂ ਨਾਲ ਛੇੜਛਾੜ ਕਰਨ ਦੇ ਕਿਸੇ ਵੀ ਕਦਮ ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਸਾਰੇ ਧਰਮ ਨਿਰਪੱਖ ਅਤੇ ਲੋਕਤੰਤਰੀ ਰਾਜਾਂ ਲਈ ਇਸ ਬੇਇਨਸਾਫ਼ੀ ਵਾਲੇ ਕਾਨੂੰਨ ਦੇ ਵਿਰੁੱਧ ਖੜ੍ਹੇ ਹੋਣ ਲਈ ਤਾਮਿਲਨਾਡੂ ਸਰਕਾਰ ਨੇ ਇੱਕ ਮਜ਼ਬੂਤ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸਤਾਵਿਤ ਸੋਧ ਦੇ ਪ੍ਰਭਾਵ ਦੀ ਜਾਂਚ ਕਰਨ ਅਤੇ ਵਕਫ਼ ਜਾਇਦਾਦਾਂ ਦੇ ਸੁਰੱਖਿਆ ਯਤਨਾਂ ਦੀ ਸਿਫ਼ਾਰਸ਼ ਲਈ ਕਾਨੂੰਨੀ ਮਾਹਿਰਾਂ, ਧਾਰਮਿਕ ਵਿਦਵਾਨਾਂ ਅਤੇ ਭਾਈਚਾਰਕ ਪ੍ਰਤੀਨਿਧੀਆਂ ਦੀ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਜਾਵੇ।
ਗੁਰਦੁਆਰੇ ’ਚ ਰੋਜ਼ੇ ਖੁੱਲ੍ਹਵਾਏ
ਧੂਰੀ (ਪਵਨ ਕੁਮਾਰ ਵਰਮਾ): ਇੱਥੋਂ ਨੇੜਲੇ ਪਿੰਡ ਧਾਂਦਰਾ ਦੇ ਲੋਕਾਂ ਨੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦਿਆਂ ਪਿੰਡ ਧਾਂਦਰਾ ਦੇ ਗੁਰਦੁਆਰਾ ਸਾਹਿਬ ਵਿੱਚ ਮੁਸਲਮਾਨ ਭਾਈਚਾਰੇ ਦੇ ਰੋਜ਼ੇ ਖੁੱਲ੍ਹਵਾਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿਕੰਦਰ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੈਬ ਸਿੰਘ ਅਤੇ ਸਰਪੰਚ ਜਸਪਾਲ ਸਿੰਘ ਮਿਸ਼ਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਮਜ਼ਾਨ ਸ਼ਰੀਫ ਦੇ ਇਸ ਪਵਿੱਤਰ ਮਹੀਨੇ ਦਾ ਆਖ਼ਰੀ ਰੋਜ਼ਾ ਗੁਰਦੁਆਰਾ ਸਾਹਿਬ ਵਿਖੇ ਖੁੱਲ੍ਹਵਾਇਆ ਗਿਆ ਹੈ ਅਤੇ ਜਿਸ ਨਾਲ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ ਅਤੇ ਇਸ ਦੇ ਮੱਦੇਨਜ਼ਰ ਉਨ੍ਹਾਂ ਆਪਣੇ ਭੈਣ-ਭਰਾਵਾਂ ਨੂੰ ਰੋਜ਼ਾ ਇਫ਼ਤਾਰੀ ਲਈ ਬੁਲਾਇਆ ਸੀ। ਮੌਲਵੀ ਮੁਹੰਮਦ ਖ਼ਲੀਲ ਨੇ ਸਭ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੁਸਲਮਾਨ ਭਾਈਚਾਰੇ ਦੇ ਰੋਜ਼ੇ ਖੁੱਲ੍ਹਵਾਉਣ ਨਾਲ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਈ ਹੈ। ਇਸ ਮੌਕੇ ਅੰਮ੍ਰਿਤਪਾਲ ਸਿੰਘ ਢੀਂਡਸਾ, ਪੱਤਰਕਾਰ ਯੂਨੀਅਨ ਧੂਰੀ ਦੇ ਪ੍ਰਧਾਨ ਲਖਵੀਰ ਸਿੰਘ ਧਾਂਦਰਾ, ਗਾਇਕ ਜੋਬਨ ਧਾਂਦਰਾ ਸਣੇ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।