ਇਪਸਾ ਵੱਲੋਂ ਕਮਲ ਦੁਸਾਂਝ ਦਾ ਸਨਮਾਨ
ਸਰਬਜੀਤ ਸਿੰਘ
ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਖੇਤਰ ਵਿੱਚ ਸਰਗਰਮ ਅਦਬੀ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬ੍ਰੇਰੀ ਵਿਖੇ ਇੱਕ ਸਾਹਿਤਕ ਮਿਲਣੀ ਕਰਵਾਈ ਗਈ। ਇਸ ਵਿੱਚ ਪੰਜਾਬ ਤੋਂ ਆਈ ਮੈਗਜ਼ੀਨ ‘ਹੁਣ’ ਦੀ ਸਹਿ ਸੰਪਾਦਕ ਕਮਲ ਦੁਸਾਂਝ ਦਾ ਸਨਮਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਅਤੇ ਆਏ ਹੋਏ ਮਹਿਮਾਨਾਂ ਦੇ ਤੁਆਰਫ਼ ਨਾਲ ਹੋਈ।
ਇਸ ਉਪਰੰਤ ਤਰਕਸ਼ੀਲ ਲੇਖਕ ਅਤੇ ਸਮਾਜ-ਸੇਵੀ ਮਨਜੀਤ ਬੋਪਾਰਾਏ ਨੇ ਇਪਸਾ ਦੀਆਂ ਸਾਹਿਤਕ ਗਤੀਵਿਧੀਆਂ ਅਤੇ ਬ੍ਰਿਸਬੇਨ ਵਿੱਚ ਪੰਜਾਬੀ ਭਾਈਚਾਰੇ ਦੇ ਮੁੱਢਲੇ ਕਾਰਜਾਂ ਬਾਰੇ ਵੇਰਵੇ ਦਿੱਤੇ। ਸਮਾਗਮ ਦੇ ਪਹਿਲੇ ਭਾਗ ਦੇ ਸਟੇਜ ਸੈਕਟਰੀ ਵਜੋਂ ਰੁਪਿੰਦਰ ਸੋਜ਼ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ। ਕਵੀ ਦਰਬਾਰ ਅਤੇ ਗਾਇਨ ਸੈਸ਼ਨ ਦੀ ਸ਼ੁਰੂਆਤ ਕਹਾਣੀਕਾਰ ਅਤਰਜੀਤ ਦੀ ਬੇਟੀ ਕ੍ਰਾਂਤੀ ਦੇ ਸ਼ਬਦਾਂ ਨਾਲ ਹੋਈ। ਉਸ ਤੋਂ ਬਾਅਦ ਰੀਤਿਕਾ ਅਹੀਰ ਨੇ ਇੱਕ ਨਜ਼ਮ, ਆਤਮਾ ਸਿੰਘ ਹੇਅਰ ਨੇ ਗੀਤ, ਸਰਬਜੀਤ ਸੋਹੀ ਨੇ ਗ਼ਜ਼ਲ, ਪੁਸ਼ਪਿੰਦਰ ਤੂਰ ਨੇ ਕਵਿਤਾ, ਤਜਿੰਦਰ ਭੰਗੂ ਨੇ ਗੀਤ, ਅਮਨਪ੍ਰੀਤ ਟੱਲੇਵਾਲ ਨੇ ਗੀਤ, ਲਖਬੀਰ ਸਿੰਘ ਨੇ ਕਵਿਤਾ ਅਤੇ ਹਰਕੀ ਵਿਰਕ ਨੇ ਗੀਤ ਅਤੇ ਕਵਿਤਾ ਨਾਲ ਸਟੇਜ ਤੋਂ ਹਾਜ਼ਰੀ ਲਵਾਈ। ਸਿੱਖ ਗੇਮਜ਼ ਕੋਆਰਡੀਨੇਟਰ ਜੋਤੀ ਬੈਂਸ ਅਤੇ ਜੋਗਾ ਸਿੱਖਿਅਕ ਲਖਬੀਰ ਸਿੰਘ ਨਾਗ ਕਲਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਟੇਜ ਸੰਚਾਲਕ ਜਸਵਿੰਦਰ ਸਿੰਘ ਰਾਣੀਪੁਰ ਨੇ ਇਪਸਾ ਦੇ ਕਾਰਜਾਂ ਨੂੰ ਬਹੁਤ ਮੁੱਲਵਾਨ ਦੱਸਿਆ। ਅੰਤ ਵਿੱਚ ਸਮਾਗਮ ਦੀ ਮੁੱਖ ਮਹਿਮਾਨ ਅਤੇ ‘ਹੁਣ’ ਮੈਗਜ਼ੀਨ ਦੀ ਸਹਿ ਸੰਪਾਦਕ ਕਮਲ ਬੈਂਸ ਨੇ ‘ਹੁਣ’ ਮੈਗਜ਼ੀਨ, ਪੱਤਰਕਾਰੀ ਦੇ ਸਫ਼ਰ ਅਤੇ ਗਾਜ਼ਾ ਵਿੱਚ ਹੋ ਰਹੀ ਅਮਾਨਵੀ ਜੰਗ ਬਾਰੇ ਕੁੱਝ ਭਾਵਪੂਰਤ ਕਵਿਤਾਵਾਂ ਪੇਸ਼ ਕੀਤੀਆਂ। ਉਸ ਨੇ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਪਰਵਾਸ ਵਿੱਚ ਅਰਥਪੂਰਨ ਅਤੇ ਸੇਧਮਈ ਪਹੁੰਚ ’ਤੇ ਆਧਾਰਿਤ ਸੰਗਠਿਤ ਸੰਸਥਾਗਤ ਉੱਦਮ ਕਿਹਾ। ਇਪਸਾ ਵੱਲੋਂ ਉਸ ਨੂੰ ਇਪਸਾ ਐਵਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ।
ਅੰਤ ਵਿੱਚ ਹਾਜ਼ਰੀਨ ਕਵੀਆਂ ਅਤੇ ਸਰੋਤਿਆਂ ਨੇ ਪੱਤਰਕਾਰ/ਲੇਖਕ ਪੁਸ਼ਪਿੰਦਰ ਤੂਰ ਦੀ ਪਲੇਠੀ ਪੁਸਤਕ ‘ਹਰਫ਼ਾਂ ਦੀ ਖੁਸ਼ਬੋ’ ਲੋਕ ਅਰਪਣ ਕੀਤੀ। ਇਸ ਮੌਕੇ ਬਿਕਰਮਜੀਤ ਸਿੰਘ ਚੰਦੀ, ਗੁਰਵਿੰਦਰ ਸਿੰਘ ਖੱਟੜਾ, ਜਸਕਰਨ ਸ਼ੀਂਹ, ਪਾਲ ਰਾਊਕੇ, ਗੁਰਜੀਤ ਉੱਪਲ, ਅਰਸ਼ਦੀਪ ਦਿਓਲ, ਕੁਲਦੀਪ ਕੌਰ ਭਾਟੀਆ, ਭੁਪਿੰਦਰ ਸਿੰਘ ਢਿੱਲੋਂ, ਸਰਬਜੀਤ ਸਿੰਘ, ਪ੍ਰਵੀਨ ਕੁਮਾਰ, ਹਰਭਜਨ ਲਾਲ, ਰਾਜਪਿੰਦਰ ਕੌਰ ਸਮੇਤ ਕਈ ਨਾਮਵਰ ਚਿਹਰੇ ਹਾਜ਼ਰ ਸਨ।04