ਆ ਕੇ ਸੁਪਨੇ ’ਚ ਭਗਤ ਸਿੰਘ ਰੋਜ਼ ਪੁੱਛਦਾ...
ਕੈਲਗਰੀ: ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਰਚ ਮਹੀਨੇ ਦੀ ਇਕੱਤਰਤਾ ਪਿਛਲੇ ਦਿਨੀਂ ਕੋਸੋ ਹਾਲ ਵਿੱਚ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿੱਚ ਹੋਈ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ 23 ਮਾਰਚ 1931 ਨੂੰ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਉਸ ਨੇ ਦੱਸਿਆ ਕਿ ਅਸੈਂਬਲੀ ਹਾਲ ਵਿੱਚ ਬੰਬ ਸੁੱਟਣ ਦਾ ਮਕਸਦ ਕਿਸੇ ਨੂੰ ਮਾਰਨਾ ਨਹੀਂ ਸੀ ਸਗੋਂ ਹੱਕ ਅਤੇ ਸੱਚ ਦੀ ਆਵਾਜ਼ ਨਾਲ ਬਰਤਾਨਵੀ ਸਰਕਾਰ ਦੇ ਕੰਨ ਖੋਲ੍ਹਣਾ ਸੀ।
ਸੁਖਮੰਦਰ ਸਿੰਘ ਗਿੱਲ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਰੱਬ ਬਾਰੇ ਇੱਕ ਖ਼ੂਬਸੂਰਤ ਨਜ਼ਮ ਗਾ ਕੇ ਸਭਾ ਦੀ ਕਾਰਵਾਈ ਦਾ ਆਰੰਭ ਕੀਤਾ। ਨਜ਼ਮ ਦੇ ਬੋਲ ਸਨ;
ਚਾਰੇ ਪਾਸੇ ਰੱਬ ਰੱਬ ਹੋਈ ਜਾਂਦਾ ਏ
ਬੰਦੇ ਨਾਲੋਂ ਬੰਦਾ ਕਿਉਂ ਅਲੱਗ ਹੋਈ ਜਾਂਦਾ ਏ।
ਗੁਰਰਾਜ ਸਿੰਘ ਵਿਰਕ ਨੇ ਪਰਵਾਸ ਦੀ ਗੱਲ ਕਰਦਿਆਂ ਪਰਵਾਸ ਸਬੰਧੀ ਆਪਣੀ ਮੌਲਿਕ ਰਚਨਾ ਨਾਲ ਸਾਂਝ ਪਾਈ;
ਖੇਤ ਉਡੀਕੇ ਮਾਲਕਾਂ ਨੂੰ...ਹੁਣ ਤਾਂ ਮੁੜ ਆਓ ਵੇ।
ਕਵਿਤਾ ਨੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਅਸੀਂ ਖਾਸਕਰ ਪੰਜਾਬੀਆਂ ਨੇ ਟੋਟਿਆਂ ’ਚ ਰਹਿਣਾ ਸਿੱਖ ਲਿਆ ਹੈ। ਸਰੀਰ ਕਿਤੇ ਤੇ ਮਨ ਕਿਤੇ। ਕੈਨੇਡਾ ਅਤੇ ਅਮਰੀਕਾ ਬੈਠੇ ਖੇਤੀ ਵਰਗਾ ਧੰਦਾ ਵੀ ਨੌਕਰਾਂ ਤੋਂ ਫੋਨਾਂ ’ਤੇ ਕਰਵਾਈ ਜਾਂਦੇ ਹਾਂ। ਲਖਵਿੰਦਰ ਸਿੰਘ ਪਟਿਆਲਾ ਨੇ ਆਪਣੇ ਫ਼ੌਜੀ ਜੀਵਨ ਦੀ ਮੁਸ਼ਕਿਲਾਂ ਭਰੀ ਜ਼ਿੰਦਗੀ ਦੀ ਜਾਣਕਾਰੀ ਭਰਪੂਰ ਦਾਸਤਾਨ ਸੁਣਾਈ। ਉਸ ਨੇ ਬਹੁਤ ਹੀ ਰੌਚਿਕ ਤੇ ਜਾਣਕਾਰੀ ਭਰਪੂਰ ਗੱਲ ਸੁਣਾਈ ਕਿ ਕਿਵੇਂ ਉਸ ਨੇ ਸਿਆਚਿਨ ਗਲੇਸ਼ੀਅਰ ’ਤੇ ਪੰਜ ਮਹੀਨੇ ਨੌਂ ਦਿਨ ਡਿਊਟੀ ਕੀਤੀ। ਇਸ ਤੋਂ ਇਲਾਵਾ ਉਸ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਯਾਦ ਕਰਦਿਆਂ ਇੱਕ ਨਜ਼ਮ ਸੁਣਾਈ;
ਸੁਣ ਲੈ ਭਗਤ ਸਿਆਂ ਕੰਨ ਲਾ ਕੇ
ਸੁਣ ਲੈ ਮੇਰੀ ਬਾਤ
ਰਾਜੇ ਪਾਪੀ ਹੋ ਗਏ
ਗਰੀਬ ਹੋਇਆ ਕਿਰਸਾਨ।
ਸੁਰਜੀਤ ਸਿੰਘ ਹੇਅਰ ਨੇ ਆਪਣੀ ਪਾਕਿਸਤਾਨੀ ਫੇਰੀ ਦੀਆਂ ਯਾਦਾਂ ਤੋਂ ਇਲਾਵਾ ਕੁੱਝ ਰੁਬਾਈਆਂ ਨਾਲ ਖ਼ੂਬਸੂਰਤ ਮਾਹੌਲ ਸਿਰਜਿਆ ਤੇ ਜਾਂਦੇ ਜਾਂਦੇ ਬਹੁਤ ਸੁੰਦਰ ਰੁਬਾਈ ਨਾਲ ਸਾਂਝ ਪਾਈ;
ਆਪਣੇ ਸੀਨੇ ਦੇ ਸਾਰੇ ਜ਼ਖ਼ਮ ਸੀ ਲੈਂਦੇ ਨੇ ਲੋਕ
ਪਰ ਕਿਸੇ ਦੇ ਛੇੜ ਕੇ ਖੌਰੇ ਕੀ ਲੈਂਦੇ ਨੇ ਲੋਕ
ਮੇਰੇ ਜ਼ਖ਼ਮਾਂ ਦੇ ਅੰਗੂਰਾਂ ਨੂੰ ਹੀ ਲਾ ਕੇ ਚੋਭੜਾਂ
ਰਸ ਅੰਗੂਰਾਂ ਦਾ ਸਮਝ ਕੇ ਪੀ ਲੈਂਦੇ ਨੇ ਲੋਕ।
ਮਨਮੋਹਣ ਬਾਠ ਨੇ ਸਰਦੂਲ ਲੱਖਾ ਦੀ ਗ਼ਜ਼ਲ ਤਰੰਨੁਮ ਵਿੱਚ ਸੁਣਾਈ;
ਤੇਰੀਆਂ ਵੀ ਕਿਤੇ ਸਰਕਾਰਾਂ ਹੁੰਦੀਆਂ
ਕਾਹਨੂੰ ਓਏ ਕਿਸਾਨਾਂ ਤੈਨੂੰ ਹਾਰਾਂ ਹੁੰਦੀਆਂ
ਭੋਲਾ ਸਿੰਘ ਚੌਹਾਨ ਨੇ ਸੰਤ ਰਾਮ ਉਦਾਸੀ ਦੀ ਰਚਨਾ ਚਮਕੌਰ ਦੀ ਗੜ੍ਹੀ ਨੂੰ ਤਰੰਨੁਮ ’ਚ ਪੇਸ਼ ਕਰਕੇ ਰੰਗ ਬੰਨ੍ਹਿਆ;
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ
ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।
ਸਰਦੂਲ ਸਿੰਘ ਲੱਖਾ ਨੇ ਆਪਣੀ ਬਹੁਤ ਹੀ ਭਾਵਪੂਰਤ ਮੌਲਿਕ ਰਚਨਾ ਨਾਲ ਹਾਜ਼ਰੀ ਲਗਵਾਈ;
ਅੱਖੀਂ ਦੇਖੀ ਹੈ ਮੈਂ
ਮੇਰੇ ਦੇਸ਼ ਦੀ ਮਹਾਨਤਾ
ਲੀਰੋ ਲੀਰ ਹੁੰਦੀ
ਵੱਡੇ ਸ਼ਹਿਰ ਦੀ ਚਕਾਚੌਂਧ ’ਚੋਂ
***
ਭੋਲਾ ਭਾਲਾ ਹਾਂ ਮੈਂ ਤਾਂ
ਦੇਸ਼ ਦੀ ਜਨਤਾ ਵਰਗਾ
ਸੋਚਦਾ ਹਾਂ ਸ਼ਾਇਦ
ਏਸ ਨਰਕ ਦੀ ਵੀ ਲੋੜ ਹੋਣੀ ਹੈ
ਭਾਰਤ ਨੂੰ
ਵਿਸ਼ਵ ਗੁਰੂ ਬਣਨ ਲਈ।
ਸਰਦੂਲ ਲੱਖਾ ਨੇ ਆਪਣੀ ਇੱਕ ਛੋਟੀ ਜਿਹੀ, ਪਰ ਬਹੁਤ ਵੱਡੇ ਅਰਥਾਂ ਵਾਲੀ ਕਹਾਣੀ ਨਾਲ ਹਾਜ਼ਰੀਨ ਦੇ ਮਨਾਂ ’ਤੇ ਬਹੁਤ ਡੂੰਘਾ ਪ੍ਰਭਾਵ ਛੱਡਿਆ। ਕਹਾਣੀ ਦੀਆਂ ਆਖਰੀ ਸਤਰਾਂ ਸਨ; “ਬਾਈ! ਮੇਰਾ ਬਾਈ ਛੁੱਟੀ ਕੱਟ ਕੇ ਗਿਆ...ਮੁੜ ਨ੍ਹੀਂ ਆਇਆ। ਬਾਈ! ਤੂੰ ਤਾਂ ਆ ਜਾਇਆ ਕਰੇਂਗਾ।” ਇਹ ਸੁਣ ਕੇ ਸਭ ਦੀਆਂ ਅੱਖਾਂ ’ਚ ਪਾਣੀ ਭਰ ਆਇਆ।
ਸਭਾ ਦੇ ਖ਼ਜ਼ਾਨਚੀ ਮਨਜੀਤ ਬਰਾੜ ਨੇ ਆਪਣੇ ਦੋਸਤ ਨਾਇਬ ਸਿੰਘ ਬਰਾੜ ਦੀ ਰਚਨਾ ਸੁਣਾਈ। ਬੀਰ ਰਸ ਦੀ ਇਸ ਰਚਨਾ ਦੇ ਬੋਲ ਇਸ ਪ੍ਰਕਾਰ ਹਨ;
ਆ ਕੇ ਸੁਪਨੇ ’ਚ ਭਗਤ ਸਿੰਘ ਰੋਜ਼ ਪੁੱਛਦਾ
ਫੀਲ ਗੁੱਡ ’ਚ ਸੁੱਤੇ ਕਿਉਂ ਯਾਰ ਮੇਰੇ।
ਗੁਰਦੀਪ ਕੌਰ ਗਹੀਰ ਨੇ ਲੋਕ ਗੀਤ ਨਾਲ ਆਪਣੀ ਸਾਂਝ ਪਾਈ; ਸੁਣ ਵੇ ਢੋਲਣਾ....ਮੈਂ ਨਹੀਓ ਬੋਲਣਾ...। ਉਸ ਦੀ ਸੁਰੀਲੀ ਤੇ ਉੱਚੀ ਆਵਾਜ਼ ਨੇ ਨਰਿੰਦਰ ਬੀਬਾ ਦੀ ਯਾਦ ਦਿਵਾ ਦਿੱਤੀ। ਸੁਰਿੰਦਰ ਸਿੰਘ ਢਿੱਲੋਂ ਨੇ ਚੋਣਵੇ ਉਰਦੂ ਸ਼ੇਅਰ ਸੁਣਾਉਣ ਦੇ ਨਾਲ ਨਾਲ ਕੁਝ ਮਹੱਤਵਪੂਰਨ ਵਿਸ਼ਿਆਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਇਲਾਵਾ ਅਵਤਾਰ ਬਰਾੜ ਨੇ ਆਪਣੀਆਂ ਦੋ ਛੋਟੀਆਂ ਕਵਿਤਾਵਾਂ ਨਾਲ ਸਭ ਦਾ ਮਨੋਰੰਜਨ ਕੀਤਾ;
ਤੇਰਾ ਪਿਆਰ ਦੁਲਾਰਨ ਲਈ ਮੈਂ ਕੁੱਝ ਸ਼ਾਮਾਂ ਰੱਖੀਆਂ ਨੇ
ਤੇਰਾ ਨਾਮ ਪੁਕਾਰਨ ਲਈ ਕੁੱਝ ਤਾਂਘਾਂ ਰੱਖੀਆਂ ਨੇ
ਦੀਪ ਬਰਾੜ ਦੀ ਗਾਇਕੀ ਬੇਮਿਸਾਲ ਰਹੀ। ਉਸ ਨੇ ਆਪਣੇ ਹਾਰਮੋਨੀਅਮ ’ਤੇ ਕੁਝ ਸਾਹਿਤਕ ਟੱਪੇ ਗਾ ਕੇ ਖ਼ੂਬ ਰੰਗ ਬੰਨ੍ਹਿਆ। ਅੰਤ ਵਿੱਚ ਸੁਰਿੰਦਰ ਗੀਤ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਇੱਕ ਗ਼ਜ਼ਲ ਪੇਸ਼ ਕੀਤੀ;
ਜੇ ਤੂੰ ਲੋਕ ਦਿਲਾਂ ਵਿੱਚ ਵਸਣਾ
ਗੀਤ ਗ਼ਜ਼ਲ ਕਵਿਤਾਵਾਂ ਬਣ ਜਾ
ਧੁੱਪ ਵਿੱਚ ਸੜਦੇ ਲੋਕਾਂ ਖ਼ਾਤਿਰ
ਰੁੱਖ ਤੂੰ ਇੱਕ ਘਣਛਾਵਾਂ ਬਣ ਜਾ।
ਇਸ ਦੌਰਾਨ ਭੁਪਿੰਦਰ ਸਿੰਘ ਬੈਂਸ, ਗੁਰਬਖ਼ਸ਼ ਸਿੰਘ ਗਿੱਲ ਅਤੇ ਗੁਰਦੀਪ ਸਿੰਘ ਗਹੀਰ ਨੇ ਵੀ ਹਾਜ਼ਰੀ ਲਗਵਾਈ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਅਪਰੈਲ ਮਹੀਨੇ ਦੀ ਇਕੱਤਰਤਾ 27 ਅਪਰੈਲ ਨੂੰ ਹੋਵੇਗੀ।
ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ
ਸੰਪਰਕ: 403 605-3734