ਆਰਟੀਏ ਦਫ਼ਤਰ ’ਤੇ ਵਿਜੀਲੈਂਸ ਦਾ ਛਾਪਾ; ਪੰਜ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਅਪਰੈਲ
ਵਿਜੀਲੈਂਸ ਦੇ ਈਓ ਵਿੰਗ ਟੀਮ ਵੱਲੋਂ ਸੋਮਵਾਰ ਨੂੰ ਆਰਟੀਏ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਗਈ। ਵਿਜੀਲੈਂਸ ਦੀ ਟੀਮ ਪੁੱਜਦੇ ਹੀ ਰੌਲਾ ਪੈ ਗਿਆ। ਇੱਥੋਂ ਵਿਜੀਲੈਂਸ ਦੀ ਟੀਮ ਨੇ ਪੰਜ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਵਿਜੀਲੈਂਸ ਦੇ ਅਧਿਕਾਰੀ ਹਾਲੇ ਵੀ ਕੁੱਝ ਦੱਸਣ ਲਈ ਤਿਆਰ ਨਹੀਂ ਹਨ। ਆਰਟੀਏ ਦਫ਼ਤਰ ਵਿੱਚ ਚਰਚਾ ਹੈ ਕਿ ਇਹ ਮਾਮਲਾ ਡਰਾਈਵਿੰਗ ਲਾਇਸੈਂਸਾਂ ਨਾਲ ਸਬੰਧਤ ਹੈ ਤੇ ਵਿਜੀਲੈਂਸ ਨੇ ਲੁਧਿਆਣਾ ਦੇ ਨਾਲ-ਨਾਲ ਪਟਿਆਲਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਪਠਾਨਕੋਟ ਵਿੱਚ ਵੀ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਏਜੰਟਾਂ ਵਿਰੁੱਧ ਕੀਤੀ ਜਾ ਰਹੀ ਹੈ। ਏਜੰਟਾਂ ਦੀਆਂ ਲਗਾਤਾਰ ਸ਼ਿਕਾਇਤਾਂ ਕਾਰਨ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਅਧਿਕਾਰੀ ਜਲਦੀ ਹੀ ਪੂਰੇ ਮਾਮਲੇ ਦਾ ਖੁਲਾਸਾ ਕਰਨਗੇ।
ਵਿਜੀਲੈਂਸ ਟੀਮ ਨੇ ਸੋਮਵਾਰ ਸਵੇਰੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਆਰਟੀਏ ਦਫ਼ਤਰਾਂ ’ਤੇ ਛਾਪੇਮਾਰੀ ਕੀਤੀ। ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ’ਤੇ ਵਿਜੀਲੈਂਸ ਨੇ ਵੱਖ-ਵੱਖ ਟੀਮਾਂ ਬਣਾਈਆਂ ਅਤੇ ਪੂਰੀ ਤਿਆਰੀ ਨਾਲ ਇੱਕੋ ਸਮੇਂ ਛਾਪੇਮਾਰੀ ਕੀਤੀ। ਜਦੋਂ ਲੁਧਿਆਣਾ ਵਿੱਚ ਛਾਪਾ ਮਾਰਿਆ ਗਿਆ ਤਾਂ ਆਰਟੀਏ ਦਫ਼ਤਰ ਵਿੱਚ ਭਾਜੜਾਂ ਪੈ ਗਈਆਂ ਅਤੇ ਉੱਥੇ ਮੌਜੂਦ ਕੁਝ ਏਜੰਟਾਂ ਨੂੰ ਵਿਜੀਲੈਂਸ ਨੇ ਫੜ ਲਿਆ ਜਦੋਂ ਕਿ ਕੁਝ ਏਜੰਟ ਭੱਜਣ ਵਿੱਚ ਕਾਮਯਾਬ ਹੋ ਗਏ। ਵਿਜੀਲੈਂਸ ਟੀਮ ਨੇ ਪੰਜ ਏਜੰਟਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਟੀਮਾਂ ਨੇ ਡਰਾਈਵਿੰਗ ਟਰੈਕਾਂ ਅਤੇ ਦਫਤਰਾਂ ਤੋਂ ਕਈ ਕਰਮਚਾਰੀਆਂ, ਏਜੰਟਾਂ ਅਤੇ ਸਟਾਫ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਕਾਰਵਾਈ ਦੌਰਾਨ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਦਸਤਾਵੇਜ਼ ਵੀ ਜ਼ਬਤ ਕੀਤੇ ਜਾ ਰਹੇ ਹਨ। ਡਰਾਈਵਿੰਗ ਟੈਸਟ ਦੇਣ ਆਏ ਬਿਨੈਕਾਰਾਂ ਨੂੰ ਵੀ ਉੱਥੇ ਹੀ ਰੋਕ ਦਿੱਤਾ ਗਿਆ ਸੀ।