ਆਮ ਆਦਮੀ ਪਾਰਟੀ ਦੀ ਬੇੜੀ ਡੁੱਬਣ ਲਈ ਤਿਆਰ: ਬਘੇਲ
ਨਵੀਂ ਦਿੱਲੀ, 13 ਮਾਰਚ
ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਅੱਜ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਆਗੂ ਪਾਰਟੀ ਛੱਡਣ ਲਈ ਤਿਆਰ ਬੈਠੇ ਹਨ ਅਤੇ ‘ਆਪ’ ਦੀ ਬੇੜੀ ਡੁੱਬਣ ਵਾਲੀ ਹੈ।’’ ਉਹ ਅੱਜ ਇੱਥੇ ਕੁੱਲ ਹਿੰਦ ਕਾਂਗਰਸ ਦੇ ਹੈੱਡਕੁਆਰਟਰ ਇੰਦਰਾ ਭਵਨ ਵਿੱਚ ਪਾਰਟੀ ਦੀ ਪੰਜਾਬ ਇਕਾਈ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਰਣਨੀਤੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਰਦਾਫਾਸ਼ ਕਰਨ ਲਈ ਇਕ ਵਿਸ਼ੇਸ਼ ਯੋਜਨਾ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਣੇ ਕਈ ਆਗੂ ਸ਼ਾਮਲ ਹੋਏ।
ਬਘੇਲ ਨੇ ਕਿਹਾ, ‘‘ਅਸੀਂ ਕੁੱਲ ਹਿੰਦ ਕਾਂਗਰਸ ਦੀਆਂ ਹਦਾਇਤਾਂ ਮੁਤਾਬਕ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਪੰਜਾਬ ਵਿੱਚ ਕਾਂਗਰਸ ਬਹੁਤ ਮਜ਼ਬੂਤ ਹੈ ਪਰ ਇਸ ਦੇ ਸੂਖਮ ਪ੍ਰਬੰਧਨ ਦੀ ਲੋੜ ਹੈ। ਅਸੀਂ ਪਾਰਟੀ ਨੂੰ ਮਜ਼ਬੂਤ ਬਣਾਉਣ ਦਾ ਸੁਨੇਹਾ ਦਿੱਤਾ ਹੈ ਅਤੇ ਹਰੇਕ ਆਗੂ ਨੇ ਖੁੱਲ੍ਹ ਕੇ ਆਪਣੀ ਗੱਲ ਰੱਖੀ ਹੈ।’’ ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ਵਿੱਚ ਪੰਜਾਬ ਕਾਂਗਰਸ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਏਜੰਡਾ ਤਿਆਰ ਕਰੇਗੀ ਜਿਸ ਨੂੰ ਬੂਥ ਪੱਧਰ ’ਤੇ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਲਈ ਇਕ ਸਿਖਲਾਈ ਪ੍ਰੋਗਰਾਮ ਕਰਵਾਇਆ ਜਾਵੇਗਾ ਅਤੇ ਬੂਥ ਪੱਧਰੀ ਕਮੇਟੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ, ‘‘ਅਸੀਂ ਕਿਸਾਨਾਂ, ਨੌਜਵਾਨਾਂ, ਮਹਿਲਾਵਾਂ, ਦਲਿਤਾਂ ਅਤੇ ਨਸ਼ਿਆਂ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਲੜ ਰਹੇ ਹਾਂ।’’
ਬਘੇਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਖ਼ਬਰਾਂ ਨੂੰ ਅਫ਼ਵਾਹ ਕਰਾਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਕਾਂਗਰਸ ਬਾਰੇ ਇਕ ਅੰਦਰੂਨੀ ਰਿਪੋਰਟ ਕਾਂਗਰਸ ਦੀ ਲੀਡਰਸ਼ਿਪ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ, ‘‘ਇਹ ਸੰਗਠਨ ਨੂੰ ਮਜ਼ਬੂਤ ਕਰਨ ਦਾ ਸਾਲ ਹੈ, ਇਸ ਵਾਸਤੇ ਸਾਰਿਆਂ ਨੇ ਉਸੇ ਦਿਸ਼ਾ ਵਿੱਚ ਆਪਣੇ ਵਿਚਾਰ ਰੱਖੇ।’’ -ਪੀਟੀਆਈ
ਨਵਜੋਤ ਸਿੱਧ ਰਹੇ ਗੈਰ-ਹਾਜ਼ਰ
ਇਸ ਮੀਟਿੰਗ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੁਝ ਹੋਰ ਆਗੂ ਸ਼ਾਮਲ ਨਹੀਂ ਹੋਏ। ਇਸ ਬਾਰੇ ਭੂਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਪਰ ਕੁਝ ਲੋਕ ਨਿੱਜੀ ਰੁਝੇਵਿਆਂ ਕਰ ਕੇ ਮੀਟਿੰਗ ਵਿੱਚ ਪਹੁੰਚ ਨਹੀਂ ਸਕੇ।
ਹੱਦਬੰਦੀ ਪੰਜਾਬ ਦੀ ਰਵਾਇਤੀ ਹੋਂਦ ਲਈ ਖ਼ਤਰਾ ਕਰਾਰ
ਨਵੀਂ ਦਿੱਲੀ (ਉਬੀਰ ਨਕਸ਼ਬੰਦੀ):
ਪੰਜਾਬ ਕਾਂਗਰਸ ਦੇ ਆਗੂਆਂ ਨੇ ਅੱਜ ਅੱਗੇ ਹੋਣ ਵਾਲੀ ਹੱਦਬੰਦੀ ਨੂੰ ਸੂਬੇ ਦੀ ਰਵਾਇਤੀ ਹੋਂਦ ਲਈ ਖ਼ਤਰਾ ਕਰਾਰ ਦਿੰਦਿਆਂ ਭਾਰਤੀ ਜਨਤਾ ਪਾਰਟੀ ’ਤੇ ਸਿਆਸੀ ਵਿਰੋਧੀਆਂ ਖ਼ਿਲਾਫ਼ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਕੇ ‘ਸਿਆਸੀ ਅਤਿਵਾਦ’ ਫੈਲਾਉਣ ਦਾ ਦੋਸ਼ ਲਗਾਇਆ ਹੈ। ਪੰਜਾਬ ਦੇ ਕਾਂਗਰਸੀ ਆਗੂ ਇੱਥੇ ਪਾਰਟੀ ਹੈੱਡਕੁਆਰਟਰ ਇੰਦਰਾ ਭਵਨ ਵਿੱਚ ਇਕ ਰਣਨੀਤੀ ਮੀਟਿੰਗ ਕਰਨ ਲਈ ਇਕੱਤਰ ਹੋਏ ਸਨ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੀਟਿੰਗ ਵਿੱਚ ਕੇਂਦਰ ਦੀ ਹੱਦਬੰਦੀ ਦੀ ਯੋਜਨਾ ਬਾਰੇ ਵੀ ਚਰਚਾ ਹੋਈ। ਉਨ੍ਹਾਂ ਕਿਹਾ, ‘‘ਇਸ ਸਬੰਧ ਵਿੱਚ ਇਕ ਕਮੇਟੀ ਬਣਾਈ ਜਾਵੇਗੀ ਜੋ ਇਸ ਕਦਮ ਦੇ ਪੰਜਾਬ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਰਚਾ ਕਰੇਗੀ। ਇਸ ਮਸਲੇ ਨੂੰ ਕੌਮੀ ਪੱਧਰ ’ਤੇ ਉਠਾਇਆ ਜਾਵੇਗਾ।’’ ਬਾਜਵਾ ਨੇ ਕਿਹਾ ਕਿ ਹੱਦਬੰਦੀ ਦੀ ਪ੍ਰਕਿਰਿਆ ਵਿੱਚ ਪੰਜਾਬ ਨੂੰ ਨੁਕਸਾਨ ਹੋਵੇਗਾ ਕਿਉਂਕਿ ਇਸ ਵੱਲੋਂ ਪਰਿਵਾਰ ਨਿਯੋਜਨ ਦੇ ਟੀਚਿਆਂ ਦੀ ਪਾਲਣਾ ਕੀਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ, ‘‘ਇਹ ਸਾਡੀ ਰਵਾਇਤੀ ਹੋਂਦ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਹੈ। ਪੰਜਾਬ ਦੇ ਸਾਰੇ ਆਗੂ ਕੇਂਦਰ ਦੇ ਇਸ ਕਦਮ ਖ਼ਿਲਾਫ਼ ਡਟਣਗੇ।’’ ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ,‘‘ਭਾਜਪਾ ਵੱਲੋਂ ਈਡੀ ਸਣੇ ਹੋਰ ਜਾਂਚ ਏਜੰਸੀਆਂ ਦੀ ਵਰਤੋਂ ਕਰ ਕੇ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਦੇਸ਼ ਵਿੱਚ ਸਿਆਸੀ ਅਤਿਵਾਦ ਫੈਲਾਇਆ ਗਿਆ ਹੈ। ਹਾਲ ਹੀ ਵਿੱਚ ਚੰਡੀਗੜ੍ਹ ’ਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਖਹਿਰਾ ਦੀ ਸੰਪਤੀ ਜ਼ਬਤ ਕੀਤੀ ਹੈ। ਉਨ੍ਹਾਂ ਕਿਹਾ, ‘‘ਮੇਰੇ ਖ਼ਿਲਾਫ਼ ਮਾਮਲੇ ਵਿੱਚ 2021 ’ਚ ਚਲਾਨ ਪੇਸ਼ ਕੀਤਾ ਗਿਆ ਸੀ। ਉਸ ਸਮੇਂ ਮੇਰੀ ਸੰਪਤੀ ਜ਼ਬਤ ਨਹੀਂ ਕੀਤੀ ਗਈ ਸੀ। ਹੁਣ ਚਾਰ ਸਾਲਾਂ ਬਾਅਦ ਇਸ ਨੂੰ ਅਟੈਚ ਕੀਤਾ ਗਿਆ ਹੈ ਕਿਉਂਕਿ ਪੰਜਾਬ ਵਿੱਚ 2027 ’ਚ ਚੋਣਾਂ ਹੋਣੀਆਂ ਹਨ। ਪਹਿਲਾਂ ਭੂਪੇਸ਼ ਬਘੇਲ ’ਤੇ ਹਮਲਾ ਕੀਤਾ ਗਿਆ ਅਤੇ ਛਾਪੇ ਮਾਰੇ ਗਏ। ਅਜਿਹਾ ਇਸ ਵਾਸਤੇ ਕੀਤਾ ਗਿਆ ਕਿਉਂਕਿ ਉਹ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਨ।’’
‘ਆਪ’ ਨੇ ਪੰਜਾਬ ਕਾਂਗਰਸ ਨੂੰ ਦਿੱਲੀ ’ਚ ਮੀਟਿੰਗ ਕਰਨ ’ਤੇ ਘੇਰਿਆ
ਚੰਡੀਗੜ੍ਹ:
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਕਾਂਗਰਸ ਵੱਲੋਂ ਦਿੱਲੀ ਵਿੱਚ ਮੀਟਿੰਗ ਕਰਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਲਗਾਤਾਰ ‘ਆਪ’ ਉੱਤੇ ਪੰਜਾਬ ਨੂੰ ਦਿੱਲੀ ਤੋਂ ਚਲਾਉਣ ਦੇ ਦੋਸ਼ ਲਗਾਉਂਦੀ ਰਹੀ ਹੈ ਪਰ ਹੁਣ ਪੰਜਾਬ ਕਾਂਗਰਸ ਦੇ ਆਗੂ ਖੁਦ ਬੇਨਕਾਬ ਹੋ ਗਏ ਹਨ। ਇਸ ਸਬੰਧੀ ‘ਆਪ’ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਵੱਲੋਂ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਦਿੱਲੀ ਵਿੱਚ ਮੀਟਿੰਗ ਕਰਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਦੂਜਿਆਂ ’ਤੇ ਦੋਸ਼ ਲਗਾਉਂਦੇ ਰਹੇ ਹਨ ਪਰ ਉਹ ਖ਼ੁਦ ਫ਼ੈਸਲੇ ਲੈਣ ਲਈ ਦਿੱਲੀ ’ਤੇ ਨਿਰਭਰ ਹਨ। ਗਰਗ ਨੇ ਕਿਹਾ ਕਿ ਹੁਣ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਮੀਟਿੰਗ ਦਿੱਲੀ ਵਿੱਚ ਕਿਉਂ ਹੋ ਰਹੀ ਹੈ। ਉਨ੍ਹਾਂ ਪੁੱਛਿਆ ਕਿ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ ਜਾਂ ਭੂਪੇਸ਼ ਬਘੇਲ ਮੀਟਿੰਗ ਲਈ ਪੰਜਾਬ ਨਹੀਂ ਆ ਸਕਦੇ ਹਨ। -ਟਨਸ