‘ਆਪ’ ਦੇ ਸਿੱਖਿਆ ਕ੍ਰਾਂਤੀ ਦੇ ਦਾਅਵੇ ਝੂਠੇ: ਦੁਰਲੱਭ ਸਿੱਧੂ
ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਅਪਰੈਲ
ਕਾਂਗਰਸ ਆਗੂ ਦੁਰਲੱਭ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਪ੍ਰਚਾਰੀ ਜਾ ਰਹੀ ਸਿੱਖਿਆ ਕ੍ਰਾਂਤੀ ਨੂੰ ਝੂਠੀ ਤੇ ਗੁਮਰਾਹਕੁਨ ਦੱਸਿਆ ਹੈ। ਉਹ ਹਲਕਾ ਲਹਿਰਾਗਾਗਾ ਦੇ ਪਿੰਡ ਭੁੱਲਣ ਵਿਚ ਸਕੂਲ ਦੀ ਚਾਰਦੀਵਾਰੀ ਦੇ ਨੀਂਹ ਪੱਥਰ ਕੋਲ ਖੜ੍ਹ ਕੇ ਖੁਲਾਸਾ ਕੀਤਾ ਕਿ 'ਆਪ' ਦੇ ਵੱਡੇ ਦਾਅਵਿਆਂ ਦੇ ਉਲਟ, ਇਸ ਸਕੂਲ ਦੀ ਚਾਰਦੀਵਾਰੀ ਪਹਿਲਾਂ ਹੀ ਮੌਜੂਦ ਸੀ, ਉਨ੍ਹਾਂ ਦੱਸਿਆ ਕਿ ਇਸ ਚਾਰਦੀਵਾਰੀ ਦੀ ਮੌਜੂਦਾ ਕੰਧ ਦੀ ਉਚਾਈ ਨੂੰ ਸਿਰਫ ਇੱਕ ਫੁੱਟ ਵਧਾਇਆ ਗਿਆ ਹੈ ਤੇ ਕੰਧਾਂ ਨੂੰ ਪੇਂਟ ਕਰ ਕੇ ਵੱਡੀ ਪ੍ਰਾਪਤੀ ਵਜੋਂ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਅਜਿਹੇ ਛੋਟੇ-ਮੋਟੇ ਕੰਮਾਂ ਲਈ ਸ਼ਾਨਦਾਰ ਉਦਘਾਟਨੀ ਸਮਾਗਮ ਕਰਵਾਉਣਾ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਬੇਲੋੜਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਤਬਦੀਲੀਆਂ ਲਈ ਵੱਡੇ ਪੱਧਰ 'ਤੇ ਸਮਾਗਮ ਕਰਨਾ ਨਾ ਸਿਰਫ਼ ਮਾਪਿਆਂ ਅਤੇ ਅਧਿਆਪਕਾਂ ਲਈ ਬੇਲੋੜੀ ਅਸੁਵਿਧਾ ਪੈਦਾ ਕਰਦਾ ਹੈ ਸਗੋਂ ਪੰਜਾਬ ਦੇ ਖਜ਼ਾਨੇ 'ਤੇ ਵਾਧੂ ਵਿੱਤੀ ਬੋਝ ਵੀ ਪਾਉਂਦਾ ਹੈ। ਸਿੱਧੂ ਨੇ ਕਿਹਾ ਕਿ ਉਹ ਸਕੂਲਾਂ ਦੇ ਵਿਕਾਸ ਜਾਂ ਪੰਜਾਬ ਦੇ ਸਿੱਖਿਆ ਖੇਤਰ ਦੀ ਤਰੱਕੀ ਦੇ ਵਿਰੁੱਧ ਨਹੀਂ ਹਨ ਪਰ ‘ਸਿੱਖਿਆ ਕ੍ਰਾਂਤੀ’ ਦੇ ਬੈਨਰ ਹੇਠ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਸਖ਼ਤ ਵਿਰੋਧ ਕਰਦੇ ਹਨ।
ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪ੍ਰਚਾਰ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਆਪਣੀ ਊਰਜਾ ਅਤੇ ਸਰੋਤਾਂ ਨੂੰ ਸਾਰਥਕ ਅਤੇ ਪ੍ਰਭਾਵਸ਼ਾਲੀ ਸੁਧਾਰਾਂ ’ਤੇ ਲਗਾਵੇ ਜਿਸ ਨਾਲ ਵਿਦਿਆਰਥੀਆਂ ਨੂੰ ਅਸਲ ਵਿੱਚ ਲਾਭ ਹੋਵੇਗਾ ਅਤੇ ਪੰਜਾਬ ਦਾ ਭਵਿੱਖ ਸੁਰੱਖਿਅਤ ਹੋਵੇਗਾ।