ਆਪਣੀ ਬੋਲੀ ਆਪਣੇ ਲੋਕ
ਜਸਵੰਤ ਸਿੰਘ ਜ਼ਫ਼ਰ*
ਤਕਰੀਬਨ 25 ਸਾਲ ਪਹਿਲਾਂ ਇੱਕ ਗੀਤ ਪ੍ਰਸਿੱਧ ਹੋਇਆ ਸੀ:
ਮਾਂ ਮੈਂ ਹੁਣ ਨਹੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ।
ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ ਤਾਂ ਪੰਜਾਬ ਇਨ੍ਹਾਂ ਦਾ ਪੇਕਾ ਘਰ ਹੈ। ਅਸੀਂ ਪੇਕੇ ਘਰ ’ਚੋਂ ਮਾਂ ਦੇ ਰੁਤਬੇ ਅਤੇ ਦਬਦਬੇ ਨੂੰ ਜਿਉਂ ਜਿਉਂ ਖੋਰਦੇ ਚਲੇ ਗਏ, ਤਿਉਂ ਤਿਉਂ ਸਾਡਾ ਆਪਣੇ ਪੇਕੇ ਘਰ ਪੰਜਾਬ ਵਿੱਚ ਜੀਅ ਲੱਗਣੋਂ ਹਟਦਾ ਗਿਆ। ਨਤੀਜਾ, ਅੱਜ ਪੰਜਾਬੀ ਨੌਜਵਾਨ ਪੰਜਾਬ ਵਿੱਚ ਰਹਿਣਾ ਨਹੀਂ ਚਾਹੁੰਦਾ, ਹਰ ਹੀਲੇ ਵਸੀਲੇ ਇੱਥੋਂ ਬਾਹਰ ਜਾਣਾ ਚਾਹੁੰਦਾ ਹੈ। ਕੁੜੀਆਂ ਤਾਂ ਇਸ ਖਿੱਤੇ ਵਿੱਚ ਜੰਮਣਾ ਹੀ ਨਹੀਂ ਚਾਹੁੰਦੀਆਂ, ਮਾਵਾਂ ਉਨ੍ਹਾਂ ਦਾ ਕੁੱਖਾਂ ਵਿੱਚ ਗਰਭਪਾਤ ਕਰਵਾਈ ਜਾਂਦੀਆਂ ਹਨ। ਕਿਸਾਨ ਖ਼ੁਦਕੁਸ਼ੀਆਂ ਕਰਕੇ ਦੇਸ਼ ਕਿਨਾਰਾ ਕਰ ਰਹੇ ਹਨ। ਬਚੇ ਖੁਚੇ ਨੌਜਵਾਨ ਨਸ਼ਿਆਂ ਦੇ ਉੱਡਣ ਖਟੋਲੇ ’ਤੇ ਸਵਾਰ ਹੋ ਕੇ ਕਿਸੇ ਹੋਰ ਸੰਸਾਰ ਵਿੱਚ ਜਾ ਵਸਣਾ ਚਾਹੁੰਦੇ ਹਨ। ਗੱਲ ਕੀ... ਪੰਜਾਬੀ ਬੰਦੇ ਦਾ ਪੰਜਾਬ ਵਿੱਚ ਚਿੱਤ ਨਹੀਂ ਲੱਗ ਰਿਹਾ। ਭਾਈਚਾਰੇ ਦੀ ਪਛਾਣ ਅਤੇ ਸਵੈਮਾਣ ਦਾ ਸਭ ਤੋਂ ਵੱਡਾ ਤੱਤ ਉਸ ਦੀ ਬੋਲੀ ਹੁੰਦੀ ਹੈ। ਆਪਣੀ ਬੋਲੀ ਨੂੰ ਤਿਲਾਂਜਲੀ ਦੇਣਾ ਆਪਣੇ ਸਵੈਮਾਣ ਨੂੰ ਤਿਲਾਂਜਲੀ ਦੇਣਾ ਹੁੰਦਾ ਹੈ।
ਜਿਵੇਂ ਬੱਚੇ ਦਾ ਸਰੀਰ ਉਸ ਦੀ ਮਾਂ ਤੋਂ ਬਣਿਆ ਹੁੰਦਾ ਹੈ, ਉਸੇ ਤਰ੍ਹਾਂ ਸਾਡੇ ਮਨ ਤੇ ਚਿੱਤ ਸਾਡੀ ਮਾਂ ਬੋਲੀ ਤੋਂ ਬਣੇ ਹਨ। ਸਾਡੇ ਸਰੀਰ ਅੰਨ ਪਾਣੀ ਨਾਲ ਵਿਕਸਿਤ ਹੋਏ ਹਨ ਤਾਂ ਚਿਤ ਤੇ ਅਵਚੇਤਨ ਸਾਡੀ ਬੋਲਬਾਣੀ ਦੇ ਬਣੇ ਹਨ। ਅਸੀਂ ਆਪਣੀ ਬੋਲੀ ਦੇ ਗੀਤਾਂ, ਮੁਹਾਵਰਿਆਂ, ਅਖਾਣਾਂ, ਅਸੀਸਾਂ, ਤਾਹਨੇ, ਮਿਹਣਿਆਂ, ਇੱਥੋਂ ਤੱਕ ਕਿ ਗਾਲੀ ਗਲੋਚ ਆਦਿ ਦੀ ਸੰਰਚਨਾ ਹਾਂ। ਪੰਜਾਬੀ ਬੰਦਾ ਪੰਜਾਬੀ ਬੋਲੀ ਦਾ ਬਣਿਆ ਹੋਣ ਕਰਕੇ ਹੀ ਪੰਜਾਬੀ ਬੰਦਾ ਅਖਵਾਉਣ ਦਾ ਅਧਿਕਾਰੀ ਹੁੰਦਾ ਹੈ। ਉਹ ਜੋ ਕੁਝ ਪੰਜਾਬੀ ਵਿੱਚ ਸੁਣਦਾ ਤੇ ਸਿੱਖਦਾ ਹੈ, ਉਸ ਦੇ ਅਵਚੇਤਨ ਅਤੇ ਸ਼ਖ਼ਸੀਅਤ ਦਾ ਹਿੱਸਾ ਬਣ ਜਾਂਦਾ ਹੈ। ਦੂਸਰੀ ਜ਼ੁਬਾਨ ਰਾਹੀਂ ਪ੍ਰਾਪਤ ਕੀਤਾ ਗਿਆਨ ਸਿਰਫ਼ ਸੂਚਨਾ ਮਾਤਰ ਰਹਿ ਜਾਂਦਾ ਹੈ। ਮੈਂ ਵਿਗਿਆਨ ਦੀਆਂ ਬਹੁਤ ਸਾਰੀਆਂ ਜਮਾਤਾਂ ਪਾਸ ਕੀਤੇ ਹੋਇਆਂ ਨੂੰ ਵਹਿਮ ਭਰਮ ਅਤੇ ਟੂਣੇ ਟਾਮਣ ਕਰਦੇ ਦੇਖਿਆ ਹੈ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਦੂਸਰੀ ਜ਼ੁਬਾਨ ਵਿੱਚ ਪੜ੍ਹੇ ਵਿਗਿਆਨ ਨਾਲ ਬੰਦੇ ਅੰਦਰ ਵਿਗਿਆਨਕ ਸੋਝੀ ਵਿਕਸਿਤ ਨਹੀਂ ਹੁੰਦੀ। ਦੂਜੇ ਪਾਸੇ ਆਪਣੀ ਜ਼ੁਬਾਨ ਵਿੱਚ ਗ੍ਰਹਿਣ ਕੀਤੇ ਵਹਿਮ ਭਰਮ ਬੰਦੇ ਦਾ ਖਹਿੜਾ ਨਹੀਂ ਛੱਡਦੇ। ਆਪਣੀ ਜ਼ੁਬਾਨ ਵਿੱਚ ਵਿਗਿਆਨ ਦੀ ਪੜ੍ਹਾਈ ਦਾ ਨਾ ਹੋਣਾ ਹੀ ਪੰਜਾਬੀਆਂ ਦਾ ਵਿਗਿਆਨਕ ਤੌਰ ’ਤੇ ਪਛੜੇ ਹੋਣ ਦਾ ਕਾਰਨ ਜਾਪਦਾ ਹੈ। ਪੰਜਾਬ ਵਿੱਚ ਸਿਆਸੀ ਸਰਗਰਮੀਆਂ, ਚੋਣ ਭਾਸ਼ਣ, ਦੂਸ਼ਣਬਾਜ਼ੀਆਂ, ਫ਼ਿਰਕੂ ਤਕਰੀਰਾਂ, ਅਖੌਤੀ ਸਾਧੂ ਸੰਤਾਂ ਦੇ ਗਪੌੜੀ ਪ੍ਰਵਚਨ, ਨੀਵੇਂ ਪੱਧਰ ਦੀ ਗੀਤਕਾਰੀ- ਸਭ ਪੰਜਾਬੀ ਵਿੱਚ ਹੁੰਦਾ ਹੈ। ਇਸ ਕਰਕੇ ਘਟੀਆ ਤੋਂ ਘਟੀਆ ਸਿਆਸਤਦਾਨ, ਚਰਿੱਤਰਹੀਣ ਅਖੌਤੀ ਧਾਰਮਿਕ ਪੁਰਸ਼ ਅਤੇ ਨੀਵੇਂ ਦਰਜੇ ਦੇ ਗਾਇਕ ਵੀ ਅੱਜ ਦੇ ਪੰਜਾਬੀਆਂ ਦੇ ਨਾਇਕ ਹਨ, ਉਨ੍ਹਾਂ ਨੂੰ ਸਭ ਜਾਣਦੇ ਹਨ। ਦੂਜੇ ਪਾਸੇ ਪੰਜਾਬ ਦੇ ਵਿਸ਼ਵ ਪ੍ਰਸਿੱਧ ਵਿਗਿਆਨੀਆਂ ਨੂੰ ਵਿਰਲੇ ਟਾਵੇਂ ਪੰਜਾਬੀ ਹੀ ਜਾਣਦੇ ਹਨ। ਦੂਸਰੀਆਂ ਬੋਲੀਆਂ ਅਸੀਂ ਵਿਆਕਰਨ ਦੇ ਮਾਧਿਅਮ ਰਾਹੀਂ ਸਿੱਖਦੇ ਹਾਂ। ਆਪਣੀ ਬੋਲੀ ਬਿਨਾਂ ਵਿਆਕਰਨ ਦੀ ਜਾਣਕਾਰੀ ਤੋਂ ਸਿੱਧੀ ਗ੍ਰਹਿਣ ਕੀਤੀ ਹੁੰਦੀ ਹੈ। ਸਿੱਖਣ ਦੀ ਬਜਾਏ ਗ੍ਰਹਿਣ ਕੀਤੀ ਹੋਣ ਕਰਕੇ ਅਨਪੜ੍ਹ ਤੋਂ ਅਨਪੜ੍ਹ ਬੰਦਾ, ਇੱਥੋਂ ਤੱਕ ਕਿ ਮੰਦਬੁੱਧੀ ਵਿਅਕਤੀ ਵੀ ਆਪਣੀ ਬੋਲੀ ਠੀਕ ਤਰ੍ਹਾਂ ਨਾਲ ਸਮਝ ਅਤੇ ਬੋਲ ਲੈਂਦਾ ਹੈ। ਦੂਜੀਆਂ ਬੋਲੀਆਂ ਰਾਹੀਂ ਚੀਜ਼ਾਂ ਸਿੱਖੀਆਂ ਜਾ ਸਕਦੀਆਂ ਹਨ ਪਰ ਇਹ ਗ੍ਰਹਿਣ ਆਪਣੀ ਬੋਲੀ ਰਾਹੀਂ ਹੀ ਹੁੰਦੀਆਂ ਹਨ। ਵਿਗਿਆਨ ਦੇ ਜਾਣਕਾਰ ਹੋਣਾ ਹੋਰ ਗੱਲ ਹੈ ਅਤੇ ਵਿਗਿਆਨਕ ਸੋਚ ਦੇ ਧਾਰਨੀ ਹੋਣਾ ਹੋਰ ਗੱਲ ਹੈ। ਮੈਂ ਇਸ ਗੱਲ ਦਾ ਪੁਰਾਣਾ ਅਤੇ ਪੱਕਾ ਧਾਰਨੀ ਹਾਂ ਕਿ ਪੰਜਾਬੀਆਂ ਨੇ ਜੇਕਰ ਬੌਧਿਕ ਅਤੇ ਆਤਮਕ ਅਮੀਰੀ ਗ੍ਰਹਿਣ ਕਰਨੀ ਹੈ ਤਾਂ ਇਨ੍ਹਾਂ ਨੂੰ ਹਰ ਤਰ੍ਹਾਂ ਦੇ ਗਿਆਨ ਵਿਗਿਆਨ ਦੀ ਪੜ੍ਹਾਈ ਆਪਣੀ ਬੋਲੀ ਵਿੱਚ ਕਰਨੀ ਪਵੇਗੀ। ਮੈਂ ਪੜ੍ਹਾਈ ਪੱਖੋਂ ਪੰਜਾਬ ਦੇ ਸ਼ਾਇਦ ਸਭ ਤੋਂ ਮਾੜੇ ਸਕੂਲ ਤੋਂ ਮੈਟ੍ਰਿਕ ਕੀਤੀ ਸੀ ਕਿਉਂਕਿ ਇੱਥੇ ਸੱਠਾਂ ਵਿੱਚੋਂ ਸਿਰਫ਼ ਸੱਤ ਬੱਚੇ ਪਾਸ ਹੋਏ ਸਨ। ਫਿਰ ਵੀ ਮੇਰੇ ਵਿਗਿਆਨ ਦੇ ਵਿਸ਼ੇ ’ਚੋਂ 88 ਫ਼ੀਸਦੀ ਨੰਬਰ ਸਨ। ਇਸੇ ਕਰਕੇ ਪੰਜਾਬ ਦੇ ਬਿਹਤਰੀਨ ਕਾਲਜ ਵਿੱਚ ਵਿਗਿਆਨ ਦੇ ਵਿਸ਼ਿਆਂ ਨਾਲ ਗਿਆਰ੍ਹਵੀਂ ਜਮਾਤ ਵਿੱਚ ਦਾਖਲਾ ਲੈਣ ਵਿੱਚ ਸਫਲ ਹੋਇਆ। ਪਰ ਇੱਥੇ ਵਿਗਿਆਨ ਦੀ ਪੜ੍ਹਾਈ ਦੂਸਰੀ ਜ਼ੁਬਾਨ ਵਿੱਚ ਸ਼ੁਰੂ ਹੋ ਗਈ। ਇੱਥੋਂ ਮੈਂ ਗਿਆਰ੍ਹਵੀਂ ਵਿੱਚ ਬਹੁਤ ਰੁਲ ਖੁਲ ਕੇ ਮਸਾਂ ਪਾਸ ਹੋਇਆ। ਬਾਰ੍ਹਵੀਂ ਜਮਾਤ ਵਿੱਚੋਂ 62 ਫ਼ੀਸਦੀ ਨੰਬਰ ਦੋ ਸਾਲ ਲਗਾ ਕੇ ਪ੍ਰਾਪਤ ਕਰ ਸਕਿਆ। ਅੱਜ ਮੈਂ ਆਪਣੇ ਬਚਪਨ ਵਿੱਚ ਵਿਗਿਆਨ ਪ੍ਰਤੀ ਆਪਣੀ ਦਿਲਚਸਪੀ ਨੂੰ ਦੇਖਦਾ ਹਾਂ ਤਾਂ ਅਨੁਮਾਨ ਲਾ ਸਕਦਾ ਹਾਂ ਕਿ ਅਗਰ ਮੈਂ ਉੱਪਰਲੀਆਂ ਕਲਾਸਾਂ ਵਿੱਚ ਵੀ ਵਿਗਿਆਨ ਦੀ ਪੜ੍ਹਾਈ ਆਪਣੀ ਬੋਲੀ ਵਿੱਚ ਕਰਨੀ ਹੁੰਦੀ ਤਾਂ ਮੈਂ ਵਿਸ਼ਵ ਪ੍ਰਸਿੱਧ ਵਿਗਿਆਨੀ ਬਣਨ ਦੀਆਂ ਸੰਭਾਵਨਾਵਾਂ ਵਾਲਾ ਬੱਚਾ ਸੀ। ਪਰ ਬਣ ਸਕਿਆ ਮੈਂ ਦਰਮਿਆਨਾ ਜਿਹਾ ਇੰਜੀਨੀਅਰ। ਉਹ ਵੀ ਇਸ ਕਰਕੇ ਬਣ ਸਕਿਆ ਕਿਉਂਕਿ ਲੁਧਿਆਣੇ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚ 70 ਫ਼ੀਸਦੀ ਸੀਟਾਂ ਮੇਰੇ ਵਰਗੇ ਪੇਂਡੂ ਵਿਦਿਆਰਥੀਆਂ ਲਈ ਰਾਖਵੀਆਂ ਸਨ। ਆਪਣੀ 34 ਸਾਲ ਦੀ ਇੰਜੀਨੀਅਰ ਦੀ ਨੌਕਰੀ ਦੌਰਾਨ ਮੈਨੂੰ ਆਪਣੇ ਵਿਭਾਗ ਦੇ ਅੰਦਰ ਕਿਸੇ ਸੀਨੀਅਰ ਜਾਂ ਮਾਤਹਿਤ ਨਾਲ ਕਿਸੇ ਦੂਸਰੀ ਬੋਲੀ ਵਿੱਚ ਤਕਨੀਕੀ ਗੱਲਬਾਤ ਜਾਂ ਲਿਖਾ ਪੜ੍ਹੀ ਨਹੀਂ ਕਰਨੀ ਪਈ। ਫਿਰ ਇੰਜੀਨਿਅਰਿੰਗ ਦੀ ਪੜ੍ਹਾਈ ਦੂਜੀ ਭਾਸ਼ਾ ਵਿੱਚ ਕਿਉਂ ਕਰਾਈ ਗਈ ਇਹ ਮੈਨੂੰ ਅਜੇ ਤੱਕ ਅਟਪਟਾ ਲੱਗੀ ਜਾਂਦਾ ਹੈ।
ਪੰਜਾਬੀ ਲੋਕ ਮਨ ਦਾ ਵਿਗਿਆਨ ਨਾਲ ਉਹ ਸਬੰਧ ਨਹੀਂ ਬਣਿਆ ਜੋ ਯੂਰਪੀਨ ਲੋਕਾਂ ਦਾ ਬਣਿਆ ਹੈ। ਉਹ ਲੋਕ ਵਿਗਿਆਨ ਆਪੋ ਆਪਣੀਆਂ ਯੂਰਪੀ ਜ਼ੁਬਾਨਾਂ ਵਿੱਚ ਪੜ੍ਹਦੇ ਹਨ। ਵਿਗਿਆਨ ਦੇ ਵਿਸ਼ਿਆਂ ਵਿੱਚ ਨੋਬੇਲ ਪੁਰਸਕਾਰ ਜਿੱਤਣ ਵਾਲਿਆਂ ਦੀ ਬਹੁਗਿਣਤੀ ਅੰਗਰੇਜ਼ਾਂ ਦੀ ਨਹੀਂ ਹੈ; ਕੋਈ ਜਰਮਨ ਹੈ ਕੋਈ ਫਰੈਂਚ ਹੈ ਜਾਂ ਯੂਰਪ ਦੀਆਂ ਹੋਰ ਬੋਲੀਆਂ ਬੋਲਣ ਵਾਲੇ ਹਨ। ਇਨ੍ਹਾਂ ਦੇ ਜਿਹੜੇ ਖੋਜ ਪੱਤਰਾਂ ਲਈ ਨੋਬੇਲ ਪੁਰਸਕਾਰ ਮਿਲੇ ਉਹ ਇਨ੍ਹਾਂ ਦੀਆਂ ਆਪਣੀਆਂ ਬੋਲੀਆਂ ਵਿੱਚ ਹਨ। ਸਾਡੇ ਦੇਸ਼ ਦੇ ਭੌਤਿਕ ਵਿਗਿਆਨੀ ਚੰਦਰ ਸ਼ੇਖਰ ਨੂੰ ਉਸ ਦੇ ਜਿਸ ਖੋਜ ਪੱਤਰ ਲਈ ਨੋਬੇਲ ਇਨਾਮ ਮਿਲਿਆ ਉਸਦੀ ਮਾਤ ਭਾਸ਼ਾ ਤਾਮਿਲ ਵਿੱਚ ਹੈ। ਅਸੀਂ ਇਹ ਵਹਿਮ ਪਾਲਿਆ ਹੋਇਆ ਹੈ ਕਿ ਸਾਇੰਸ ਅਤੇ ਤਕਨਾਲੋਜੀ ਸਿਰਫ਼ ਅੰਗਰੇਜ਼ੀ ਵਿੱਚ ਪੜ੍ਹਾਏ ਜਾਣ ਵਾਲੇ ਖੇਤਰ ਹਨ। ਅਸਲ ਵਿੱਚ ਸਾਇੰਸ ਦੀ ਸਾਰੀ ਖੋਜ ਅਤੇ ਵਿਕਾਸ ਯੂਰਪ ਦੇ ਵੱਖ ਵੱਖ ਖਿੱਤਿਆਂ ਅਤੇ ਬੋਲੀਆਂ ਵਿੱਚ ਨਾਲ ਨਾਲ ਹੋਇਆ ਹੈ। ਇਲੈਕਟਰੀਕਲ ਇੰਜੀਨੀਅਰਿੰਗ ਦੀਆਂ ਬੁਨਿਆਦੀ ਇਕਾਈਆਂ ਹਨ ਵੋਲਟ, ਐਮਪੀਅਰ, ਵਾਟ ਅਤੇ ਓਹਮ। ਇਹ ਨਾਂ ਵੱਖ ਵੱਖ ਵਿਗਿਆਨੀਆਂ ਦੇ ਨਾਵਾਂ ’ਤੇ ਰੱਖੇ ਗਏ ਹਨ। ਇਨ੍ਹਾਂ ਵਿਗਿਆਨੀਆਂ ਵਿੱਚੋਂ ਕੋਈ ਵੀ ਇੰਗਲੈਂਡ ਦਾ ਨਹੀਂ ਸੀ। ਐਲੇਸੰਦਰੋ ਵੋਲਟ ਇਟਾਲੀਅਨ ਸਨ, ਆਂਦਰੇ ਮੈਰੀ ਐਮਪੀਅਰ ਫਰਾਂਸੀਸੀ ਸਨ, ਜੇਮਜ਼ ਵਾਟ ਸਕਾਟਲੈਂਡ ਦੇ ਸਨ ਅਤੇ ਜਾਰਜ ਓਹਮ ਜਰਮਨ ਦੇ ਸਨ। ਇਨ੍ਹਾਂ ਵਿੱਚੋਂ ਕਿਸੇ ਦੀ ਵੀ ਬੋਲੀ ਅੰਗਰੇਜ਼ਾਂ ਵਾਲੀ ਨਹੀਂ ਸੀ। ਅਸਲ ਵਿੱਚ ਯੂਰਪ ਵਿੱਚ ਸਨਅਤੀ ਇਨਕਲਾਬ ਆਉਣ ਜਾਂ ਆਧੁਨਿਕਤਾ ਦੇ ਆਉਣ ਸਮੇਂ ਅਸੀਂ ਅੰਗਰੇਜ਼ਾਂ ਦੇ ਅਧੀਨ ਸਾਂ। ਸਾਨੂੰ ਸਨਅਤੀ ਤਰੱਕੀ ਅਤੇ ਆਧੁਨਿਕਤਾ ਅੰਗਰੇਜ਼ੀ ਦੀ ਸਮਅਰਥੀ ਲੱਗਣ ਲੱਗੀ। ਅਸੀਂ ਆਪਣੇ ਅੰਦਰ ਇਹ ਬਹੁਤ ਗਲਤ ਧਾਰਨਾ ਵਿਕਸਿਤ ਕਰ ਲਈ ਕਿ ਵਿਗਿਆਨ ਦਾ ਅੰਗਰੇਜ਼ੀ ਨਾਲ ਅਨਿਖੜਵਾਂ ਸਬੰਧ ਹੈ। ਸਾਡੇ ਜਿਹੜੇ ਬੱਚੇ ਰੂਸ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਜਾਂਦੇ ਹਨ ਉਨ੍ਹਾਂ ਨੂੰ ਉੱਥੇ ਜਾ ਕੇ ਪਹਿਲਾਂ ਇੱਕ ਸਾਲ ਰੂਸੀ ਭਾਸ਼ਾ ਸਿੱਖਣੀ ਪੈਂਦੀ ਹੈ ਕਿਉਂਕਿ ਉੱਥੇ ਡਾਕਟਰੀ ਦੀ ਪੜ੍ਹਾਈ ਰੂਸੀ ਭਾਸ਼ਾ ਵਿੱਚ ਹੀ ਕਰਾਈ ਜਾਂਦੀ ਹੈ। ਪਰ ਸਾਨੂੰ ਅਜੇ ਮੈਡੀਕਲ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਪੰਜਾਬੀ ਵਿੱਚ ਕਰਾਏ ਜਾਣ ਦਾ ਸੁਪਨਾ ਵੀ ਨਹੀਂ ਆਉਣ ਲੱਗਾ। ਇਹ ਕੈਸੀ ਵਿਡੰਬਨਾ ਹੈ ਕਿ ਅਸੀਂ ਪੰਜਾਬੀਆਂ ਦੇ ਆਦਿ ਜੁਗਾਦੀ ਕਿੱਤਿਆਂ ਨਾਲ ਸੰਬੰਧਿਤ ਖੇਤੀਬਾੜੀ ਵਿਗਿਆਨ ਅਤੇ ਪਸ਼ੂ ਪਾਲਣ ਵਰਗੇ ਵਿਸ਼ੇ ਵੀ ਅੰਗਰੇਜ਼ੀ ਵਿੱਚ ਪੜ੍ਹਾਉਂਦੇ ਹਾਂ।
ਜਿਹੜੀਆਂ ਕੌਮਾਂ ਨੇ ਸਾਡੇ ਨਾਲੋਂ ਵਧੇਰੇ ਤਰੱਕੀ ਕੀਤੀ ਜੇਕਰ ਉਨ੍ਹਾਂ ਨੇ ਆਪੋ ਆਪਣੀ ਬੋਲੀ ਨੂੰ ਛੱਡ ਕੇ ਤਰੱਕੀ ਕੀਤੀ ਤਾਂ ਸਾਨੂੰ ਵੀ ਆਪਣੀ ਬੋਲੀ ਦਾ ਕੋਈ ਹੇਜ ਕਰਨ ਦੀ ਲੋੜ ਨਹੀਂ। ਪਰ ਜੇਕਰ ਉਨ੍ਹਾਂ ਨੇ ਆਪੋ ਆਪਣੀ ਬੋਲੀ ਦੇ ਮਾਧਿਅਮ ਰਾਹੀਂ ਤਰੱਕੀ ਕੀਤੀ ਤਾਂ ਸਾਨੂੰ ਵੀ ਆਪਣੀ ਬੋਲੀ ਦਾ ਮਹੱਤਵ ਪਛਾਨਣਾ ਚਾਹੀਦਾ ਹੈ। ਸੱਚਾਈ ਇਹ ਹੈ ਕਿ ਇਲੈਕਟ੍ਰੋਨਿਕਸ ਦੇ ਖੇਤਰ ਵਿੱਚ ਜਾਪਾਨੀ ਸਾਰੀ ਦੁਨੀਆ ਨਾਲੋਂ ਮੋਹਰੀ ਹਨ ਪਰ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਨ੍ਹਾਂ ਸਾਰੀ ਤਰੱਕੀ ਆਪਣੀ ਜਾਪਾਨੀ ਭਾਸ਼ਾ ਵਿੱਚ ਕੀਤੀ। ਜਰਮਨਾਂ ਨੇ ਆਟੋਮੋਬਾਈਲਜ਼ ਵਿੱਚ ਸਭ ਤੋਂ ਵੱਧ ਤਰੱਕੀ ਕੀਤੀ ਅਤੇ ਉਨ੍ਹਾਂ ਨੂੰ ਵੀ ਅੰਗਰੇਜ਼ੀ ਨਾਲ ਕੋਈ ਲਗਾਓ ਨਹੀਂ ਸਗੋਂ ਉਨ੍ਹਾਂ ਆਪਣੀ ਤਰੱਕੀ ਜਰਮਨ ਭਾਸ਼ਾ ਵਿੱਚ ਕੀਤੀ। ਦੁਨੀਆ ਵਿੱਚ ਸਭ ਤੋਂ ਵੱਧ ਵਪਾਰ ਚੀਨ ਕਰ ਰਿਹਾ ਹੈ। ਚੀਨੀਆਂ ਨੇ ਆਪਣੀ ਤਰੱਕੀ ਚੀਨੀ ਭਾਸ਼ਾ ਰਾਹੀਂ ਕੀਤੀ। ਜ਼ਾਹਿਰ ਹੈ ਕਿ ਪੰਜਾਬ ਦੀ ਹੰਢਣਸਾਰ ਤਰੱਕੀ ਦਾ ਰਸਤਾ ਪੰਜਾਬੀ ਵਿੱਚੋਂ ਦੀ ਹੋ ਕੇ ਜਾਣਾ ਹੈ। ਅੰਗਰੇਜ਼ੀ ਰਾਹੀਂ ਤਰੱਕੀ ਕਰਨ ਦੇ ਵਹਿਮ ਕਾਰਨ ਹੀ ਸਾਨੂੰ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਤੋਂ ਬਾਅਦ ਉਨ੍ਹਾਂ ਦੀ ਤਰੱਕੀ ਦੀ ਜੂਠ ਖਾਣ ਲਈ ਉਨ੍ਹਾਂ ਦੇ ਦੇਸ਼ਾਂ ਭਾਵ ਇੰਗਲੈਂਡ, ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਜਾਣਾ ਪੈਂਦਾ ਹੈ। ਇਹ ਉਨ੍ਹਾਂ ਦੀ ਮਰਜ਼ੀ ਹੈ ਕਿ ਆਪਣੀ ਲੋੜ ਅਤੇ ਮੰਗ ਅਨੁਸਾਰ ਸਾਨੂੰ ਬੁਲਾ ਜਾਂ ਰੱਖ ਲੈਂਦੇ ਹਨ, ਲੋੜ ਨਾ ਹੋਵੇ ਤਾਂ ਦੁਰਕਾਰ ਜਾਂ ਸਿਸ਼ਕੇਰ ਦਿੰਦੇ ਹਨ। ਆਪਣੀ ਧਰਤੀ ’ਤੇ ਆਪਣੀਆਂ ਹਾਲਤਾਂ ਅਤੇ ਲੋੜਾਂ ਅਨੁਸਾਰ ਹੰਢਣਸਾਰ ਤਰੱਕੀ ਲਈ ਸਾਨੂੰ ਆਪਣੀ ਬੋਲੀ ਨਾਲ ਸਬੰਧ ਨੂੰ ਪੁਨਰ ਵਿਚਾਰਨਾ ਅਤੇ ਸੁਧਾਰਨਾ ਪਵੇਗਾ।
ਪੰਜਾਬੀ ਬੰਦੇ ਨੂੰ ਤਕਨੀਕ ਨਾਲ ਬਹੁਤ ਲਗਾਓ ਹੈ। ਹਰ ਨਵੀਂ ਤਕਨੀਕ ਨੂੰ ‘ਜੀ ਆਇਆਂ’ ਕਹਿੰਦਾ ਹੈ, ਵਰਤਣ ਲਈ ਤਤਪਰ ਹੁੰਦਾ ਹੈ। ਪਰ ਸਾਡਾ ਤਕਨੀਕ ਨਾਲ ਸਬੰਧ ਉਪਭੋਗੀ ਵਾਲਾ ਹੈ, ਸਿਰਜਕ ਵਾਲਾ ਨਹੀਂ ਹੈ। ਅਸੀਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਲਈ ਤਾਂ ਅਹੁਲਦੇ ਹਾਂ ਪਰ ਨਵੀਆਂ ਤਕਨੀਕਾਂ ਪੈਦਾ ਕਰਨ ਜਾਂ ਸਿਰਜਣ ਵਿੱਚ ਫਾਡੀ ਹਾਂ। ਸਿਰਜਣਾ ਦਾ ਬੋਲੀ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸ਼ਬਦ ਜਾਂ ਬੋਲੀ ਨੇ ਮਨੁੱਖ ਨੂੰ ਜਾਨਵਰ ਤੋਂ ਬੰਦਾ ਬਣਾਇਆ ਹੈ। ਮਨੁੱਖੀ ਸੱਭਿਅਤਾ ਦੇ ਵਿਕਾਸ ਦੀ ਕਹਾਣੀ ਅਸਲ ਵਿੱਚ ਭਾਸ਼ਾ ਦੇ ਵਿਕਾਸ ਦੀ ਕਹਾਣੀ ਹੈ। ਜਿਹੜੇ ਕਬੀਲਿਆਂ ਦੀ ਜੀਵਨ ਸ਼ੈਲੀ ਸਦੀਆਂ ਤੋਂ ਜਿਉਂ ਦੀ ਤਿਉਂ ਹੈ ਉਨ੍ਹਾਂ ਦੀ ਭਾਸ਼ਾ ਵੀ ਜਿਉਂ ਦੀ ਤਿਉਂ ਹੈ। ਭਾਸ਼ਾ ਜਾਂ ਬੋਲੀ ਨਾਲ ਹੀ ਮਨੁੱਖ ਤਕਨੀਕੀ ਵਿਕਾਸ ਦੇ ਰਾਹ ਤੁਰਿਆ ਹੈ। ਜੇ ਬੋਲੀ ਨਹੀਂ ਤਾਂ ਬੰਦਾ ਨਹੀਂ। ਜੇ ਆਪਣੀ ਬੋਲੀ ਨਹੀਂ ਤਾਂ ਆਪਣਾ ਵਿਕਾਸ ਨਹੀਂ। ਜਦੋਂ ਆਪਣੀ ਬੋਲੀ ਆਪਣੀ ਸੀ ਤਾਂ ਸਦੀਆਂ ਪਹਿਲਾਂ ਦੇਸ਼ ਦੁਨੀਆ ਤੋਂ ਲੋਕ ਸਾਡੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਸਿੱਖਣ ਆਉਂਦੇ ਸਨ। ਹੁਣ ਇਸ ਤੋਂ ਉਲਟ ਸਥਿਤੀ ਹੈ।
ਆਜ਼ਾਦੀ ਤੋਂ ਬਾਅਦ ਸਾਡੇ ਆਗੂਆਂ ਨੇ ਸਾਨੂੰ ਚੰਗੇ, ਸਿਆਣੇ ਅਤੇ ਸਵੈਮਾਨੀ ਬਣਾਉਣ ਨੂੰ ਸਾਡੀ ਤਰੱਕੀ ਦਾ ਅੰਗ ਸਮਝਿਆ ਸੀ। ਇਸ ਲਈ ਇਹ ਸੋਚਿਆ ਗਿਆ ਸੀ ਕਿ ਸਾਰੀ ਉਚੇਰੀ ਵਿਦਿਆ ਆਪਣੀ ਬੋਲੀ ਵਿੱਚ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਉਦੇਸ਼ ਨਾਲ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਵਰਗੇ ਅਦਾਰਿਆਂ ਦਾ ਨਿਰਮਾਣ ਕੀਤਾ ਗਿਆ ਸੀ। ਭਾਸ਼ਾ ਵਿਭਾਗ ਪੰਜਾਬ ਨੇ ਵੱਖ-ਵੱਖ ਵਿਸ਼ਿਆਂ ਦੀਆਂ ਪੰਜਾਬੀ ਸ਼ਬਦਾਵਲੀਆਂ ਅਤੇ ਮਹੱਤਵਪੂਰਨ ਗਰੰਥ ਤਿਆਰ ਕਰਨ ਦੀ ਮਹਿੰਮ ਸ਼ੁਰੂ ਕੀਤੀ ਸੀ। ਪਰ 20ਵੀਂ ਸਦੀ ਦੇ ਅਖੀਰ ਤੱਕ ਪਹੁੰਚਦਿਆਂ ਆਪਣੇ ਲੋਕਾਂ ਨੂੰ ਸੁਚੱਜੇ, ਸਿਆਣੇ ਅਤੇ ਆਤਮ ਬਲਵਾਨੀ ਬਣਾਉਣ ਦੀ ਜ਼ਿੰਮੇਵਾਰੀ ਨੂੰ ਰਾਜਸੀ ਲੀਡਰਸ਼ਿਪ ਨੇ ਮੂਲੋਂ ਤਿਆਗ ਦਿੱਤਾ। ਨਤੀਜੇ ਵਜੋਂ ਤਰੱਕੀ ਲਈ ਭਾਸ਼ਾ ਦਾ ਮਹੱਤਵ ਆਪਣੇ ਆਪ ਪਿੱਛੇ ਪੈ ਗਿਆ। ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦਾ ਭੋਗ ਪੈ ਗਿਆ। ਪੰਜਾਬੀ ਯੂਨੀਵਰਸਿਟੀ ਨੇ ਹਰ ਤਰ੍ਹਾਂ ਦੀ ਉਚੇਰੀ ਪੜ੍ਹਾਈ ਪੰਜਾਬੀ ਵਿੱਚ ਕਰਾਉਣ ਦਾ ਪ੍ਰਬੰਧ ਤਾਂ ਕੀ ਕਰਨਾ ਸੀ ਸਗੋਂ ਇਸ ਵਿੱਚ ਚਲਦੇ ਸਕੂਲ ਦਾ ਮਾਧਿਅਮ ਵੀ ਪੰਜਾਬੀ ਤੋਂ ਅੰਗਰੇਜ਼ੀ ਕਰ ਲਿਆ ਹੈ। ਭਾਸ਼ਾ ਵਿਭਾਗ ਦੀਆਂ ਦਰਜਨਾਂ ਪੁਸਤਕਾਂ ਦੇ ਖਰੜੇ ਪ੍ਰਿਟਿੰਗ ਤੇ ਸਟੇਸ਼ਨਰੀ ਵਿਭਾਗ ਕੋਲ ਵਰ੍ਹਿਆਂ ਤੋਂ ਛਪਾਈ ਦੀ ਉਡੀਕ ਵਿੱਚ ਰੁਲ਼ ਰਹੇ ਹਨ।
ਅੱਜ ਜੇਕਰ ਪੰਜਾਬ ਦਿਸ਼ਾਹੀਣ ਹੋਇਆ ਮਹਿਸੂਸ ਹੁੰਦਾ ਹੈ, ਪੰਜਾਬੀ ਬੰਦਾ ਨਿੰਦਿਆ ਦੇ ਮੱਕੜਜਾਲ ਵਿੱਚ ਫਸਿਆ ਲਗਦਾ ਹੈ, ਨੌਜਵਾਨੀ ਗਹਿਰੀ ਬੇਉਮੀਦੀ ਦੀ ਸ਼ਿਕਾਰ ਹੈ ਤਾਂ ਇਸ ਨੂੰ ਆਪਣੀ ਭਾਸ਼ਾ ਨਾਲ ਵਿਗੜੇ ਸਬੰਧ ਨੂੰ ਵਿਚਾਰਨਾ ਅਤੇ ਸੰਵਾਰਨਾ ਪਵੇਗਾ। ਪੰਜਾਬੀ ਬੰਦੇ ਨੇ ਜੇਕਰ ਆਪਣੀ ਚੰਗੇਰੀ ਸੱਭਿਆਚਾਰਕ ਪਛਾਣ ਰੱਖਣੀ ਹੈ, ਸੰਸਾਰ ਅੰਦਰ ਤਕਨੀਕੀ ਵਿਕਾਸ ਦਾ ਹਿੱਸੇਦਾਰ ਬਣਨਾ ਹੈ, ਪੰਜਾਬ ਨੂੰ ਹੰਢਣਸਾਰ ਤਰੱਕੀ ਦੇ ਰਾਹ ਤੋਰਨਾ ਹੈ ਤਾਂ ਇਸ ਨੂੰ ਆਪਣੀ ਬੋਲੀ ਨੂੰ ਹਰ ਤਰ੍ਹਾਂ ਨਾਲ ਆਪਣੀ ਬੋਲੀ ਦੇ ਤੌਰ ’ਤੇ ਅਪਣਾਉਣਾ ਪਏਗਾ।
* ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ।