ਆਈਪੀਐੱਲ: ਲਖਨਊ ਦੀ ਲਗਾਤਾਰ ਤੀਜੀ ਜਿੱਤ
ਲਖਨਊ, 12 ਅਪਰੈਲ
ਨਿਕੋਲਸ ਪੂਰਨ ਅਤੇ ਏਡਨ ਮਾਰਕਰਮ ਦੇ ਨੀਮ ਸੈਂਕੜਿਆਂ ਸਦਕਾ ਲਖਨਊ ਸੁਪਰਜਾਇੰਟਸ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਲਖਨਊ ਦੀ ਟੀਮ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਲਖਨਊ ਨੇ ਗੁਜਰਾਤ ਦੀ ਤੇਜ਼ ਸ਼ੁਰੂਆਤ ਦੇ ਬਾਵਜੂਦ ਉਸ ਨੂੰ ਛੇ ਵਿਕਟਾਂ ’ਤੇ 180 ਦੌੜਾਂ ’ਤੇ ਰੋਕ ਦਿੱਤਾ। ਲਖਨਊ ਨੇ ਇਹ ਟੀਚਾ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਚਾਰ ਵਿਕਟਾਂ ’ਤੇ 186 ਦੌੜਾਂ ਬਣਾ ਕੇ ਪੂਰਾ ਕਰ ਲਿਆ। ਲਖਨਊ ਲਈ ਪੂਰਨ ਨੇ 34 ਗੇਂਦਾਂ ਵਿੱਚ 61 ਅਤੇ ਮਾਰਕਰਮ ਨੇ 31 ਗੇਂਦਾਂ ਵਿੱਚ 58 ਦੌੜਾਂ ਦਾ ਯੋਗਦਾਨ ਪਾਇਆ। ਗੁਜਰਾਤ ਲਈ ਪ੍ਰਸਿੱਧ ਕ੍ਰਿਸ਼ਨਾ ਨੇ ਦੋ, ਜਦਕਿ ਰਾਸ਼ਿਦ ਖਾਨ ਅਤੇ ਵਾਸ਼ਿੰਗਟਨ ਸੁੰਦਰ ਨੇ ਇੱਕ-ਇੱਕ ਵਿਕਟ ਲਈ।
ਇਸ ਤੋਂ ਪਹਿਲਾਂ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ 60, ਸਾਈ ਸੁਦਰਸ਼ਨ ਨੇ 56, ਐੱਸ. ਰਦਰਫੋਰਡ ਨੇ 22 ਤੇ ਜੋਸ ਬਟਲਰ ਨੇ 16 ਦੌੜਾਂ ਦਾ ਯੋਗਦਾਨ ਪਾਇਆ। ਲਖਨਊ ਲਈ ਸ਼ਾਰਦੁਲ ਠਾਕੁਰ ਅਤੇ ਰਵੀ ਬਿਸ਼ਨੋਈ ਨੇ ਦੋ-ਦੋ, ਜਦਕਿ ਦਿਗਵੇਸ਼ ਰਾਠੀ ਤੇ ਆਵੇਸ਼ ਖਾਨ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ