ਆਈਪੀਐੱਲ: ਬੰਗਲੂਰੂ ਨੇ ਚੇਨੱਈ ਨੂੰ ਦੋ ਦੌੜਾਂ ਨਾਲ ਹਰਾਇਆ
ਬੰਗਲੂਰੂ , 3 ਮਈ
ਰੌਇਲ ਚੈਲੰਜਰਜ਼ ਬੰਗਲੂਰੂ ਨੇ ਅੱਜ ਇੱਥੇ ਆਈਪੀਐੱਲ ਦੇ ਰੋਮਾਂਚਕ ਮੈਚ ਵਿੱਚ ਚੇਨੱਈ ਸੁਪਰ ਕਿੰਗਜ਼ ਨੂੰ ਦੋ ਦੌੜਾਂ ਨਾਲ ਹਰਾ ਦਿੱਤਾ। ਬੰਗਲੂਰੂ ਵੱਲੋਂ ਦਿੱਤੇ 214 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਚੇਨੱਈ ਦੀ ਟੀਮ ਪੰਜ ਵਿਕਟਾਂ ’ਤੇ 211 ਦੌੜਾਂ ਹੀ ਬਣਾ ਸਕੀ। ਚੇਨੱਈ ਲਈ ਆਯੂਸ਼ ਮਹਾਤਰੇ ਨੇ 94 ਅਤੇ ਰਵਿੰਦਰ ਜਡੇਜਾ ਨੇ ਨਾਬਾਦ 77 ਦੌੜਾਂ ਬਣਾਈਆਂ।
ਇੱਥੇ ਆਈਪੀਐਲ ਦੇ ਮੈਚ ਵਿਚ ਅੱਜ ਰੌਇਲ ਚੈਲੰਜਰਜ਼ ਬੰਗਲੂਰੂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਵੀਹ ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ 213 ਦੌੜਾਂ ਬਣਾਈਆਂ। ਟੀਮ ਦੀ ਸ਼ੁਰੂਆਤ ਚੰਗੀ ਰਹੀ ਤੇ ਜੈਕਬ ਬੈਥਲ ਤੇ ਵਿਰਾਟ ਕੋਹਲੀ ਨੇ ਸ਼ਾਨਦਾਰ ਖੇਡ ਦਿਖਾਈ। ਜੈਕਬ ਨੇ 33 ਗੇਂਦਾਂ ਵਿਚ 55 ਦੌੜਾਂ ਬਣਾਈਆਂ ਜਦਕਿ ਵਿਰਾਟ ਨੇ 33 ਗੇਂਦਾਂ ਵਿਚ 62 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਦੇਵਦੱਤ ਪਾਡੀਕਲ ਤੇ ਰਜਤ ਪਾਟੀਦਾਰ ਨੇ ਕ੍ਰਮਵਾਰ 17 ਤੇ 11 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਜਿਤੇਸ਼ ਸੱਤ ਦੌੜਾਂ ਬਣਾ ਕੇ ਆਊਟ ਹੋਇਆ। ਬੰਗਲੂਰੂ ਵੱਲੋਂ ਰੋਮਾਰੀਓ ਸ਼ੈਫਰਡ ਨੇ ਤੂਫਾਨੀ ਪਾਰੀ ਖੇਡੀ, ਉਸ ਨੇ 14 ਗੇਂਦਾਂ ਵਿਚ 53 ਦੌੜਾਂ ਬਣਾਈਆਂ ਤੇ ਨਾਬਾਦ ਰਿਹਾ। ਚੇਨੱਈ ਵੱਲੋਂ ਐੱਮ. ਪਥੀਰਾਣਾ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ।