ਆਈਐੱਮਏ ਪੰਜਾਬ ਵੱਲੋਂ ਸਿਹਤ ਬਜਟ ਵਿੱਚ ਵਾਧੇ ਦਾ ਸਵਾਗਤ
ਪੱਤਰ ਪ੍ਰੇਰਕ
ਜਲੰਧਰ, 28 ਮਾਰਚ
ਇੰਡੀਅਨ ਮੈਡੀਕਲ ਐਸੋਸੀਏਸ਼ਨ, ਪੰਜਾਬ ਚੈਪਟਰ ਦੇ ਸੂਬਾ ਪ੍ਰਧਾਨ ਡਾ. ਵਿਕਾਸ ਛਾਬੜਾ ਨੇ ਸਿਹਤ ਬਜਟ ਵਿੱਚ ਵਾਧੇ ਨੂੰ ਸਕਾਰਾਤਮਕ ਕਦਮ ਦੱਸਿਆ। ਡਾ. ਛਾਬੜਾ ਨੇ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਸਰਬਵਿਆਪੀ ਬਣਾਉਣ ਲਈ ਸਰਕਾਰ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਲੋਕਾਂ ਲਈ ਸਿਹਤ ਸੰਭਾਲ ਨੂੰ ਤਰਜੀਹ ਦੇਣਾ ਸ਼ਲਾਘਾਯੋਗ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਦੇ ਪਿਛਲੇ ਤਜਰਬੇ ਸੁਚਾਰੂ ਨਹੀਂ ਰਹੇ ਸਨ। ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਜ਼ਰੂਰੀ ਸੋਧਾਂ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਯੋਜਨਾ ਦਾ ਪ੍ਰਬੰਧਨ ਸਰਕਾਰੀ ਸਹਾਇਤਾ ਪ੍ਰਾਪਤ ਬੀਮਾ ਕੰਪਨੀ ਵੱਲੋਂ ਕੀਤਾ ਜਾਣਾ ਚਾਹੀਦਾ ਹੈ, ਜੋ ਘੱਟੋ-ਘੱਟ 50 ਫੀਸਦ ਕਾਰਪਸ ਨੂੰ ਰਾਜ ਸਰਕਾਰ ਕੋਲ ਸੁਰੱਖਿਆ ਵਜੋਂ ਜਮ੍ਹਾ ਕਰੇ।
ਐਸੋਸੀਏਸ਼ਨ ਨੇ ਸਕੀਮ ਦੀ ਸਥਿਰਤਾ ਵਧਾਉਣ ਲਈ ਅਮੀਰ ਮਰੀਜ਼ਾਂ ਤੋਂ ਮਾਮੂਲੀ ਪ੍ਰੀਮੀਅਮ ਯੋਗਦਾਨ ਦਾ ਸੁਝਾਅ ਵੀ ਦਿੱਤਾ। ਡਾ. ਛਾਬੜਾ ਨੇ ਸਰਕਾਰ ਨੂੰ ਗਰੀਬ ਪਰਿਵਾਰਾਂ ਲਈ ਰਾਖਵੇਂ ਇਲਾਜ ਪੈਕੇਜ ਖੋਲ੍ਹਣ ਦੀ ਅਪੀਲ ਵੀ ਕੀਤੀ