ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਭਲਕੇ
ਜਗਰਾਉਂ: ਪਿੰਡ ਸਲੇਮਪੁਰਾ ਦੀ ਧਰਮਸ਼ਾਲਾ ਵਿੱਚ ਚੱਲ ਰਹੇ ਡਾ. ਬੀਆਰ ਅੰਬੇਡਕਰ ਸਟੱਡੀ ਸੈਂਟਰ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ 6 ਅਪਰੈਲ ਨੂੰ ਮਨਾਇਆ ਜਾ ਰਿਹਾ ਹੈ। ਸਟੱਡੀ ਸੈਂਟਰ ਦੇ ਮੁੱਖ ਪ੍ਰਬੰਧਕ ਅਤੇ ਸਲੇਮਪੁਰਾ ਦੇ ਸਰਪੰਚ ਦਵਿੰਦਰ ਸਿੰਘ ਸਲੇਮਪੁਰੀ ਨੇ ਦੱਸਿਆ ਕਿ ਸਮਾਗਮ ਵਿੱਚ ਸਟੱਡੀ ਸੈਂਟਰ ਵਿੱਚ ਪੜ੍ਹਨ ਵਾਲੇ ਬੱਚਿਆਂ ਵੱਲੋਂ ਬਾਬਾ ਸਾਹਿਬ ਦੇ ਗੀਤਾਂ ਤੇ ਕੋਰੀਓਗਰਾਫ਼ੀ ਕੀਤੀ ਜਾਵੇਗੀ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਨਾਟਕ ਵੀ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਹੋਣਗੇ। ਸਮਾਗਮ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਕੇਐਨਐਸ ਕੰਗ ਕਰਨਗੇ। ਇਸ ਸਮੇਂ ਮੁੱਖ ਬੁਲਾਰੇ ਡਾ. ਸੁਰਜੀਤ ਦੌਧਰ, ਲੈਕਚਰਾਰ ਰਣਜੀਤ ਸਿੰਘ ਹਠੂਰ ਅਤੇ ਮਾ. ਬਲਦੇਵ ਸਿੰਘ ਸੁਧਾਰ ਹੋਣਗੇ ਜੋ ਬਾਬਾ ਸਾਹਿਬ ਦੇ ਜੀਵਨ, ਪ੍ਰਾਪਤੀਆਂ ਅਤੇ ਸਮਾਜਿਕ ਸੇਧ ਬਾਰੇ ਜਾਗਰੂਕ ਕਰਨਗੇ। ਅੱਜ ਸਮਾਗਮ ਦੀ ਤਿਆਰੀ ਸਬੰਧੀ ਹੋਈ ਮੀਟਿੰਗ ਮੌਕੇ ਪ੍ਰਧਾਨ ਡਾ. ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਡਾ. ਕੁਲਵਿੰਦਰ ਸਿੰਘ, ਗੁਰਸੇਵਕ ਸਿੰਘ, ਪੰਚ ਪ੍ਰੀਤਮ ਸਿੰਘ, ਪੰਚ ਗੁਰਮੇਲ ਸਿੰਘ, ਸੰਮਤੀ ਮੈਂਬਰ ਕਰਮ ਸਿੰਘ ਗਿੱਲ, ਰੇਸ਼ਮ ਸਿੰਘ, ਰਛਪਾਲ ਸਿੰਘ ਗੋਪੀ, ਜਗਰਾਜ ਸਿੰਘ ਬੋਗਾ, ਮਾ. ਅਮਨਦੀਪ ਸਿੰਘ, ਪ੍ਰਧਾਨ ਗੰਗਾ ਸਿੰਘ, ਸੁਦਾਗਰ ਸਿੰਘ ਤੇ ਹੋਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ