ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਬੀਆਂ ਦੇ ਬੂਟਿਆਂ ’ਤੇ ਲੱਗ ਗਿਆ ਬੂਰ ਨੀਂ...

04:12 AM Mar 29, 2025 IST
featuredImage featuredImage

ਜਸਵੰਤ ਸਿੰਘ ਗੰਡਮ
ਸਾਲ 1959 ਦੀ ਪੰਜਾਬੀ ਫਿਲਮ ‘ਭੰਗੜਾ’ ਵਿੱਚ ਸ਼ਮਸ਼ਾਦ ਬੇਗਮ ਦਾ ਗਾਇਆ ਇੱਕ ਗੀਤ ਹੈ;
ਅੰਬੀਆਂ ਦੇ ਬੂਟਿਆਂ ’ਤੇ ਲੱਗ ਗਿਆ ਬੂਰ ਨੀਂ
ਰੁੱਤ ਵੇ ਮਿਲਾਪਾਂ ਵਾਲੀ ਚੰਨ ਮੇਰਾ ਦੂਰ ਨੀਂ।
ਅੱਜਕੱਲ੍ਹ ਅੰਬੀਆਂ ਦੇ ਬੂਟਿਆਂ ਨੂੰ ਬੂਰ ਪੈ ਗਿਆ ਹੈ ਤੇ ਸਾਨੂੰ ਇਹ ਗੀਤ ਸ਼ਿੱਦਤ ਨਾਲ ਫਿਰ ਯਾਦ ਆ ਗਿਆ ਹੈ। ਬੂਰ ਪੈਣਾ ਹੀ ਅੰਬ ਦੇ ਫ਼ਲ ਲੱਗਣ ਦਾ ਸੁਨੇਹਾ ਹੁੰਦੈ। ਇਹ ਬਹਾਰ ਦੀ ਆਮਦ ਦਾ ਸੰਦੇਸ਼ ਵੀ ਹੈ। ਬਲਕਿ ਅੰਬ ਬਹਾਰ ਦੀ ਰੁੱਤ ਦੇ ਮਗਰ ਮਗਰ ਹੀ ਆ ਜਾਂਦੈ ਤੇ ਅੰਬ ਦੇ ਮਗਰ ਮਗਰ ਕੋਇਲ ਆ ਜਾਂਦੀ ਹੈ। ਇਨ੍ਹਾਂ ਤਿੰਨਾਂ ਨੂੰ ਤੱਕ ਕੇ ਪ੍ਰੇਮ ਪਰੁੱਚੇ ਦਿਲ ’ਚ ਪੀਆ ਮਿਲਣ ਦੀ ਤੜਫ਼ ਹੋਰ ਪ੍ਰਬਲ ਹੋਣ ਲੱਗਦੀ ਹੈ। ਬਹਾਰ ਅਤੇ ਅੰਬ ਰੁਮਾਂਚਕਾਰੀ ਭਾਵ ਪੈਦਾ ਕਰਦੇ ਹਨ, ਪਰ ਕੋਇਲ ਦਾ ਪਰਵਾਸ ਹਰ ਪ੍ਰੀਤ ਪੀੜਤ ਰੂਹ ਅੰਦਰ ਪਰਦੇਸੀ ਨੂੰ ਮਿਲਣ ਦੀ ਤਾਂਘ ਪ੍ਰਚੰਡ ਕਰਦਾ ਹੈ। ਕੋਇਲ ਦੀ ਕੂ ਕੂ ਹਿਰਦੇ ਵਿੱਚ ਧੁਰ ਤੀਕ ਧੁੂਹ ਪਾਉਂਦੀ ਹੈ। ਵਿਆਕੁਲ ਪ੍ਰੇਮਿਕਾ ਪੁਕਾਰ ਉੱਠਦੀ ਹੈ;
ਕੋਇਲਾਂ ਕੂਕਦੀਆਂ, ਪ੍ਰਦੇਸੀਆ ਘਰ ਆ।
ਅੰਬ ਸਾਡਾ ਸਭ ਤੋਂ ਮਨਪਸੰਦ ਫ਼ਲ ਹੈ। ਸਾਡਾ ਹੀ ਕਿਉਂ, ਤੁਹਾਡਾ ਵੀ ਤੇ ਹੋਰ ਸਭ ਦਾ ਵੀ ਮਨਭਾਉਂਦਾ ਫ਼ਲ ਹੋਵੇਗਾ। ਮੇਰੀ ਉਮਰ ਦੇ ਪੇਂਡੂਆਂ ਦਾ ਬਚਪਨ ਗਰਮੀਆਂ ਨੂੰ ਕੱਚੀਆਂ ਅੰਬੀਆਂ ’ਤੇ ਲੂਣ-ਮਸਾਲਾ ਭੁੱਕ ਕੇ ਚਟਖਾਰੇ ਲੈ ਲੈ ਖਾਣ ਅਤੇ ਟਪਕੇ ਅੰਬਾਂ ਨੂੰ ਹੱਥ-ਮੂੰਹ ਲਬੇੜ ਕੇ ਸੁਆਦ ਨਾਲ ਹੁਲਾਰੇ ਲੈ ਲੈ ਕੇ ਚੂਪਣ ਵਿੱਚ ਗੁਜ਼ਰਿਐ। ਹੋ ਸਕਦੈ ਛੋਟੇ ਸ਼ਹਿਰਾਂ/ਕਸਬਿਆਂ ਵਾਲਿਆਂ ਨੇ ਵੀ ਇਹ ਸਵਰਗੀ ਹੁਲਾਰੇ ਲਏ ਹੋਣ।
ਉਨ੍ਹੀਂ ਦਿਨੀਂ ਯਾਨੀ 30-35 ਸਾਲ ਪਹਿਲਾਂ ਖੂਹਾਂ, ਖੇਤਾਂ, ਤੌੜਾਂ ਅਤੇ ਘਰਾਂ ਦੇ ਵਿਹੜਿਆਂ ’ਚ ਅੰਬਾਂ ਦੇ ਬੂਟੇ ਲੱਗੇ ਹੋਣਾ ਆਮ ਗੱਲ ਸੀ। ਦੁਆਬਾ ਤਾਂ ਅੰਬਾਂ ਦਾ ਘਰ ਹੁੰਦਾ ਸੀ। ਇਸ ਲਈ ਹੀ ਤਾਂ ਮਸ਼ਹੂਰ ਲੋਕ ਬੋਲੀ ਹੈ;
ਨੀਂ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ।
ਪੰਜਾਬੀ ਕਵੀ ਵਰਿੰਦਰ ਨਿਮਾਣਾ ਨੇ ‘ਅੰਬਾਂ ਦੇ ਦੇਸ ਦੁਆਬਾ’ ਦੀ ਇਸ ਤਰ੍ਹਾਂ ਮਹਿਮਾ ਕੀਤੀ ਹੈ;
ਜਦੋਂ ਅੰਬ ਸੰਧੂਰੀ ਪੱਕ ਜਾਣ ਦੇਸ ਦੁਆਬੇ ਦੇ
ਰੱਬ ਆਪ ਬਹਿਸ਼ਤੋਂ ਉਤਰ ਕੇ ਆਇਆ ਲੱਗਦਾ ਏ।
ਖੈਰ, ਓਸ ਵੇਲੇ ਦੇ ਬਚਪਨ ਦਾ ਇੱਕ ਹੋਰ ਆਮ ਵਰਤਾਰਾ ਸੀ। ਬੱਚੇ ਅੰਬੀਆਂ ਤੂੜੀ ਦੇ ਕੁੱਪਾਂ/ਮੂਸਲਾਂ ਜਾਂ ਤੂੜੀ ਵਿੱਚ ਤੁੰਨ ਕੇ ਰੱਖ ਦਿੰਦੇ ਸਨ। ਇਹ ਅੰਬਾਂ ਦੀ ਪੈਲ ਪਾਉਣ ਦਾ ਇੱਕ ਕਿਸਮ ਦਾ ਦੇਸੀ ਢੰਗ ਸੀ। ਹਰ ਰੋਜ਼ ਦੇਖਦੇ ਰਹੀਦਾ ਸੀ ਕਿ ਅੰਬ ਪੱਕਿਆ ਕਿ ਨਹੀਂ। ਨਾਲੇ ਇਸ ਬਹਾਨੇ ਪਹਿਰਾ ਵੀ ਦਿੱਤਾ ਜਾਂਦਾ ਸੀ ਕਿ ਕਿਧਰੇ ਕੋਈ ਦੂਸਰਾ ਹੀ ਦਾਅ ਨਾ ਲਾ ਗਿਆ ਹੋਵੇ। ਜਦ ਕੁਝ ਦਿਨਾਂ ਬਾਅਦ ਅੰਬ ਪੱਕ ਜਾਂਦਾ ਸੀ ਤਾਂ ਬੜੇ ਮਜ਼ੇ ਲੈ ਲੈ ਚੂਪੀਦਾ ਸੀ। ਹਾਂ, ਇਸ ਤਰ੍ਹਾਂ ਕੱਚੇ ਅੰਬ ਨੂੰ ਦੇਸੀ ਪੈਲ ਨਾਲ ਪਕਾਉਣ ਉਪਰੰਤ ਚੂਪਣ ਤੋਂ ਪਹਿਲਾਂ ਉਸ ਦਾ ਚੰਗੀ ਤਰ੍ਹਾਂ ਡੋਕ ਕੱਢੀਦਾ ਸੀ ਤਾਂ ਕਿ ਇਸ ਤੇਜ਼ਾਬੀ ਜਿਹੇ ਮਾਦੇ ਨਾਲ ਮੂੰਹ ਨਾ ਛਿੱਲਿਆ ਜਾਵੇ ਜਾਂ ਚਮੜੀ ਉੱਪਰ ਚਟਾਕ ਨਾ ਪੈ ਜਾਣ। ਆਪਣੀ ਮਿਹਨਤ ਨਾਲ ਪਕਾਏ ਇਨ੍ਹਾਂ ਅੰਬਾਂ ਨੂੰ ਮਾਣਨ ਦਾ ਮਜ਼ਾ ਹੀ ਹੋਰ ਹੁੰਦਾ ਸੀ।
ਬਚਪਨ ’ਚ ਇੱਲਤੀ ਬੱਚੇ ਇੱਕ ਗੱਲ ਹੋਰ ਕਰਦੇ ਸਨ। ਇਹ ਇੱਲਤ ਸੀ ਦੂਸਰੇ ਦੇ ਅੰਬਾਂ ਤੋਂ ਚੋਰੀਂ ਅੰਬ ਤੋੜਨੇ ਅਤੇ ਡੰਡਾ ਲੈ ਕੇ ਮਗਰ ਭੱਜਦੇ ਬਾਗ਼ ਦੇ ਰਾਖੇ ਨੂੰ ਡਾਹ ਨਾ ਦੇਣਾ। ਨਿਆਣੇ ਹੁੰਦੇ ਅੰਬ ਚੂਪਣ ਦਾ ਅਸਲੀ ਸੁਆਦ ਅੰਬ ਦੀ ਗਿਟਕ/ਗੁਠਲੀ ਚੂਸ ਕੇ ਆਉਂਦਾ ਸੀ। ਕਈ ਵਾਰ ਤਾਂ ਗਿਟਕ ਕਿਸ ਨੂੰ ਮਿਲੇਗੀ, ਇਸ ਗੱਲ ਉੱਪਰ ਹੀ ਝਗੜਾ ਹੋ ਜਾਂਦਾ ਸੀ। ਗੁਠਲੀ ਅੰਬ ਦਾ ਦਿਲ ਹੈ। ਜਿੰਨਾ ਚਿਰ ਇਸ ਵਿੱਚ ਦੰਦ ਗੱਡ ਗੱਡ, ਆਪਣਾ ਮੂੰਹ-ਸਿਰ ਅਤੇ ਕੱਪੜੇ ਨਾ ਲਿੱਬੜਨ ਤਾਂ ਫਿਰ ਕੀ ਚੂਪੇ ਅੰਬ? ਅੱਜਕੱਲ੍ਹ ਦੀ ਪੀੜ੍ਹੀ ਨੂੰ ਤਾਂ ਇਹ ਪਤਾ ਵੀ ਨਹੀਂ ਹੋਣਾ ਕਿ ਗੁਠਲੀ ਸਾਡੇ ਬਚਪਨ ਵੇਲੇ ਸੰਗੀਤ ਦਾ ਦੇਸੀ ਜੁਗਾੜ ਹੁੰਦੀ ਸੀ। ਉਨ੍ਹੀਂ ਦਿਨੀਂ ਟਪਕਾ ਅੰਬ ਬਹੁਤ ਚੂਪੀਦਾ ਸੀ ਅਤੇ ਗਿਟਕਾਂ ਢੇਰ/ਰੂੜੀ ਉੱਪਰ ਸੁੱਟ ਦਈਦੀਆਂ ਸਨ। ਬਰਸਾਤ ਵਿੱਚ ਇਨ੍ਹਾਂ ਗਿਟਕਾਂ ’ਚੋਂ ਅਨੇਕਾਂ ਅੰਬਾਂ ਦੇ ਪੌਦੇ ਪੈਦਾ ਹੋ ਜਾਂਦੇ ਸਨ। ਅਸੀਂ ਪੌਦਾ ਪੁੱਟ ਕੇ ਉਸ ਹੇਠੋਂ ਗਿਟਕ ਕੱਢ ਲਈਦੀ ਸੀ। ਗਿਟਕ ਦਾ ਉੱਪਰਲਾ ਖੋਲ ਲਾਹ ਕੇ ਬਾਕੀ ਗਿਟਕ ਨੂੰ ਇੱਟ ਜਾਂ ਪੱਥਰ ਉੱਪਰ ਰਗੜ ਕੇ ਪੀਪਨੀ ਬਣਾ ਲਈਦੀ ਸੀ ਜੋ ਬਹੁਤ ਸੁੰਦਰ ਵੱਜਦੀ ਸੀ। ਇਸੇ ਲਈ ਇੱਕ ਲੋਕ ਬੋਲੀ ਹੈ;
ਮਿੱਤਰਾ ਅੰਬ ਦੀ ਗਿਟਕ ਲਿਆ ਦੇ ਵੇ
ਰੱਜ ਕੇ ਵਜਾਊਂਗੀ ਪੀਪਨੀ।
ਕਈ ਤਾਂ ਅੰਬ ਦਾ ਅਚਾਰ ਪਾਉਣ ਵੇਲੇ ਗੁਠਲੀ ਨਾਲ ਹੀ ਰੱਖਦੇ ਹਨ। ਭਾਵ, ਕੱਚੇ ਅੰਬ ਨੂੰ ਦੋ ਜਾਂ ਚਾਰ ਭਾਗਾਂ ਵਿੱਚ ਕੱਟਣ ਵੇਲੇ ਨਾਲ ਹੀ ਗੁਠਲੀ ਕੱਟ ਲੈਂਦੇ ਹਨ ਅਤੇ ਅਚਾਰ ਪੈ ਜਾਣ ਉਪਰੰਤ ਇਹ ਮਸਾਲੇਦਾਰ ਗੁਠਲੀ ਬੜੀ ਮਜ਼ੇਦਾਰ ਲੱਗਦੀ ਹੈ, ਪਰ ਕਈ ਗੁਠਲੀ ਤੋਂ ਬਿਨਾਂ ਅਚਾਰ ਪਾਉਂਦੇ ਹਨ।
ਅੰਬ ਫ਼ਲਾਂ ਦਾ ਰਾਜਾ ਹੈ। ਸਾਡਾ ਰਾਸ਼ਟਰੀ ਫ਼ਲ ਹੈ। ਇਸ ਨੂੰ ਤਪਸ਼ੀ ਖੇਤਰਾਂ ਦਾ ਸੇਬ ਅਤੇ ਦੇਵਤਿਆਂ ਦਾ ਫ਼ਲ ਵੀ ਕਿਹਾ ਜਾਂਦੈ। ਇਹ ਆਪਣੀ ਸੁਗੰਧ, ਸੁਆਦ ਅਤੇ ਲੱਜ਼ਤ ਨਾਲ ਇੱਕ ਵਿਲੱਖਣ ਫ਼ਲ ਹੈ। ਸਾਨੂੰ ਅੰਬਾਂ ਦੇ ਬੂਟੇ ਉੱਪਰ ਪੱਕੇ ਹੋਏ ਅੰਬ ਦੇਖ ਕੇ ਇੱਕ ਰੁਮਾਂਚਕਾਰੀ ਅਹਿਸਾਸ ਹੁੰਦੈ, ਇੱਕ ਅਨੂਠੇ ਵਿਸਮਾਦ ਦਾ ਸੁਖਧ ਅਨੁਭਵ। ਇਸ ਵਾਰ ਦੇਸੀ ਅੰਬਾਂ ਨੂੰ ਬਹੁਤ ਬੂਰ/ਪੋਰ ਪਿਐ।
ਕਿਹਾ ਜਾਂਦੈ ਕਿ ਅੰਬ ਉੱਤਰ-ਪੂਰਬੀ ਭਾਰਤ-ਬਰਮਾ ਦੇ ਇਲਾਕੇ ਵਿੱਚ ਪੈਦਾ ਹੋਇਆ ਤੇ ਫਿਰ ਪੂਰੇ ਵਿਸ਼ਵ ਵਿੱਚ ਫੈਲ ਗਿਆ। ਸ਼ਬਦ ਵਿਗਿਆਨ ਅਨੁਸਾਰ ਅੰਗਰੇਜ਼ੀ ਦਾ ਸ਼ਬਦ ‘ਮੈਂਗੋ’ ਦਰਾਵੜੀਅਨ/ ਮਲਿਆਲਮ ਮੂਲ ਦੇ ‘ਮੱਨਾ’ ਤੋਂ ਉਤਪੰਨ ਹੋਇਆ ਜਿਸ ਨੂੰ ਪੁਰਤਗਾਲੀਆਂ ਨੇ ਜੋ 1498 ਵਿੱਚ ਕੇਰਲਾ ’ਚ ਮਸਾਲਿਆਂ ਦਾ ਵਪਾਰ ਕਰਨ ਆਏ ਸਨ, ਪਹਿਲਾਂ ‘ਮੰਗਾ’ ਅਤੇ ਸੋਹਲਵੀਂ ਸਦੀ ਦੇ ਪਿਛਲੇ ਪਹਿਰ ‘ਮੈਂਗੋ’ ਦੇ ਰੂਪ ਵਿੱਚ ਆਪਣਾ ਲਿਆ। ਤਮਿਲ ’ਚ ਇਸ ਨੂੰ ‘ਮੰਗਕੇ’ ਜਾਂ ‘ਮੰਗੇ’, ਸੰਸਕ੍ਰਿਤ ’ਚ ‘ਅਮਰਾ’ ਅਤੇ ਹਿੰਦੀ/ਬੰਗਾਲੀ ’ਚ ‘ਆਮ’ ਕਿਹਾ ਜਾਂਦੈ। ਅਮਰਫਲ ਇਸ ਦਾ ਪੁਰਾਣਾ ਨਾਮ ਹੈ ਅਤੇ ਵੈਦਿਕ ਸਾਹਿਤ ਵਿੱਚ ਇਸ ਨੂੰ ‘ਰਸਾਲਾ’ ਤੇ ‘ਸ਼ਾਹਕਾਰਾ’ ਕਿਹਾ ਜਾਂਦੈ।
ਅੰਬ ਦਾ ਵਿਗਿਆਨਕ ਨਾਮ ‘ਮੈਂਗੀਫਰਾ ਇੰਡੀਕਾ’ ਹੈ ਅਤੇ ਇਹ ‘ਐਨਾਕਾਰਡੀਸੀ’ ਪਰਿਵਾਰ ਨਾਲ ਸਬੰਧਤ ਹੈ। ਭਾਰਤੀ ਅੰਬ ਦਾ ਆਗਮਨ 5000 ਸਾਲ ਪੁਰਾਣਾ ਮੰਨਿਆਂ ਜਾਂਦੈ, ਪਰ ਕਈ ਸਰੋਤਾਂ ਵਿੱਚ ਫਾਸਿਲ ਪ੍ਰਮਾਣਾਂ ਨੂੰ ਆਧਾਰ ਮੰਨ ਕੇ ਭਾਰਤ ਹੁਣ ਦੇ ਬੰਗਲਾਦੇਸ਼ ਅਤੇ ਮਿਆਂਮਾਰ ਵਿੱਚ ਅੰਬ ਦੀ ਹੋਂਦ ਦੇ ਹਵਾਲੇ 25-30 ਮਿਲੀਅਨ ਸਾਲ ਪਹਿਲਾਂ ਦੇ ਦੱਸੇ ਜਾਂਦੇ ਹਨ। ਵੈਦਿਕ ਧਾਰਮਿਕ ਗਰੰਥਾਂ ਅਤੇ ਪੁਰਾਣਾਂ ’ਚ ਵੀ ਹਵਾਲੇ ਮਿਲਦੇ ਹਨ। ਮਹਾਤਮਾ ਬੁੱਧ ਦੁਆਰਾ ਵੀ ਇੱਕ ਅੰਬਾਂ ਦੇ ਉਪਵਣ ’ਚ ਭਗਤੀ ਕਰਨ ਦੀ ਗੱਲ ਕਹੀ ਜਾਂਦੀ ਹੈ। ਇਸ ਕਰਕੇ ਹੀ ਬੋਧ ਭਿਕਸ਼ੂਆਂ ਨੇ ਅੰਬਾਂ ਦੇ ਪੌਦਿਆਂ ਦਾ ਪਾਸਾਰ ਕੀਤਾ। ਕ੍ਰਮਵਾਰ ਯੂਨਾਨੀ/ਚੀਨੀ ਯਾਤਰੀ ਅਤੇ ਇਤਿਹਾਸਕਾਰ ਮੈਗਥਨੀਜ਼ ਅਤੇ ਹਿਯੂਨ ਸਾਂਗ ਨੇ ਵੀ ਅੰਬਾਂ ਦਾ ਜ਼ਿਕਰ ਕੀਤੈ ਅਤੇ ਮੌਰੀਆਂ ਵੰਸ਼ ਦੇ ਰਾਜਿਆਂ ਵੱਲੋਂ ਆਪਣੀ ਖ਼ੁਸ਼ਹਾਲੀ ਦੇ ਪ੍ਰਗਟਾ ਲਈ ਸੜਕਾਂ ਦੇ ਦੋਵੇਂ ਪਾਸੇ ਇਨ੍ਹਾਂ ਦੇ ਲਗਵਾਏ ਜਾਣ ਬਾਰੇ ਲਿਖਿਐ। ਮੁਗ਼ਲਾਂ ਨੇ ਵੀ ਬੜੇ ਬਾਗ਼ ਲਗਵਾਏ। ਅਕਬਰ ਨੇ ਤਾਂ ਦਰਭੰਗਾ ਦੇ ਨੇੜੇ ‘ਲੱਖਾ ਬਾਗ਼’ ਲਗਵਾਇਆ ਜਿਸ ਵਿੱਚ ਅੰਬਾਂ ਦੇ ਇੱਕ ਲੱਖ ਪੌਦੇ ਲਗਵਾਏ। ਮਰਾਠਾ ਪੇਸ਼ਵਾ ਰਘੂਨਾਥ ਪੇਸ਼ਵਾ ਨੇ ਮਰਾਠਿਆਂ ਦੀ ਸ੍ਰੇਸ਼ਟਤਾ ਦਰਸਾਉਣ ਲਈ ਇੱਕ ਕਰੋੜ ਅੰਬ ਬਿਜਵਾਏ। ਲੋਕਯਾਨ ਅਨੁਸਾਰ ਕੌਮਾਂਤਰੀ ਪੱਧਰ ’ਤੇ ਮਸ਼ਹੂਰ ‘ਅਲਫੋਂਸੋ’ ਇਨ੍ਹਾਂ ਅੰਬਾਂ ਵਿੱਚੋਂ ਹੀ ਵਿਕਸਤ ਹੋਇਆ ਦੱਸਿਆ ਜਾਂਦੈ। ਵੱਖ ਵੱਖ ਸਰੋਤਾਂ ਅਨੁਸਾਰ ਬਾਗ਼ਾਂ ਵਿੱਚ ਲਗਾਏ ਗਏ ਅੰਬਾਂ ਦੀਆਂ 1500 ਕਿਸਮਾਂ ਦੀ ਜਾਣਕਾਰੀ ਮਿਲਦੀ ਹੈ। ਇਨ੍ਹਾਂ ਤੋਂ ਇਲਾਵਾ ਕਈ ਜੰਗਲੀ ਤੇ ਦਾਬ ਨਾਲ ਲੱਗਣ ਵਾਲੀਆਂ ਕਿਸਮਾਂ ਵੀ ਹਨ।
ਅੰਬ ਸਾਡੇ ਸੱਭਿਆਚਾਰ, ਲੋਕਧਾਰਾ ਅਤੇ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ। ਇਸ ਦੀ ਧਾਰਮਿਕ, ਅਧਿਆਤਮਕ ਅਤੇ ਸਿਹਤ ਸਬੰਧੀ ਬੜੀ ਮਹਾਨਤਾ ਅਤੇ ਮਹੱਤਤਾ ਹੈ। ਕਿਹਾ ਜਾਂਦਾ ਹੈ ਕਿ ਵਰਿਸ਼ਕਾ, ਲਕਸ਼ਮੀ, ਗੋਵਰਧਨ ਅਤੇ ਜਣਨ ਸ਼ਕਤੀ ਦਾ ਦੇਵਤਾ ‘ਆਮ’ ਵਿੱਚ ਨਿਵਾਸ ਕਰਦੇ ਹਨ। ਸ਼ਗਨਾਂ ਵੇਲੇ ਅੰਬ ਦੇ ਪੱਤੇ ਘਰ ਦੇ ਪ੍ਰਵੇਸ਼ ਦੁਆਰ ਉੱਪਰ ਬੰਨ੍ਹੇ ਜਾਂਦੇ ਹਨ। ਵਰਖਾ ਦੇ ਦੇਵਤਾ ਵਰੁਨ ਦੀ ਪੂਜਾ ਵੇਲੇ ਇਸ ਦੀ ਵਰਤੋਂ ਹੁੰਦੀ ਹੈ। ‘ਹੋਮਾ ਕੁੰਡਮ’ (ਸੰਸਕ੍ਰਿਤ ਸ਼ਬਦ ਜਿਸ ਦਾ ਅਰਥ ਪਵਿੱਤਰ ਅਗਨੀ ਵਿੱਚ ਅੰਬਾਂ ਦੇ ਪੱਤਿਆਂ ਰਾਹੀਂ ਘੀ ਪਾਉਣ ਦੀ ਰਸਮ ਅਦਾ ਕਰਨਾ ਹੈ) ਤੇ ਸਰਸਵਤੀ ਪੂਜਾ ਵੇਲੇ ਵੀ ਪੱਤੇ ਵਰਤੇ ਜਾਂਦੇ ਹਨ।
ਅੰਬ ਸਿਹਤ ਵਰਧਕ ਵੀ ਹੈ। ਇਹ ਵਿਟਾਮਿਨ ਏ, ਸੀ ਅਤੇ ਡੀ ਦਾ ਬਹੁਤ ਹੀ ਵਧੀਆ ਸਰੋਤ ਹੈ। ਅੰਬਾਂ ਦੇ ਪੱਤੇ ਸੜਨ ਨਾਲ ਹੋਏ ਜ਼ਖ਼ਮਾਂ ਜਾਂ ਉੱਬਲਦੇ ਪਾਣੀ ਵਿੱਚ ਝੁਲਸਣ ਕਾਰਨ ਹੋਏ ਜ਼ਖ਼ਮਾਂ ਅਤੇ ਡਾਇਬਿਟੀਜ਼ ਦੇ ਇਲਾਜ ਲਈ ਵਰਤੇ ਜਾਂਦੇ ਹਨ। ਇਹ ਹਾਜ਼ਮੇਦਾਰ, ਕਬਜ਼ੁਕੁਸ਼ਾ ਅਤੇ ਤਾਕਤ ਦੇਣ ਵਾਲਾ ਹੁੰਦੈ। ਇਸ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਇਹ ਅੱਖਾਂ ਅਤੇ ਰੋਗ ਨਿਰੋਧਕ ਸ਼ਕਤੀ ਲਈ ਵੀ ਲਾਭਦਾਇਕ ਹੈ। ਅੰਬ ਦਾ ਅਕਸ ਚਿੱਤਰਕਲਾ/ਕੋਮਲ ਕਲਾਵਾਂ ਵਿੱਚ ਆਧਾਰੀ ਗੁਣ ਵਜੋਂ ਸ਼ਾਮਲ ਕੀਤਾ ਜਾਂਦੈ, ਇਸ ਨੂੰ ਬੁਣਾਈ, ਕਢਾਈ, ਮਹਿੰਦੀ, ਰੰਗੋਲੀ ਦੇ ਡਿਜ਼ਾਇਨਾਂ ਵਿੱਚ ਵਰਤਿਆ ਜਾਂਦੈ।
ਜਿੱਥੇ ਅਲਫੋਂਸੋ, ਸਫੈਦਾ, ਸਿੰਧੂਰੀ, ਦੁਸਹਿਰੀ, ਮਾਲਦਾ, ਫਾਜ਼ਲੀ, ਲੰਗੜਾ, ਹਾਫੂਜ਼, ਕੇਸਰ, ਚੌਸਾ, ਸਹਾਰਨਪੁਰੀ, ਲਖਨਵੀ, ਤੋਤਾਪਰੀ ਸਮੇਤ ਹੋਰ ਅਨੇਕਾਂ ਅੰਬ ਚੂਪਣ ਲਈ ਵਰਤੇ ਜਾਂਦੇ ਹਨ, ਉੱਥੇ ਰਾਮਕੇਲਾ ਅਚਾਰ ਪਾਏ ਜਾਣ ਲਈ ਚਹੇਤਾ ਹੈ। ਡੈਜ਼ਰਟਸ, ਮਿਲਕ ਸ਼ੇਕ, ਸ਼ਰਬਤ, ਕੁਲਫੀ, ਆਈਸ ਕਰੀਮ ਆਦਿ ’ਚ ਪੱਕੇ ਅੰਬ ਵਰਤੇ ਜਾਣ ਤੋਂ ਇਲਾਵਾ ਕੱਚੇ ਅੰਬਾਂ ਦਾ ਅਚਾਰ, ਅੰਬ ਪਾਪੜ, ਅੰਬਚੂਰ, ਛਾਸ਼ੀਆ, ਮੁਰੱਬਾ, ਖਟਮਿੱਠੀ ਚਟਨੀ ਆਦਿ ਬਣਾਏ ਜਾਂਦੇ ਹਨ।
ਫਾਰਸੀ ਸ਼ਾਇਰ ਅਮੀਰ ਖੁਸਰੋ ਇਸ ਨੂੰ ‘ਨਗਜ਼ਾ ਤਾਰੀਨ ਮੇਵਾ ਹਿੰਦੁਸਤਾਨ’ (ਭਾਰਤ ਦਾ ਸਭ ਤੋਂ ਖੂਬਸੂਰਤ ਫ਼ਲ) ਸੱਦਦਾ ਸੀ। ਉਹ ਅੰਬ ਨੂੰ ਇੱਕ ਅਜਿਹਾ ਮਹਿਬੂਬ ਕਹਿੰਦਾ ਸੀ ਜੋ ਉਸ ਦੇ ਸ਼ਹਿਰ ਸਾਲ ਵਿੱਚ ਇੱਕ ਵਾਰ ਆਉਂਦੈ, ਜਿਸ ਉੱਪਰ ਉਹ ਆਪਣਾ ਸਾਰਾ ਪੈਸਾ ਲੁਟਾ ਦਿੰਦਾ ਅਤੇ ਜੋ ਉਸ ਦੇ ਮੂੰਹ ਨੂੰ ਬੋਸਿਆਂ (ਚੁੰਮਣਾਂ) ਅਤੇ ਅੰਮ੍ਰਿਤਰਸ ਨਾਲ ਭਰ ਦਿੰਦੈ। ਮੁਗ਼ਲ ਸ਼ਹਿਨਸ਼ਾਹ ਇਸ ਨੂੰ ਦੈਵੀ ਫ਼ਲ ਕਹਿੰਦੇ ਸਨ ਅਤੇ ਦੂਸਰੇ ਮੁਲਕਾਂ ਤੋਂ ਆਏ ਵਿਸ਼ੇਸ਼ ਮਹਿਮਾਨਾਂ ਨੂੰ ਅੰਬਾਂ ਦੇ ਤੋਹਫੇ ਦੇ ਕੇ ਅੰਬ ਨੂੰ ਕੂਟਨੀਤੀ ਦੇ ਸਾਧਨ ਵਜੋਂ ਵਰਤਦੇ ਸਨ। ਸੌਗਾਤ ਦੇ ਤੌਰ ’ਤੇ ਅੰਬਾਂ ਦੇ ਤੋਹਫ਼ੇ ਅੱਜਕੱਲ੍ਹ ਵੀ ਦਿੱਤੇ ਜਾਂਦੇ ਹਨ। ਹੁਣ ਤਾਂ ਵੱਡੇ ਵੱਡੇ ਸ਼ਹਿਰਾਂ ਵਿੱਚ ਅੰਬਾਂ ਦੇ ਫੈਸਟੀਵਲ ਲੱਗਣ ਲੱਗ ਪਏ ਹਨ। ਦਿੱਲੀ ਵਿੱਚ ਤਾਂ ਅੰਬਾਂ ਨੂੰ ਸਮਰਪਿਤ ਉਰਦੂ ਸ਼ਾਇਰੀ ਦਾ ਮੁਸ਼ਾਇਰਾ ਵੀ ਕਰਵਾਇਆ ਜਾਂਦਾ ਸੀ ਜਿਸ ਦਾ ਨਾਮ ‘ਆਮ ਔਰ ਕਲਾਮ’ ਹੁੰਦਾ ਸੀ ਅਤੇ ਇਸ ਵਿੱਚ ਸਿਰਫ਼ ਅੰਬਾਂ ਨਾਲ ਸਬੰਧਤ ਨਜ਼ਮਾਂ/ਗ਼ਜ਼ਲਾਂ ਪੜ੍ਹੀਆਂ ਜਾਂਦੀਆਂ ਸਨ।
ਅੰਬ ਵੱਖ ਵੱਖ ਆਕਾਰ ਅਤੇ ਸ਼ਕਲਾਂ ਦੇ ਹੁੰਦੇ ਹਨ। ਕਈ ਅੰਡਾਕਾਰ, ਕਈ ਗੋਲ, ਦਿਲ ਦੀ ਸ਼ਕਲ ਦੇ, ਕਈ ਪਤਲੇ ਤੇ ਕਈ ਵੱਡ ਆਕਾਰੀ। ਛੋਟੇ ਤੋਂ ਛੋਟਾ ਅੰਬ ਅਲੂਚੇ ਜਿੱਡਾ ਅਤੇ ਵੱਡੇ ਤੋਂ ਵੱਡਾ ਅੰਬ ਦੋ-ਢਾਈ ਕਿਲੋ ਦਾ ਹੋ ਸਕਦੈ। ਅੰਬ ਦਾ ਸਦਾਬਹਾਰ ਪੌਦਾ 50-60 ਫੁੱਟ ਲੰਮਾ ਹੁੰਦੈ। ਇਸ ਦੇ ਫੁੱਲ ਬਹੁਤ ਛੋਟੇ ਅਤੇ ਗੁਲਾਬੀ ਭਾਅ ਮਾਰਵੇਂ ਗੁੱਛੇਦਾਰ ਹੁੰਦੇ ਹਨ। ਭਾਵੇਂ ਅੰਬ ਗਿਟਕ ਤੋਂ ਵੀ ਉੱਗ ਪੈਂਦੇ ਹਨ, ਪਰ ਇਸ ਨੂੰ ਲਗਾਉਣ ਦੀਆਂ ਪ੍ਰਚੱਲਤ ਵਿਧੀਆਂ ਕਲਮ, ਦਾਬ ਜਾਂ ਚਕਲੀ-ਕੱਢ ਹੀ ਹਨ। ਅੰਬ ਆਪਣੇ ਖੁਸ਼ਬੂਦਾਰ ਸਵਾਦ/ਮਿਠਾਸ ਅਤੇ ਖੁਮਾਰੀਜਨਕ/ਨਸ਼ੀਲੇ ਰੰਗਾਂ ਕਾਰਨ ਘਰ ਘਰ ਦਾ ਲਾਡਲਾ ਫ਼ਲ ਹੈ। ਅੰਬ ਬਾਰੇ ਕਈ ਅਖਾਣ/ਮੁਹਾਵਰੇ/ਲੋਕ ਬੋਲੀਆਂ ਪ੍ਰਚੱਲਤ ਹਨ।
ਰਾਬਿੰਦਰ ਨਾਥ ਟੈਗੋਰ ਨੇ ਅੰਬ ਬਾਰੇ ਕਈ ਕਵਿਤਾਵਾਂ ਲਿਖੀਆਂ, ਪਰ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਅੰਬੀ ਦਾ ਬੂਟਾ’ ਦਾ ਕੋਈ ਜਵਾਬ ਨਹੀਂ। ਇਸ ਲੰਮੀ ਕਵਿਤਾ ਵਿੱਚੋਂ ਸਿਰਫ਼ ਸੰਕੇਤ ਮਾਤਰ ਸਤਰਾਂ ਪੇਸ਼ ਹਨ;
ਇੱਕ ਬੂਟਾ ਅੰਬੀ ਦਾ
ਘਰ ਸਾਡੇ ਲੱਗਾ ਨੀਂ
ਕੀ ਉਸ ਦਾ ਕਹਿਣਾ ਨੀਂ
ਵੇਹੜੇ ਦਾ ਗਹਿਣਾ ਨੀਂ
ਪਰ ਮਾਹੀ ਬਾਝੋਂ ਨੀਂ
ਪਰਦੇਸੀ ਬਾਝੋਂ ਨੀਂ
ਇਹ ਮੈਨੂੰ ਵੱਢਦਾ ਏ
ਤੇ ਖੱਟਾ ਲੱਗਦਾ ਏ
ਕੋਇਲ ਦੀਆਂ ਕੂਕਾਂ ਨੀਂ
ਮਾਰਨ ਬੰਦੂਕਾਂ ਨੀਂ...।
ਭਾਈ ਗੁੁੁਰਦਾਸ ਦੀ ਬਾਣੀ ਵਿੱਚ ਵੀ ਅੰਬ ਦਾ ਜ਼ਿਕਰ ਹੈ;
ਕੋਕਿਲ ਅੰਬ ਸੁਹਾਵੀ ਬੋਲੈੈ ਕਿਉ ਦੁਖੁ ਅੰਕਿ ਸਹੀਜੈ।।
***
ਅੰਬਾਂ ਸਧਰ ਨਾ ਲਹੈ ਆਣ ਅੰਬਾਕੜੀਆਂ ਜੇ ਖਾਏ।।
***
ਮਉਲੇ ਅੰਬ ਬਸੰਤ ਰੁਤਿ...।।
ਅੰਬਾਲਾ ਸ਼ਹਿਰ ਦਾ ਨਾਮ ਵੀ ਇੱਥੇ ਪਹਿਲਿਆਂ ਵੇਲਿਆਂ ਵੇਲੇ ਅੰਬਾਂ ਦੇ ਬਾਗ਼ ਹੋਣ ਕਾਰਨ ਪਿਆ। ਮੁਹਾਲੀ ਵਿੱਚ ਗੁਰਦੁਆਰਾ ਅੰਬ ਸਾਹਿਬ ਹੈ। ਅੰਬ ਦੇ ਬੂਟੇ ਉੱਪਰ ਪੱਕੇ ਅੰਬ ਦੇਖਣ ਦਾ ਆਪਣਾ ਹੀ ਰੁਮਾਂਸ ਹੈ। ਸਾਨੂੰ ਇਹ ਦ੍ਰਿਸ਼ ਬੜਾ ਵਿਸਮਾਦ ਕਰ ਦਿੰਦਾ ਹੈ। ਮੁਗ਼ਲਾਂ ਨੂੰ ਅੰਬਾਂ ਨਾਲ ਐਨਾ ਮੋਹ ਸੀ ਕਿ ਕਹਿੰਦੇ ਹਨ ਕਿ ਸ਼ਾਹਜਹਾਂ ਵੱਲੋਂ ਦੱਖਣ ਵਿੱਚ ਲਗਾਏ ਗਏ ਅੰਬਾਂ ਦੇ ਫ਼ਲ ਉਸ ਦਾ ਪੁੱਤਰ ਔਰੰਗਜ਼ੇਬ ਜੋ ਉਸ ਵੇਲੇ ਦੱਖਣ ਦਾ ਵਜ਼ੀਰ ਸੀ, ਜਦ ਆਪ ਹੀ ਡਕਾਰ ਗਿਆ ਤਾਂ ਅੱਗ ਬਗੂਲਾ ਹੋਏ ਸ਼ਹਿਨਸ਼ਾਹ ਨੇ ਉਸ ਨੂੰ ‘ਘਰ ਨਜ਼ਰਬੰਦੀ’ ਦੀ ਸਜ਼ਾ ਦੇ ਦਿੱਤੀ। ਇਹ ਵੀ ਕਿਹਾ ਜਾਂਦੈ ਕਿ ਬਾਬਰ ਮੇਵਾੜ ਦੇ ਰਾਣਾ ਸਾਂਘਾਂ ਨਾਲ ਲੜਨ ਤੋਂ ਕਤਰਾਉਂਦਾ ਸੀ, ਪਰ ਉਸ ਦੇ ਹਮਾਇਤੀ ਦੌਲਤ ਖਾਂ ਲੋਧੀ ਨੇ ਉਸ ਦਾ ਅੰਬਾਂ ਦੀ ਮਹਿਮਾਮਈ ਮਹਿਕ ਅਤੇ ਮਿਕਨਾਤੀਸੀ ਸੁਆਦ ਨਾਲ ਤੁਆਰਫ ਕਰਵਾਇਆ ਤਾਂ ਉਹ ਜ਼ਰਾ ਟਿਕਾਅ ’ਚ ਆਇਆ।
ਮਿਰਜ਼ਾ ਗਾਲਿਬ ਅੰਬਾਂ ਦਾ ਐਨਾਂ ਸ਼ੌਕੀਨ ਸੀ ਕਿ ਜੋ ਅੰਬ ਪਸੰਦ ਨਹੀਂ ਸਨ ਕਰਦੇ, ਉਹ ਉਨ੍ਹਾਂ ਨੂੰ ਪਸੰਦ ਨਹੀਂ ਸੀ ਕਰਦਾ। ਉਹ ਆਪਣੀ ਨਜ਼ਮ ‘ਦਰ ਸਿਫਤ-ਏ-ਅੰਬਾਹ’ ’ਚ ਇਸ ਫ਼ਲ ਨੂੰ ‘ਸੁਰਗੀ ਸ਼ਹਿਦ ਦੇ ਬੰਦ ਮਰਤਬਾਨ’ ਸੱਦਦਾ ਹੈ। ਉਹਦਾ ਇੱਕੋ ਹੀ ਫੰਡਾ ਸੀ, ‘ਆਮ ਮੀਠੇ ਹੋਂ ਔਰ ਬਹੁਤ ਹੋਂ।’ ਉਸ ਬਾਰੇ ਇੱਕ ਦੰਦ ਕਥਾ ਮਸ਼ਹੂਰ ਹੈ ਕਿ ਇੱਕ ਗਧੇ ਵੱਲੋਂ ਅੰਬਾਂ ਦੀ ਢੇਰੀ ਸੁੰਘ ਕੇ ਛੱਡ ਜਾਣ ’ਤੇ ਕਿਸੇ ਨੇ ਉਸ ਨੂੰ ਟਿੱਚਰ ਵਜੋਂ ਕਿਹਾ ਕਿ ਮਿਰਜ਼ਾ ਦੇਖੋ ‘ਗਧੇ ਵੀ ਅੰਬ ਨਹੀਂ ਖਾਂਦੇ।’ ਹਾਜ਼ਰ ਜਵਾਬ ਗਾਲਿਬ ਨੇ ਤੁਰੰਤ ਮੋੜਵਾਂ ਤੋੜਾ ਕੱਸਿਆ, ‘ਹਾਂ ਜਨਾਬ, ਗਧੇ ਵਾਕਿਆ ਈ ਅੰਬ ਨਹੀਂ ਖਾਂਦੇ।’
ਉਰਦੂ ਸ਼ਾਇਰ ਅਕਬਰ ਇਲਾਹਾਬਾਦੀ ਦੀ ਜ਼ਰਾ ਅੰਬਾਂ ਬਾਰੇ ਆਸ਼ਕੀ ਦੇਖੋ;
ਨਾਮਾ ਨਾ ਕੋਈ ਯਾਰ ਕੋ ਪੈਗਾਮ ਭੇਜੀਏ
ਇਸ ਫਸਲ ਮੇਂ ਕੁਛ ਭੇਜੀਏ ਤੋ ਬਸ ਆਮ ਭੇਜੀਏ।
ਐਸੇ ਜ਼ਰੂਰ ਹੋਂ ਕਿ ਉਨ ਕੋ ਰਖ ਕੇ ਖਾ ਸਕੂੰ
ਪੁਖ਼ਤਾ (ਪੱਕੇ) ਅਗਰ ਹੋਂ ਬੀਸ ਤੋ ਦਸ ਖਾਮ (ਕੱਚੇ) ਭੇਜੀਏ।
ਸੰਪਰਕ: 98766 55055

Advertisement

Advertisement