ਅਹਿਸਾਸ
ਅੱਜ ਸਵੇਰ ਤੋਂ ਹੀ ਸਕੂਲ ਵਿੱਚ ਚਹਿਲ-ਪਹਿਲ ਦਿਸ ਰਹੀ ਸੀ। ਸਾਲਾਨਾ ਪੇਪਰ ਹੋਣ ਕਾਰਨ ਵਿਦਿਆਰਥੀ ਪੇਪਰ ਦੇਣ ਹੀ ਸਕੂਲ ਅਉਂਦੇ ਤੇ ਪੇਪਰ ਦੇ ਕੇ ਚਲੇ ਜਾਂਦੇ। ਬਾਕੀ ਵਕਤ ਚਾਰੇ ਪਾਸੇ ਸੁੰਨ ਜਿਹੀ ਪਸਰੀ ਰਹਿੰਦੀ। ਸਕੂਲ ਤਾਂ ਬੱਚਿਆਂ ਰੂਪੀ ਫੁੱਲਾਂ ਨਾਲ ਹੀ ਖਿੜਦੇ!... ਮੈਂ ਸਕੂਲ ਪਹੁੰਚ ਕੇ ਦਫਤਰ ਜਾਂਦੇ ਹੋਏ ਆਪਣੇ-ਆਪ ਨੂੰ ਕਹਿ ਰਹੀ ਸੀ।
ਅੱਜ ਸਾਲਾਨਾ ਨਤੀਜੇ ਦਾ ਦਿਨ ਸੀ; ਉਹ ਦਿਨ ਜਿਸ ਲਈ ਅਸੀਂ ਵਿਦਿਆਰਥੀ ਰੂਪੀ ਫੁਲਵਾੜੀ ਨੂੰ ਸਿੱਖਿਆ ਰੂਪੀ ਪਾਣੀ ਨਾਲ ਸਿੰਜਦੇ ਹਾਂ; ਜਿਸ ਦਿਨ ਦਾ ਇੰਤਜ਼ਾਰ ਹਰ ਵਿਦਿਆਰਥੀ ਨੂੰ ਹੁੰਦਾ ਹੈ ਕਿ ਉਹ ਆਪਣੀ ਇੱਕ ਸਾਲ ਦੀ ਕਾਰਗੁਜ਼ਾਰੀ ਨੂੰ ਦੇਖ ਸਕਣ। ਉਨ੍ਹਾਂ ਸਿਰਫ਼ ਕਿਤਾਬੀ ਸਿੱਖਿਆ ਜਾਂ ਗਿਆਨ ਹੀ ਨਹੀਂ ਲਿਆ ਹੁੰਦਾ ਬਲਕਿ ਜ਼ਿੰਦਗੀ ਦੇ ਰਾਹਾਂ ’ਤੇ ਤੁਰਨ ਦੀ ਜੀਵਨ ਜਾਚ ਵੀ ਅਧਿਆਪਕ ਕੋਲੋਂ ਸਿੱਖਣੀ ਹੁੰਦੀ ਹੈ। ਅਧਿਆਪਕ ਆਪਣੀ ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕਰ ਕੇ ਉਨ੍ਹਾਂ ਨੂੰ ਜ਼ਿੰਦਗੀ ਦੇ ਔਖੇ-ਸੌਖੇ ਰਾਹ ਸਰ ਕਰ ਦੀ ਤਾਕਤ ਵੀ ਦਿੰਦਾ ਹੈ।
ਖੈਰ, ਮੇਰੀ ਅਤੇ ਇੱਕ ਹੋਰ ਸੀਨੀਅਰ ਅਧਿਆਪਕ ਦੀ ਡਿਊਟੀ ਨਤੀਲਾ ਐਲਾਨਣ ਲਈ ਲੱਗੀ ਹੋਈ ਸੀ। ਅਸੀਂ ਬਾਕੀ ਦੇ ਸਾਥੀ ਅਧਿਆਪਕਾਂ ਤੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਆਏ ਵਿਦਿਆਰਥੀਆਂ ਦੀ ਲਿਸਟ ਲੈ ਲਈ। ਕੁਝ ਕੁ ਉਨ੍ਹਾਂ ਫੇਲ੍ਹ ਵਿਦਿਆਰਥੀਆਂ ਦੀ ਲਿਸਟ ਵੀ ਸਾਡੇ ਕੋਲ ਸੀ ਜਿਨ੍ਹਾਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਹਰ ਵਿਸ਼ੇ ਦੇ ਅਧਿਆਪਕ ਅਤੇ ਉਨ੍ਹਾਂ ਦੇ ਜਮਾਤ ਇੰਚਾਰਜ ਨੇ ਕੀਤੀ ਸੀ। ਨਤੀਜਾ ਐਲਾਨਣ ਦਾ ਸਾਰਾ ਪ੍ਰੋਗਰਾਮ ਹਾਲ ਕਮਰੇ ਵਿੱਚ ਰੱਖਿਆ ਗਿਆ ਸੀ। ਮਾਪੇ, ਪਿੰਡ ਦੀ ਪੰਚਾਇਤ ਦੇ ਮੈਂਬਰ ਸਾਹਿਬਾਨ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਅਧਿਆਪਕਾਂ ਨਾਲ ਹੀ ਉਚੇਚੇ ਤੌਰ ’ਤੇ ਉੱਥੇ ਮੌਜੂਦ ਸਨ। ਸਾਰਾ ਹਾਲ ਵਿਦਿਆਰਥੀਆਂ ਦੇ ਇਕੱਠ ਨਾਲ ਭਰਿਆ ਹੋਇਆ ਸੀ। ਹੁਸ਼ਿਆਰ ਵਿਦਿਆਰਥੀਆਂ ਅੰਦਰ ਪੁਜ਼ੀਸ਼ਨਾਂ ਨੂੰ ਲੈ ਕੇ ਉਤਸ਼ਾਹ ਸੀ ਤੇ ਕਈਆਂ ਨੂੰ ਪਾਸ ਹੋਣ ਤਕ ਦੀ ਉਮੀਦ ਦਾ ਸ਼ੱਕ ਸੀ। ਇੱਕ ਦੋ ਵਿਦਿਆਰਥੀ ਜਿਨ੍ਹਾਂ ਨੂੰ ਫੇਲ੍ਹ ਹੋਣ ਦਾ ਡਰ ਸੀ, ਉਨ੍ਹਾਂ ਦੇ ਮੂੰਹ ’ਤੇ ਸਹਿਮ ਅਤੇ ਡਰ ਵੀ ਦੇਖਿਆ।
ਖੈਰ, ਨਤੀਜਾ ਐਲਾਨਿਆ ਗਿਆ। ਸਮੂਹ ਸਟਾਫ ਮੈਂਬਰ, ਪ੍ਰਿੰਸੀਪਲ ਮੈਡਮ ਅਤੇ ਪਤਵੰਤੇ ਸੱਜਣਾਂ ਨੇ ਵਿਦਿਆਰਥੀਆਂ ਨੂੰ ਟਰਾਫੀਆਂ ਵੰਡ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਫਿਰ ਸਾਰੇ ਕਲਾਸ ਇੰਚਾਰਜ ਆਪੋ-ਆਪਣੀ ਜਮਾਤ ਦਾ ਨਤੀਜਾ ਲੈ ਕੇ ਆਪੋ-ਆਪਣੀ ਜਮਾਤ ਦੇ ਕਮਰਿਆਂ ਵਿੱਚ ਚਲੇ ਗਏ ਤਾਂ ਕਿ ਬਾਕੀਆਂ ਦੀ ਕਾਰਗੁਜ਼ਾਰੀ ਅਤੇ ਨੰਬਰ ਕਾਰਡ ਉਨ੍ਹਾਂ ਦੇ ਮਾਪਿਆਂ ਨੂੰ ਦਿਖਾ ਸਕਣ। ਵੈਸੇ ਤਾਂ ਹਰ ਵਿਦਿਆਰਥੀ ਦੇ ਬੌਧਿਕ ਪੱਧਰ ਅਤੇ ਉਸ ਦੀ ਸ਼ਖ਼ਸੀਅਤ ਦੇ ਹੋਰ ਗੁਣ ਦੇਖ ਹਰ ਅਧਿਆਪਕ ਦੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵਿਦਿਆਰਥੀ ਨਾਲ ਨਿਆਂ ਕੀਤਾ ਜਾਵੇ ਪਰ ਕਈ ਵਾਰੀ ਮਜਬੂਰੀਵਸ ਕਿਸੇ ਵਿਦਿਆਰਥੀ ਨੂੰ ਫੇਲ੍ਹ ਵੀ ਕਰਨਾ ਪੈਂਦਾ ਹੈ। ਮੇਰੀ ਜਮਾਤ ਵਿੱਚੋਂ ਦੋ ਵਿਦਿਆਰਥੀ ਫੇਲ੍ਹ ਹੋਏ। ਕਾਰਨ? ਉਹ ਵਿਦਿਆਰਥੀ ਜ਼ਿਆਦਾਤਰ ਗੈਰ-ਹਾਜ਼ਰ ਹੀ ਰਹਿੰਦੇ ਸਨ। ਮੈਂ ਜਮਾਤ ਇੰਚਾਰਜ ਹੋਣ ਦੇ ਨਾਤੇ ਕਈ ਵਾਰੀ ਘਰ ਜਾ ਕੇ ਉਨ੍ਹਾਂ ਵਿਦਿਆਰਥੀਆਂ ਨੂੰ ਘਰੋਂ ਲਿਆਉਣ ਦੀ ਕੋਸ਼ਿਸ਼ ਕੀਤੀ। ਇੱਕ ਦੇ ਸਿਰ ’ਤੇ ਪਿਉ ਨਹੀਂ ਦੀ; ਦੂਜੇ ਦਾ ਪਿਉ ਜੇਲ੍ਹ ਵਿੱਚ ਹੈ। ਦੋਹਾਂ ਨਾਲ ਹਮਦਰਦੀ ਤਾਂ ਪੂਰੀ ਸੀ ਪਰ ਜੇ ਉਹ ਸਕੂਲ ਆਉਂਦੇ, ਥੋੜ੍ਹੀ ਬਹੁਤ ਕੋਸ਼ਿਸ਼ ਕਰਦੇ ਤਾਂ ਹੀ ਕੋਈ ਮਦਦ ਹੋ ਸਕਦੀ ਸੀ। ਉਨ੍ਹਾਂ ਵਿੱਚੋਂ ਇੱਕ ਤਾਂ ਆਇਆ ਹੀ ਨਤੀਜਾ ਸੁਨਣ ਸੀ। ਸ਼ਾਇਦ ਦੂਜੇ ਨੂੰ ਆਪਣੀ ਕਾਰਗੁਜ਼ਾਰੀ ਬਾਰੇ ਪਤਾ ਸੀ।
ਸਾਰੇ ਬੱਚੇ ਚਲੇ ਗਏ ਤਾਂ ਉਹ ਨਮ ਜਿਹੀਆਂ ਅੱਖਾਂ ਨਾਲ ਮੇਰੇ ਕੋਲ ਆ ਕੇ ਕਹਿੰਦਾ, “ਜੀ ਮੈਂ ਫੇਲ੍ਹ ਆਂ?” ਮੈਂ ਬੜੀ ਹੀ ਮਜਬੂਰੀਵਸ ‘ਹਾਂ’ ਵਿੱਚ ਸਿਰ ਹਿਲਾਇਆ। ਉਹ ਕੁਝ ਨਾ ਬੋਲਿਆ।
“ਹੁਣ ਕੀ ਕਰੇਂਗਾ ਫਿਰ? ਦੁਆਰਾ ਲੱਗਣਾ ਪੜ੍ਹਨ?”
ਉਹ ਕੁਝ ਨਾ ਬੋਲਿਆ ਅਤੇ ਇਹ ਕਹਿ ਕੇ ਚਲਾ ਗਿਆ, “ਜੀ ਦੇਖਦਾ ਹਾਂ।”
ਉਹਦੇ ਜਾਣ ਬਾਅਦ ਮੈਂ ਸੁੰਨ ਜਿਹੀ ਹੋ ਗਈ ਸਾਂ। ਘਰ ਆ ਕੇ ਵੀ ਧੁੜਕੂ ਜਿਹਾ ਮਨ ਵਿੱਚ ਲੱਗਾ ਰਿਹਾ ਕਿ ਕਿਤੇ ਮੈਥੋਂ ਕੁਝ ਗ਼ਲਤ ਤਾਂ ਨਹੀਂ ਹੋ ਗਿਆ। ਸ਼ਾਮ ਨੂੰ ਚਾਹ ਪੀਂਦੇ ਉਹਦੀ ਮਾਂ ਦਾ ਫੋਨ ਆਇਆ, ਕਹਿੰਦੀ, “ਜੀ ਅਜੀਤ ਨੂੰ ਬਹੁਤ ਪਛਤਾਵਾ...ਫੇਲ੍ਹ ਹੋਣ ਦਾ।” ਮੇਰੀਆਂ ਅੱਖਾਂ ਵਿੱਚ ਚਮਕ ਜਿਹੀ ਆ ਗਈ। ਉਹਦੀ ਮਾਂ ਕਹਿੰਦੀ, “ਉਹ ਦਬਾਰਾ ਲੱਗਣਾ ਚਾਹੁੰਦਾ ਪੜ੍ਹਨ... ਉਹ ਕਹਿੰਦਾ, ਹੁਣ ਮੈਂ ਸਕੂਲ ਵੀ ਜਾਇਆ ਕਰਾਂਗਾ ਤੇ ਬਾਰਵੀਂ ਕਰਾਂਗਾ।”
ਮੈਨੂੰ ਸਕੂਨ ਮਿਲਿਆ- ਚਲੋ ਕੋਈ ਨਹੀਂ, ਉਹਨੂੰ ਆਪਣੀ ਗ਼ਲਤੀ ਦਾ ਅਹਿਸਾਸ ਤਾਂ ਹੋਇਆ ਕਿ ਬਾਕੀ ਬੱਚਿਆਂ ਵਾਂਗ ਪੜ੍ਹਨਾ ਚਾਹੀਦਾ। ਸੋ, ਹਰ ਨਤੀਜਾ ਫੇਲ੍ਹ ਜਾਂ ਪਾਸ ਦਾ ਨਹੀਂ ਹੁੰਦਾ, ਕਈ ਵਾਰ ਜ਼ਿੰਦਗੀ ਦੇ ਕਿਸੇ ਕੋਨੇ ਵਿੱਚ ਮਰ ਚੁੱਕੇ ਅਹਿਸਾਸ ਨੂੰ ਜਿਊਂਦਾ ਕਰਨ ਲਈ ਵੀ ਹੁੰਦਾ। ਮੈਨੂੰ ਵੀ ਅਹਿਸਾਸ ਹੋਇਆ ਕਿ ਸ਼ਾਇਦ ਇਹ ਸਾਲਾਨਾ ਨਤੀਜਾ ਇਸ ਦਾ ਭਵਿੱਖ ਬਦਲਣ ਵਾਲਾ ਮੀਲ-ਪੱਥਰ ਸਾਬਿਤ ਹੋਵੇ!...
ਸੰਪਰਕ: 89689-48018