ਅਧੂਰੀ ਸਫਲਤਾ, ਪੂਰੀ ਸਫਲਤਾ
ਗੁਰਦੀਪ ਢੁੱਡੀ
ਫਰਵਰੀ 2010 ਵਿੱਚ ਪ੍ਰਿੰਸੀਪਲ ਵਜੋਂ ਮੇਰੀ ਵਿਭਾਗੀ ਤਰੱਕੀ ਹੋਈ ਅਤੇ ਮੇਰੀ ਤਾਇਨਾਤੀ ਮੁਕਤਸਰ ਸ਼ਹਿਰ ਦੀ ਵੱਖੀ ਵਿੱਚ ਵਸੇ ਪਿੰਡ ਗੋਨਿਆਣਾ ਵਿੱਚ ਹੋਈ। ਬੜੇ ਲੰਮੇ ਸਮੇਂ ਬਾਅਦ ਹੋਈਆਂ ਤਰੱਕੀਆਂ ਕਾਰਨ ਸਕੂਲਾਂ ਦੇ ਲੈਕਚਰਾਰ ਵਰਗ ਨੇ ਇਸ ਨੂੰ ਜਸ਼ਨ ਵਾਂਗ ਮਨਾਇਆ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਨੇ ਜ਼ਿਲ੍ਹਿਆਂ ਅਨੁਸਾਰ ਜਿੱਥੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਉੱਥੇ ਤਰੱਕੀ ਵਾਲੇ ਲੈਕਚਰਾਰਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਬਣਾਇਆ। ਇਸ ਤਰ੍ਹਾਂ ਦਾ ਪ੍ਰੋਗਰਾਮ ਸ੍ਰੀ ਮੁਕਤਸਰ ਜਿ਼ਲ੍ਹੇ ਵਿੱਚ ਵੀ ਕੀਤਾ ਗਿਆ। ਯੂਨੀਅਨ ਦੇ ਮੈਂਬਰਾਂ ਨੇ ਸੰਘਰਸ਼ ਦੌਰਾਨ ਸਾਥ ਦੇਣ ਵਾਲੇ ਮੈਂਬਰਾਂ ਦਾ ਧੰਨਵਾਦ ਕੀਤਾ, ਨਾਲ ਹੀ ਆਪਣੀ ਜਿੱਤ ਦਾ ਸਿਹਰਾ ਵੀ ਸਾਥੀ ਮੈਂਬਰਾਂ ਦੇ ਸਿਰ ਬੰਨ੍ਹਿਆ।
ਸਨਮਾਨ ਚਿੰਨ੍ਹ ਲੈਣ ਵੇਲੇ ਮੇਰੇ ਮਨ ਵਿੱਚ ਬੜੀ ਉਥਲ-ਪੁਥਲ ਚੱਲ ਰਹੀ ਸੀ। ਇਸ ਤੋਂ ਪਹਿਲਾਂ ਮੇਰੀ ਤਾਇਨਾਤੀ ਸਰਕਾਰੀ ਇਨ-ਸਰਵਿਸ ਟ੍ਰੇਨਿੰਗ ਸੈਂਟਰ ਫ਼ਰੀਦਕੋਟ ਵਿੱਚ ਸੀ। ਇਸ ਸੰਸਥਾ ਵਿੱਚ ਪਹਿਲਾਂ ਹੀ ਅਧਿਆਪਨ ਕਾਰਜ ਵਿੱਚ ਲੱਗੇ ਹੋਏ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੇ ਸੈਮੀਨਾਰ ਕੀਤੇ ਜਾਂਦੇ ਸਨ। ਇੱਥੇ ਪੁਰਾਣੇ ਫ਼ਰੀਦਕੋਟ ਜ਼ਿਲ੍ਹੇ ਅਤੇ ਹੁਣ ਦੇ ਫ਼ਰੀਦਕੋਟ, ਮੋਗਾ, ਮੁਕਤਸਰ ਜ਼ਿਲ੍ਹਿਆਂ ਦੇ ਸਕੂਲਾਂ ਦੇ ਅਧਿਆਪਕ ਆਉਂਦੇ ਸਨ। ਵਿਸ਼ਿਆਂ ਦੇ ਅਧਿਆਪਨ ਤੋਂ ਇਲਾਵਾ ਆਦਰਸ਼ਾਂ ਦੇ ਲੜ ਲੱਗਣ ਦੇ ਗਿਆਨ ਦਾ ਸੰਚਾਰ ਵੀ ਹੁੰਦਾ ਸੀ। ਆਪਣੀ ਸੰਸਥਾ ਵਿੱਚ ਮੈਂ ਇਸ ਦੀ ਲੋੜੋਂ ਵੱਧ ਵਰਤੋਂ ਕਰਦਾ ਸੀ। ਤਰੱਕੀ ਤੋਂ ਬਾਅਦ ਜਦੋਂ ਮੁੜ ਸਕੂਲ ਵਿੱਚ ਆ ਗਿਆ ਤਾਂ ਮਨ ਵਿੱਚ ਪਿਛਲੇ ਦਸਾਂ ਸਾਲਾਂ ਵਿੱਚ ਕੀਤੀਆਂ ਗੱਲਾਂ ਮੁੜ-ਮੁੜ ਆ ਹਲੂਣਦੀਆਂ ਸਨ। ਆਪਣੀਆਂ ਥਿਊਰੀਆਂ ਨੂੰ ਅਮਲੀ ਜਾਮਾ ਪਹਿਨਾਉਣਾ ਮੇਰੀ ਵੱਡੀ ਜ਼ਿੰਮੇਵਾਰੀ ਬਣਨ ਦਾ ਸੁਨੇਹਾ ਦਿੰਦੀ ਸੀ।
ਥੋੜ੍ਹਾ-ਥੋੜ੍ਹਾ ਸਮਾਂ ਪਿੰਡਾਂ ਦੇ ਛੋਟੇ-ਛੋਟੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲਾਉਣ ਤੋਂ ਬਾਅਦ ਮੇਰੀ ਤਾਇਨਾਤੀ ਫ਼ਰੀਦਕੋਟ ਦੇ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋ ਗਈ। ਗਿਣਤੀ ਅਨੁਸਾਰ ਇਹ ਵੱਡਾ ਸਕੂਲ ਸੀ। ਸਕੂਲ ਵਿੱਚ ਕੁਝ ‘ਵੱਡੇ ਅਧਿਆਪਕ’ ਵੀ ਤਾਇਨਾਤ ਸਨ ਪਰ ਪਹਿਲੀਆਂ ਵਿੱਚ ਮੈਨੂੰ ਭੁਲੇਖੇ ਵਰਗਾ ਅਹਿਸਾਸ ਹੋਇਆ ਕਿ ਸਾਰੇ ਜਣੇ ਮੇਰੇ ਇਰਾਦਿਆਂ ਨਾਲ ਸਹਿਮਤ ਹਨ। ਸਕੂਲ ਵਿੱਚ ਵਿਦਿਅਕ ਮਾਹੌਲ ਬਣਾਉਣ ਵਿੱਚ ਮੈਂ ਆਪਣੀ ਸਾਰੀ ਤਾਕਤ ਝੋਕਣ ਵਾਲਿਆਂ ਵਾਂਗ ਕੀਤੀ। ਪੂਰੀ ਯੋਗਤਾ ਵਾਲਾ ਅਧਿਆਪਕਾਂ ਦਾ ਕਾਫ਼ਲਾ ਮੇਰੇ ਨਾਲ ਜਾਪਦਾ ਸੀ। ਅਧਿਆਪਕਾਂ ਵਿੱਚ ਵੱਡੀ ਗਿਣਤੀ ਵਿੱਚ ਔਰਤ ਅਧਿਆਪਕ ਸਨ ਅਤੇ ਵਿਦਿਆਰਥੀ ਵੀ ਲੜਕੀਆਂ ਸਨ। ਪਹਿਲਾਂ ਤੋਂ ਹੀ ਮੇਰਾ ਇਹ ਮੰਨਣਾ ਹੈ ਕਿ ਲੜਕਿਆਂ ਅਤੇ ਮਰਦਾਂ ਦੇ ਮੁਕਾਬਲੇ ਔਰਤਾਂ ਅਤੇ ਲੜਕੀਆਂ ਵਧੇਰੇ ਅਨੁਸ਼ਾਸਤ ਅਤੇ ਮਿਹਨਤੀ ਹੁੰਦੀਆਂ ਹਨ। ਇਸ ਕਰ ਕੇ ਇੱਥੇ ਮੇਰੇ ਸੁਫਨੇ ਸਾਕਾਰ ਹੋ ਸਕਦੇ ਹਨ। ਬਹੁਤ ਸਾਰੇ ਅਧਿਆਪਕਾਂ ਨੇ ਮੇਰੇ ਮੋਢੇ ਨਾਲ ਮੋਢਾ ਜੋੜ ਲਿਆ ਪਰ ਮੇਰੇ ਰਾਹ ਦੇ ਰੋੜਿਆਂ ਨੇ ਵੀ ਇਸੇ ਸਮੇਂ ਕਮਰ ਕੱਸ ਲਈ।
ਤਕਰੀਬਨ ਛੇ ਕੁ ਮਹੀਨਿਆਂ ਦੇ ਵਕਫ਼ੇ ਵਿੱਚ ਮੈਨੂੰ ਇਕ ਅਧਿਆਪਕ ਨਾਲ ਉਸੇ ਦੀ ਗੱਡੀ ਵਿੱਚ ਸਫ਼ਰ ਕਰਨ ਦਾ ਸਬੱਬ ਬਣਿਆ। ਉਸ ਨੇ ਥੋੜ੍ਹੀ ਸ਼ਰਾਬ ਵੀ ਪੀਤੀ ਹੋਈ ਸੀ ਅਤੇ ਇਸੇ ਵਿੱਚ ਹੀ ਉਸ ਨੇ ਮੈਨੂੰ ਇਹ ਸੁਣਾ ਦਿੱਤਾ ਕਿ ਉਹ ਵਿਸ਼ੇਸ਼ ਬੰਦਾ ਹੈ, ਇਸ ਕਰ ਕੇ ਉਸ ਨੂੰ ਕੰਮ ਕਹਿਣ ਵੇਲੇ ਮੈਨੂੰ ਸੌ ਵਾਰੀ ਸੋਚਣਾ ਚਾਹੀਦਾ ਹੈ। ਮੈਨੂੰ ਇਹ ਮਹਿਸੂਸ ਤਾਂ ਹੋਇਆ ਪਰ ਮੈਂ ਇਸ ਨੂੰ ਇੰਨਾ ਕੁ ਹੀ ਦਿਲ ’ਤੇ ਲਾਇਆ ਕਿ ਉਸ ਨੂੰ ਬਹੁਤ ਸਾਰੇ ਕੰਮਾਂ ਵਿੱਚ ਨਕਾਰਦਿਆਂ ਬਾਕੀ ਦਾ ਆਪਣਾ ਸਫ਼ਰ ਬੇਰੋਕ ਜਾਰੀ ਰੱਖਿਆ।
ਦੋ ਕੁ ਸਾਲ ਦੇ ਵਕਫ਼ੇ ਬਾਅਦ ਵੱਡਾ ਧਮਾਕਾ ਹੋਇਆ। ਸਕੂਲ ਦੇ ਕਲਰਕ ਮਨਜੀਤ ਕੌਰ ਦਫ਼ਤਰੀ ਕੰਮ ਲਈ ਜ਼ਿਲ੍ਹਾ ਸਿੱਖਿਆ ਦਫ਼ਤਰ ਗਏ। ਵਾਪਸ ਆ ਕੇ ਉਨ੍ਹਾਂ ਦੇ ਚਿਹਰੇ ਦੀ ਰੰਗਤ ਅੰਤਾਂ ਦੀ ਪਿਲੱਤਣ ਵਾਲੀ ਸੀ। ਉਹ ਬੇਹੱਦ ਫਿ਼ਕਰਮੰਦ ਸਨ ਅਤੇ ਆਪਣਾ ਸਮਾਨ ਰੱਖ ਕੇ ਉਹ ਮੇਰੇ ਕੋਲ ਆਏ ਅਤੇ ਮੈਨੂੰ ਦਫ਼ਤਰ ਦੇ ਅੰਦਰ ਚੱਲਣ ਵਾਸਤੇ ਕਿਹਾ- “ਸਰ, ਕਿਸੇ ਨੇ ਤੁਹਾਡੀ ਸ਼ਿਕਾਇਤ ਕੀਤੀ ਹੈ। ਇਸ ਵਿੱਚ ਬੜਾ ਕੁਝ ਊਲ-ਜਲੂਲ ਲਿਖਿਆ ਹੈ। ਕਰੈਕਟਰ ਵੀ ਉਛਾਲਿਆ ਹੈ।” ਉਸ ਸ਼ਿਕਾਇਤ ਦੀ ਫੋਟੋ ਕਾਪੀ ਉਨ੍ਹਾਂ ਮੈਨੂੰ ਪੜ੍ਹਨ ਨੂੰ ਦਿੱਤੀ। ਇਕ ਵਾਰੀ ਤਾਂ ਮੇਰੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ ਪਰ ਹੌਲੀ-ਹੌਲੀ ਮੈਂ ਸੰਭਲ ਗਿਆ। ਜਦੋਂ ਇਸ ਸ਼ਿਕਾਇਤ ਨੂੰ ਸਹਿਜ ਭਾਅ ਦੇਖਿਆ ਤਾਂ ਇਹ ਗੁਮਨਾਮ ਸ਼ਿਕਾਇਤ ਸੀ ਅਤੇ ਇਸ ਉੱਤੇ ਜੋ ਪਤਾ ਦਿੱਤਾ ਗਿਆ ਸੀ, ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਸ਼ਿਕਾਇਤ ਜਾਅਲੀ ਸੀ। ਇਸ ਤੋਂ ਬਾਅਦ ਸ਼ਿਕਾਇਤਾਂ ਦੀ ਝੜੀ ਲੱਗ ਗਈ। ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦਾ ਇਕ ਅਸਰ ਜ਼ਰੂਰ ਹੋਇਆ ਕਿ ਸਕੂਲ ਦੀ ਪ੍ਰਗਤੀ ਵਿੱਚ ਉਹ ਰਫ਼ਤਾਰ ਮੱਧਮ ਹੋ ਗਈ ਜਿਹੜੀ ਮੈਂ ਫੜੀ ਹੋਈ ਸੀ ਪਰ ਇਹ ਸ਼ਿਕਾਇਤਾਂ ਦਫ਼ਤਰੀ ਫਾਈਲਾਂ ਦਾ ਸ਼ਿੰਗਾਰ ਬਣਦੀਆਂ ਗਈਆਂ। ਹੁਣ ਜਦੋਂ ਮੈਨੂੰ ਸੇਵਾ ਮੁਕਤ ਹੋਏ ਨੂੰ ਕਰੀਬ ਅੱਠ ਸਾਲ ਬੀਤ ਚੁੱਕੇ ਹਨ ਤਾਂ ਜਦੋਂ ਸ਼ਿਕਾਇਤਾਂ ਕਰਨ ਵਾਲਿਆਂ ਦੁਆਰਾ ਆਪ ਤਰੱਕੀ ਕਰ ਕੇ ਮੇਰੇ ਵਾਲੇ ਪ੍ਰਬੰਧਕੀ ਫਾਰਮੂਲੇ ਵਰਤਣ ਦਾ ਪਤਾ ਲੱਗਿਆ ਤਾਂ ਮੈਨੂੰ ਆਪਣੀ ਅਧੂਰੀ ਸਫਲਤਾ ਵੀ ਪੂਰੀ ਵਰਗੀ ਜਾਪਦੀ ਹੈ।
ਸੰਪਰਕ: 95010-20731