ਅਣ-ਅਧਿਕਾਰਤ ਵੈਂਡਰਾਂ ਖ਼ਿਲਾਫ਼ ਕਾਰਵਾਈ
ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਅਣ-ਅਧਿਕਾਰਤ ਵੈਂਡਰਾਂ ਖਿਲਾਫ਼ ਅਤੇ ਵਰਾਂਡਿਆਂ ਵਿੱਚ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਹਿੰਮ ਚਲਾ ਕੇ ਕਈ ਥਾਵਾਂ ਤੋਂ ਨਾਜਾਇਜ਼ ਕਬਜ਼ੇ ਹਟਾਏ।
ਨਿਗਮ ਦੇ ਜੁਆਇੰਟ ਕਮਿਸ਼ਨਰ ਸੁਮਿਤ ਸਿਹਾਗ ਦੀ ਸੁਪਰਵਿਜ਼ਨ ਹੇਠ ਟੀਮ ਨੇ ਸੈਕਟਰ-22, ਸੈਕਟਰ-15 ਅਤੇ ਸੈਕਟਰ-19 ਦੇ ਸਦਰ ਬਜ਼ਾਰ ਅਤੇ ਪਾਲਿਕਾ ਬਜ਼ਾਰ, ਮੋਬਾਈਲ ਮਾਰਕੀਟ, ਸੈਕਟਰ-16 ਦੀਆਂ ਮਾਰਕੀਟਾਂ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏ।
ਇਸ ਸਪੈਸ਼ਲ ਮੁਹਿੰਮ ਦੌਰਾਨ ਅਣ-ਅਧਿਕਾਰਤ ਵੈਂਡਰਾਂ ਸਮੇਤ ਮਾਰਕੀਟਾਂ ਦੇ ਵਰਾਂਡਿਆਂ ਵਿੱਚ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਦੇ ਕੁੱਲ 177 ਚਲਾਨ ਕੱਟੇ ਗਏ।
ਦੱਸਣਯੋਗ ਹੈ ਕਿ ਨਿਗਮ ਦੇ ਨਾਲ-ਨਾਲ ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਚੱਢਾ ਵੱਲੋਂ ਵੀ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਅਣ-ਅਧਿਕਾਰਤ ਵੈਂਡਰਾਂ, ਰੇਹੜੀਆਂ ਫੜ੍ਹੀਆਂ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਸੀ ਕਿ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਖੜ੍ਹਨ ਵਾਲੇ ਅਣ-ਅਧਿਕਾਰਤ ਵੈਂਡਰਾਂ ਦੀ ਵਜ੍ਹਾ ਕਰਕੇ ਦੁਕਾਨਦਾਰਾਂ ਦੇ ਕਾਰੋਬਾਰ ਕਾਫ਼ੀ ਪ੍ਰਭਾਵਿਤ ਹੁੰਦੇ ਹਨ। ਇਹ ਅਣ-ਅਧਿਕਾਰਤ ਵੈਂਡਰਸ ਰੇਹੜੀਆਂ ਫੜ੍ਹੀਆਂ ਪਾਰਕਿੰਗਾਂ ਵਿੱਚ ਖੜ੍ਹੀਆਂ ਕਰਕੇ ਮਾਰਕੀਟ ਦੀ ਸੁੰਦਰਤਾ ਵਿਗਾੜਦੇ ਹਨ ਅਤੇ ਗ੍ਰਾਹਕਾਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਪੱਖੋਂ ਸਮੱਸਿਆ ਵੀ ਪੈਦਾ ਕਰਦੇ ਹਨ।
ਅੱਜ ਨਿਗਮ ਦੀ ਟੀਮ ਵੱਲੋਂ ਇਨ੍ਹਾਂ ਸੈਕਟਰਾਂ ਦੀਆਂ ਮਾਰਕੀਟਾਂ ਵਿੱਚ ਮੁਹਿੰਮ ਚਲਾ ਕੇ ਨਾਜਾਇਜ਼ ਕਬਜ਼ੇ ਹਟਾਏ ਗਏ ਅਤੇ 177 ਚਲਾਨ ਕੱਟੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਆਉਂਦੇ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰਹੇਗੀ ਅਤੇ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਸੈਕਟਰ-25 ’ਚ ਸੀਸੀਟੀਵੀ ਲਾਉਣ ਦੀ ਤਿਆਰੀ
ਚੰਡੀਗੜ੍ਹ ਨਗਰ ਨਿਗਮ ਨੇ ਸੈਕਟਰ-25 ਦੀ ਕਲੋਨੀ ਵਿੱਚ ਚੋਰੀ, ਲੜਾਈ-ਝਗੜੇ ਵਰਗੀਆਂ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਦੇ ਦੇ ਮਕਸਦ ਨਾਲ ਸੀਸੀਟੀਵੀ ਕੈਮਰੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕਲੋਨੀ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਬਾਰੇ ਦੱਸਦਿਆਂ ਨਿਗਮ ਦੇ ਇਲਾਕਾ ਕੌਂਸਲਰ ਪੂਨਮ ਨੇ ਕੈਮਰੇ ਲਗਾਉਣ ਲਈ ਚੀਫ ਇੰਜਨੀਅਰ ਨੂੰ ਬੇਨਤੀ ਕੀਤੀ ਸੀ ਜਿਸ ਨੂੰ ਸਵੀਕਾਰ ਕਰਦਿਆਂ 10 ਲੱਖ ਰੁਪਏ ਦੀ ਲਾਗਤ ਨਾਲ ਕੈਮਰੇ ਲਗਾਉਣ ਦਾ ਫ਼ੈਸਲਾ ਲਿਆ ਹੈ।