ਮੁਬਾਰਕਪੁਰ ਕਾਜ਼ਵੇਅ ਦੀ ਥਾਂ ਪੁਲ ਬਣਾਉਣ ਨੂੰ ਮਨਜ਼ੂਰੀ
ਹਰਜੀਤ ਸਿੰਘ
ਡੇਰਾਬੱਸੀ, 24 ਮਾਰਚ
ਮੁਬਾਰਕਪੁਰ ਵਿਚ ਕਾਜ਼ਵੇਅ ਦੀ ਥਾਂ ਢਕੋਲੀ ਡੇਰਾਬੱਸੀ ਰੋਡ ’ਤੇ ਘੱਗਰ ਨਦੀ ’ਤੇ 150 ਮੀਟਰ ਲੰਬਾ ਪੁਲ ਬਣਾਇਆ ਜਾਵੇਗਾ। ਇਸ ਲਈ ਪੰਜਾਬ ਸਰਕਾਰ ਨੇ 12 ਕਰੋੜ ਰੁਪਏ ਵੀ ਮਨਜ਼ੂਰ ਕੀਤੇ ਹਨ।
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਮੌਜੂਦਾ ਬਜਟ ਸੈਸ਼ਨ ਦੌਰਾਨ ਵਿਧਾਇਕ ਕੁਲਜੀਤ ਰੰਧਾਵਾ ਵੱਲੋਂ ਕਾਜ਼ਵੇਅ ਪੁਲ ਦੇ ਨਵੀਨੀਕਰਨ ਦੀ ਮੰਗ ’ਤੇ ਨਵੇਂ ਪੁਲ ਦੀ ਤਜ਼ਵੀਜ ਨੂੰ ਮਨਜ਼ੂਰੀ ਦਿੱਤੀ। ਇਸ ਇਜਲਾਸ ਵਿੱਚ ਵਿਧਾਇਕ ਰੰਧਾਵਾ ਦੀ ਮੰਗ ’ਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਨਹਿਰੀ ਪਾਣੀ ਦਾ ਪ੍ਰਾਜੈਕਟ ਚਾਰ ਮਹੀਨਿਆਂ ਵਿੱਚ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ।
ਸੋਮਵਾਰ ਨੂੰ ਚੱਲ ਰਹੇ ਬਜਟ ਇਜਲਾਸ ਤੋਂ ਪਹਿਲਾਂ ਵਿਧਾਇਕ ਕੁਲਜੀਤ ਰੰਧਾਵਾ ਨੇ ਸਪੀਕਰ ਪੰਜਾਬ ਵਿਧਾਨ ਸਭਾ ਰਾਹੀਂ ਮੰਤਰੀ ਹਰਭਜਨ ਸਿੰਘ ਤੋਂ ਕਾਜ਼ਵੇਅ ਪੁਲ ਦੇ ਨਵੀਨੀਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਢਕੋਲੀ ਡੇਰਾਬੱਸੀ ਰੋਡ ਪੰਚਕੂਲਾ ਅਤੇ ਸ਼ਿਮਲਾ ਜਾਣ ਵਾਲੇ ਯਾਤਰੀਆਂ ਲਈ ਬਹੁਤ ਸਹਾਈ ਹੈ। ਇਹ ਕਾਜ਼ਵੇਅ ਪੁਲ ਖਸਤਾ ਹਾਲਤ ਵਿੱਚ ਹੈ ਅਤੇ ਹੜ੍ਹਾਂ ਦੌਰਾਨ ਕਿਸੇ ਵੀ ਸਮੇਂ ਰੁੜ੍ਹ ਸਕਦਾ ਹੈ। ਇਸ ਦੇ ਬੰਦ ਹੋਣ ਕਾਰਨ ਲੋਕਾਂ ਨੂੰ 20 ਤੋਂ 25 ਕਿਲੋਮੀਟਰ ਦਾ ਲੰਮਾ ਸਫ਼ਰ ਕਰਨਾ ਪਵੇਗਾ। ਉਨ੍ਹਾਂ ਇਸ ਪੁਲ ਨੂੰ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਫੇਰੀ ਨਾਲ ਵੀ ਜੋੜਿਆ। ਉਨ੍ਹਾਂ ਦੱਸਿਆ ਕਿ ਸ਼ਿਮਲਾ ਅਦਾਲਤ ਵਿੱਚ ਪੇਸ਼ੀ ਲਈ ਲਿਜਾਂਦੇ ਸਮੇਂ ਇਹੀ ਪੁਰਾਣੀ ਕਾਲਕਾ ਰੋਡ ਵਰਤੀ ਗਈ ਸੀ। ਕਾਜ਼ਵੇਅ ਪੁਲ ਦੇ ਨਵੀਨੀਕਰਨ ਨਾਲ ਜਿੱਥੇ ਹਰ ਰੋਜ਼ ਹਜ਼ਾਰਾਂ ਪੈਦਲ ਯਾਤਰੀਆਂ ਨੂੰ ਆਉਣ-ਜਾਣ ਵਿੱਚ ਆਸਾਨੀ ਹੋਵੇਗੀ, ਉੱਥੇ ਇਹ ਭਗਤ ਸਿੰਘ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਵੀ ਸਾਬਤ ਹੋਵੇਗੀ। ਕਰੀਬ 2.5 ਲੱਖ ਅਬਾਦੀ ਨੂੰ ਸੜਕੀ ਆਵਾਜਾਈ ਦਾ ਵੀ ਲਾਭ ਮਿਲੇਗਾ।
ਮੰਤਰੀ ਹਰਭਜਨ ਸਿੰਘ ਨੇ ਪਹਿਲਾਂ ਦੱਸਿਆ ਕਿ ਜੁਲਾਈ 2023 ਵਿੱਚ ਜੋ ਪੁਲ ਨੁਕਸਾਨਿਆ ਗਿਆ ਸੀ, ਉਸ ਦੀ ਮੁਰੰਮਤ ਐਸਡੀਆਰਐਫ ਫੰਡਾਂ ਨਾਲ ਕੀਤੀ ਗਈ ਹੈ। ਜਦੋਂ ਰੰਧਾਵਾ ਨੇ ਪੁਲ ਦੇ ਨਵੀਨੀਕਰਨ ਲਈ ਵਾਰ-ਵਾਰ ਜ਼ੋਰ ਪਾਇਆ ਤਾਂ ਮੰਤਰੀ ਨੇ ਮੌਕੇ ’ਤੇ ਹੀ ਇਸ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ’ਤੇ ਰੰਧਾਵਾ ਨੇ ਮੰਤਰੀ ਅਤੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।