ਖੁਦਕੁਸ਼ੀ ਮਾਮਲਾ: ਪੀੜਤ ਪਰਿਵਾਰ ਵੱਲੋਂ ਪੁੱਤ ਦਾ ਸਸਕਾਰ ਕਰਨ ਤੋਂ ਇਨਕਾਰ
ਹਰਜੀਤ ਸਿੰਘ
ਜ਼ੀਰਕਪੁਰ, 24 ਮਾਰਚ
ਇਥੋਂ ਦੇ ਭਬਾਤ ਖੇਤਰ ਵਿੱਚ ਪੈਂਦੀ ਸ਼ਾਂਤੀ ਕੁੰਜ ਸੁਸਾਇਟੀ ਦੇ 17 ਸਾਲਾ ਮੌਲਿਕ ਵਰਮਾ ਜੋ ਚੰਡੀਗੜ੍ਹ 11ਵੀਂ ਕਲਾਸ ਵਿੱਚ ਪੜ੍ਹਦਾ ਸੀ, ਵੱਲੋਂ ਖ਼ਦੁਕੁਸ਼ੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਅੱਜ ਪਰਿਵਾਰ ਵੱਲੋਂ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਗਈ। ਮ੍ਰਿਤਕ ਨੌਜਵਾਨ ਦੀ ਮਾਤਾ ਰਿਤੂ ਵਰਮਾ ਸਣੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਜਦ ਤੱਕ ਪੁਲੀਸ ਵੱਲੋਂ ਮੌਲਿਕ ਵਰਮਾ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਉਸ ਦੀ ਨਾਲ ਵਧੀਕੀ ਕਰਨ ਵਾਲੇ ਚੰਡੀਗੜ੍ਹ ਸਾਈਬਰ ਸੈੱਲ ਦੇ ਏ.ਐਸ.ਆਈ. ਅਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਤਦ ਤੱਕ ਉਹ ਸਸਕਾਰ ਨਹੀਂ ਕਰਨਗੇ। ਇਸ ਨੂੰ ਲੈ ਕੇ ਅੱਜ ਸਾਰਾ ਦਿਨ ਤਣਾਅਪੂਰਨ ਸਥਿਤੀ ਬਣੀ ਰਹੀ।
ਪੁਲੀਸ ਵੱਲੋਂ ਅੱਜ ਸਿਵਲ ਹਸਪਤਾਲ ਡੇਰਾਬੱਸੀ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਪਰ ਐਨ ਮੌਕੇ ’ਤੇ ਪਰਿਵਾਰ ਨੇ ਸਸਕਾਰ ਕਰਨ ਤੋਂ ਮਨਾਂ ਕਰ ਦਿੱਤਾ। ਪੁਲੀਸ ਵੱਲੋਂ ਪਰਿਵਾਰ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਇਕ ਵਾਰ ਉਹ ਮੰਨ ਗਏ ਸੀ ਪਰ ਮੁੜ ਤੋਂ ਉਨ੍ਹਾਂ ਨੇ ਕੇਸ ਦਰਜ ਹੋਣ ਤੋਂ ਬਾਅਦ ਹੀ ਸਸਕਾਰ ਕਰਨ ਦਾ ਫੈਸਲਾ ਲਿਆ। ਪਰਿਵਾਰ ਨੂੰ ਮਨਾਉਣ ਲਈ ਅੱਜ ਮੁਹਾਲੀ ਪੁਲੀਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਦੇ ਅਧਿਕਾਰੀ ਵੀ ਪਹੁੰਚੇ ਹੋਏ ਸੀ।
ਮ੍ਰਿਤਕ ਦੀ ਮਾਤਾ ਰਿਤੂ ਵਰਮਾ ਨੇ ਕਿਹਾ ਕਿ ਪੁਲੀਸ ਵੱਲੋਂ ਚਾਰ ਮਹੀਨੇ ਪੁਰਾਣੇ ਮਾਮਲੇ ਵਿੱਚ ਨਾਬਾਲਗ ਬੱਚਿਆਂ ਨੂੰ ਬਿਨਾਂ ਉਨ੍ਹਾਂ ਦੇ ਮਾਪਿਆਂ ਦੇ ਨਾਜਾਇਜ਼ ਤੌਰ ’ਤੇ ਸੱਦਿਆ ਗਿਆ। ਉਨ੍ਹਾਂ ਪੁਲੀਸ ’ਤੇ ਕਥਿਤ ਤੌਰ ’ਤੇ ਤਸ਼ੱਦਦ ਕਰਨ ਦਾ ਦੋਸ਼ ਲਾਇਆ। ਇਸ ਤੋਂ ਉਨ੍ਹਾਂ ਦੇ ਲੜਕੇ ਨੇ ਘਬਰਾ ਕੇ ਘਰ ਆ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਅਤੇ ਪੁਲੀਸ ਦੇ ਏਐਸਆਈ ਨੇ ਹੀ ਉਨ੍ਹਾਂ ਦੇ ਲੜਕੇ ਨੂੰ ਐਨਾ ਮਾਨਸਿਕ ਪ੍ਰੇਸ਼ਾਨ ਕੀਤਾ ਕਿ ਉਸ ਨੂੰ ਖ਼ੁਦਕੁਸ਼ੀ ਕਰਨੀ ਪਈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲੀਸ ਨੇ ਛੇਤੀ ਕੇਸ ਦਰਜ ਨਾ ਕੀਤਾ ਤਾਂ ਉਹ ਸੰਘਰਸ਼ ਕਰਨਗੇ।