ਅਜਨਾਲਾ ਥਾਣੇ ’ਤੇ ਹਮਲਾ: ਡਿਬਰੂਗੜ੍ਹ ਜੇਲ੍ਹ ’ਚੋਂ ਦੋ ਹੋਰ ਮੁਲਜ਼ਮਾਂ ਦੇ ਟਰਾਂਜ਼ਿਟ ਰਿਮਾਂਡ ਨੂੰ ਮਨਜ਼ੂਰੀ
ਡਿਬਰੂਗੜ੍ਹ ਵਿੱਚ ਚੀਫ਼ ਜੁਡੀਸ਼ਲ ਮੈਜਿਸਟਰੇਟ (ਸੀਜੇਐੱਮ) ਅਦਾਲਤ ਨੇ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਨਾਮਜ਼ਦ ਦੋ ਮੁਲਜ਼ਮਾਂ ਬਸੰਤ ਸਿੰਘ ਅਤੇ ਸਰਬਜੀਤ ਸਿੰਘ ਗਿੱਲ ਦੇ ਟਰਾਂਜ਼ਿਟ ਰਿਮਾਂਡ ਨੂੰ ਮਨਜ਼ੂਰੀ ਦੇ ਦਿੱਤੀ ਹੈ। 2023 ਵਿੱਚ ਅਜਨਾਲਾ ਪੁਲੀਸ ਥਾਣੇ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਪੰਜਾਬ ਦੀ ਅਦਾਲਤ ਵਿੱਚ ਪੇਸ਼ ਕਰਨ ਦੀ ਆਸ ਹੈ।
ਐਡਵੋਕੇਟ ਸਮੀਰ ਤੋਦੀ ਨੇ ਕਿਹਾ ਕਿ ਦੋਵੇਂ ਬੰਦੀਆਂ ਨੂੰ 23 ਮਾਰਚ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਪੰਜਾਬ ਦੀ ਸਬੰਧਤ ਅਦਾਲਤ ਵਿੱਚ ਹਾਜ਼ਰ ਰਹਿਣ ਨੂੰ ਕਿਹਾ ਗਿਆ ਹੈ। ਤੋਦੀ ਨੇ ਦੱਸਿਆ, ‘‘ਐੱਨਐੱਸਏ (ਕੌਮੀ ਸੁਰੱਖਿਆ ਐਕਟ) ਦੇ ਦੋ ਮੁਲਜ਼ਮਾਂ ਬਸੰਤ ਸਿੰਘ ਅਤੇ ਸਰਬਜੀਤ ਸਿੰਘ ਗਿੱਲ ਨੂੰ ਸੀਜੇਐੱਮ ਅਦਾਲਤ ਵਿੱਚ ਟਰਾਂਜ਼ਿਟ ਰਿਮਾਂਡ ਲਈ ਪੇਸ਼ ਕੀਤਾ ਗਿਆ। ਸੀਜੇਐੱਮ ਅਦਾਲਤ ਨੇ ਟਰਾਂਜ਼ਿਟ ਰਿਮਾਂਡ ਲਈ ਮਿਆਦ ਦੀ ਮਨਜ਼ੂਰੀ ਦਿੱਤੀ ਹੈ। ਸਬੰਧਤ ਅਦਾਲਤ (ਪੰਜਾਬ ’ਚ) ਨੇ ਦੋਵੇਂ ਬੰਦੀਆਂ ਨੂੰ 23 ਮਾਰਚ ਨੂੰ ਦੁਪਹਿਰ ਤੋਂ ਪਹਿਲਾਂ ਅਦਾਲਤ ਵਿੱਚ ਪੇਸ਼ ਕਰਨ ਨੂੰ ਕਿਹਾ ਹੈ।’’
ਤੋਦੀ ਨੇ ਕਿਹਾ ਕਿ ਤਿੰਨ ਹੋਰ ਮੁਲਜ਼ਮਾਂ ਨੂੰ ਅੱਜ ਟਰਾਂਜ਼ਿਟ ਰਿਮਾਂਡ ਵਾਸਤੇ ਪੇਸ਼ ਕੀਤਾ ਜਾਵੇਗਾ ਕਿਉਂਕਿ ਪੰਜਾਬ ਪੁਲੀਸ ਨੇ ਇਨ੍ਹਾਂ ਸਾਰਿਆਂ ਨੂੰ ਅਜਨਾਲਾ ਪੁਲੀਸ ਥਾਣੇ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ, ‘‘ਦੋ ਹੋਰ ਬੰਦੀਆਂ ਨੂੰ ਟਰਾਂਜ਼ਿਟ ਰਿਮਾਂਡ ਵਾਸਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਦਾਲਤ ਮੂਹਰੇ ਪੇਸ਼ ਕਰਨ ਲਈ 22 ਮਾਰਚ ਦਾ ਸਮਾਂ ਦਿੱਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਪੰਜਾਬ ਪੁਲੀਸ ਅਜਨਾਲਾ ਪੁਲੀਸ ਥਾਣਾ ਮਾਮਲੇ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।’’ ਇਸ ਤੋਂ ਪਹਿਲਾਂ, ਡਿਬਰੂਗੜ੍ਹ ਅਦਾਲਤ ਨੇ ਪੰਜਾਬ ਪੁਲੀਸ ਨੂੰ ਖਾਲਿਸਤਾਨ ਪੱਖੀ ਆਗੂ ਅੰਮ੍ਰਿਤਪਾਲ ਸਿੰਘ ਦੇ ਦੋ ਸਹਿਯੋਗੀਆਂ ਦਾ ਟਰਾਂਜ਼ਿਟ ਰਿਮਾਂਡ ਦਿੱਤਾ ਸੀ। -ਏਐੱਨਆਈ