Sexual Harassment: ਮਹਿਲਾ ਸਹਿਕਰਮੀ ਦੇ ਵਾਲਾਂ ਬਾਰੇ ਗੀਤ ਗਾਉਣਾ ਜਿਨਸੀ ਸ਼ੋਸ਼ਣ ਨਹੀਂ: ਹਾਈ ਕੋਰਟ
ਮੁੰਬਈ, 21 ਮਾਰਚ
ਬੰਬੇ ਹਾਈ ਕੋਰਟ (Bombay High Court) ਨੇ ਇੱਕ ਨਿੱਜੀ ਬੈਂਕ ਦੇ ਇੱਕ ਸੀਨੀਅਰ ਕਾਰਜਕਾਰੀ ਅਧਿਕਾਰੀ ਨੂੰ ਰਾਹਤ ਦਿੰਦਿਆਂ ਕਿਹਾ ਹੈ ਕਿ ਕਿਸੇ ਮਹਿਲਾ ਸਹਿਕਰਮੀ ਦੇ ਵਾਲਾਂ ਬਾਰੇ ਗੀਤ ਗਾਉਣਾ ਅਤੇ ਟਿੱਪਣੀਆਂ ਕਰਨਾ ਆਪਣੇ ਆਪ ਵਿੱਚ ‘ਕੰਮ ਵਾਲੀ ਥਾਂ 'ਤੇ ਜਿਨਸੀ ਸ਼ੋਸ਼ਣ’ (sexual harassment at workplace) ਦਾ ਮਾਮਲਾ ਨਹੀਂ ਬਣਾ।
ਗ਼ੌਰਤਲਬ ਹੈ ਕਿ ਇਸ ਤੋਂ ਮਹਿਜ਼ ਦੋ ਦਿਨ ਪਹਿਲਾਂ ਅਲਾਹਾਬਾਦ ਹਾਈ ਕੋਰਟ (Allahabad High Court) ਨੇ ਵੀ ਅਜਿਹੇ ਹੀ ਇਕ ਫ਼ੈਸਲੇ ਵਿਚ ਕਿਹਾ ਸੀ ਕਿ ਕਿਸੇ ਕੁੜੀ ਦੇ ਨਿਜੀ ਅੰਗਾਂ ਨੂੰ ਫੜਨਾ ਜਾਂ ਉਸ ਦੀ ਪਜ਼ਾਮੀ/ਸਲਵਾਰ ਦਾ ਨਾਲਾ ਤੋੜਨਾ ਜਬਰ-ਜਨਾਹ ਦੀ ਕੋਸ਼ਿਸ਼ ਦਾ ਮਾਮਲਾ ਨਹੀਂ ਬਣਦਾ। ਹਾਈ ਕੋਰਟ ਦੇ ਜਸਟਿਸ ਰਾਮ ਮਨੋਹਰ ਨਾਰਾਇਣ ਮਿਸ਼ਰਾ ਨੇ ਇਹ ਫ਼ੈਸਲਾ ਦੋ ਵਿਅਕਤੀਆਂ ਵੱਲੋਂ ਦਾਖ਼ਲ ਨਜ਼ਰਸਾਨੀ ਪਟੀਸ਼ਨ ’ਤੇ ਸੁਣਾਇਆ ਹੈ। ਮੁਲਜ਼ਮਾਂ ਨੇ ਕਾਸਗੰਜ ਦੇ ਸਪੈਸ਼ਲ ਜੱਜ ਵੱਲੋਂ ਸੁਣਾਏ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕੀਤੀ ਸੀ।
ਬੰਬੇ ਹਾਈ ਕੋਰਟ ਦੇ ਜਸਟਿਸ ਸੰਦੀਪ ਮਾਰਨ ਨੇ 18 ਮਾਰਚ ਦੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਭਾਵੇਂ ਪਟੀਸ਼ਨਰ ਵਿਰੁੱਧ ਦੋਸ਼ਾਂ ਨੂੰ ਸੱਚ ਵੀ ਮੰਨ ਲਿਆ ਜਾਵੇ, ਪਰ ਉਨ੍ਹਾਂ ਤੋਂ ਜਿਨਸੀ ਪਰੇਸ਼ਾਨੀ ਬਾਰੇ ਇੱਕ "ਠੋਸ ਸਿੱਟਾ" ਨਹੀਂ ਕੱਢਿਆ ਜਾ ਸਕਦਾ।
ਪੁਣੇ ਵਿੱਚ HDFC ਬੈਂਕ ਦੇ ਇੱਕ ਐਸੋਸੀਏਟ ਰੀਜਨਲ ਮੈਨੇਜਰ ਵਿਨੋਦ ਕਚਾਵੇ ਨੇ ਜੁਲਾਈ 2024 ਵਿੱਚ ਉਦਯੋਗਿਕ ਅਦਾਲਤ ਵੱਲੋਂ ਬੈਂਕ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਦੀ ਇੱਕ ਰਿਪੋਰਟ ਦੇ ਵਿਰੁੱਧ ਉਸ ਦੀ ਅਪੀਲ ਨੂੰ ਖਾਰਜ ਕਰਨ ਦੇ ਹੁਕਮਾਂ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਸ ਵਿੱਚ ਉਸ ਨੂੰ ਕੰਮ ਵਾਲੀ ਥਾਂ 'ਤੇ ਔਰਤਾਂ ਦੇ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ ਅਤੇ ਨਿਵਾਰਣ) ਐਕਟ, 2013 (Sexual Harassment of Women at Workplace (Prevention, Prohibition and Redressal) Act - POSH ਐਕਟ) ਤਹਿਤ ਦੁਰਵਿਵਹਾਰ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਕਮੇਟੀ ਦੀ ਰਿਪੋਰਟ ਤੋਂ ਬਾਅਦ, ਕਚਾਵੇ ਨੂੰ ਡਿਪਟੀ ਰਿਜਨਲ ਮੈਨੇਜਰ ਵਜੋਂ ਡਿਮੋਟ ਕਰ ਦਿੱਤਾ ਗਿਆ ਸੀ।
ਮਹਿਲਾ ਸ਼ਿਕਾਇਤਕਰਤਾ ਅਨੁਸਾਰ, ਪਟੀਸ਼ਨਰ ਨੇ ਉਸ ਦੇ ਵਾਲਾਂ 'ਤੇ ਇੱਕ ਟਿੱਪਣੀ ਕੀਤੀ ਅਤੇ ਉਸਦੇ ਵਾਲਾਂ ਦਾ ਹਵਾਲਾ ਦਿੰਦਿਆਂ ਇੱਕ ਗੀਤ ਵੀ ਗਾਇਆ। ਇੱਕ ਹੋਰ ਮਿਸਾਲ ਵਿੱਚ ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਕਚਾਵੇ ਉਸ ਨੇ ਕਥਿਤ ਤੌਰ 'ਤੇ ਹੋਰ ਮਹਿਲਾ ਸਹਿਯੋਗੀਆਂ ਦੀ ਮੌਜੂਦਗੀ ਵਿੱਚ ਇੱਕ ਪੁਰਸ਼ ਸਹਿਯੋਗੀ ਦੇ ਗੁਪਤ ਅੰਗ ਬਾਰੇ ਟਿੱਪਣੀ ਕੀਤੀ ਸੀ।
ਹਾਈ ਕੋਰਟ ਨੇ ਕਿਹਾ, "ਭਾਵੇਂ ਘਟਨਾ ਸਬੰਧੀ ਦੋਸ਼ਾਂ ਨੂੰ ਸਾਬਤ ਮੰਨਿਆ ਜਾਂਦਾ ਹੈ, ਇਹ ਮੰਨਣਾ ਮੁਸ਼ਕਲ ਹੋ ਜਾਂਦਾ ਹੈ ਕਿ ਪਟੀਸ਼ਨਰ ਨੇ ਜਿਨਸੀ ਸ਼ੋਸ਼ਣ ਦਾ ਕੋਈ ਕੰਮ ਕੀਤਾ ਹੈ।" -ਪੀਟੀਆਈ