ਜ਼ੈਲੇਂਸਕੀ ਦੀ ਅਪੀਲ
ਰੂਸ ਅਤੇ ਯੂਕਰੇਨ ਦੀ ਜੰਗ ਚਲਦਿਆਂ 11 ਮਹੀਨੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲ ਕਰਦਿਆਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਖ਼ਿੱਤੇ ਵਿਚ ਸ਼ਾਂਤੀ ਕਾਇਮ ਕਰਨ ਲਈ ਭਾਰਤ ਦੀ ਹਮਾਇਤ ਮੰਗੀ ਹੈ। ਸਪੱਸ਼ਟ ਹੈ ਕਿ ਜੀ-20 ਗਰੁੱਪ ਮੁਲਕਾਂ ਦਾ ਨਵਾਂ ਮੁਖੀ ਭਾਰਤ, ਜ਼ੈਲੇਂਸਕੀ ਨੂੰ ਪ੍ਰਭਾਵਸ਼ਾਲੀ ਵਿਚੋਲਾ/ਸਾਲਸ ਜਾਪਦਾ ਹੈ। ਭਾਰਤ ਇਸ ਲੰਮੀ ਖਿੱਚ ਗਈ ਜੰਗ ਨੂੰ ਗੱਲਬਾਤ ਅਤੇ ਕੂਟਨੀਤੀ ਜ਼ਰੀਏ ਖ਼ਤਮ ਕਰਨ ਦੀ ਲੋੜ ‘ਤੇ ਜ਼ੋਰ ਦਿੰਦਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕੁਝ ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਵੀ ਫੋਨ ‘ਤੇ ਗੱਲਬਾਤ ਕੀਤੀ ਸੀ। ਉਦੋਂ ਵੀ ਉਨ੍ਹਾਂ ਨੇ ਇਹੀ ਸੁਨੇਹਾ ਦਿੱਤਾ ਸੀ ਕਿ ਫੌਰੀ ਜੰਗਬੰਦੀ ਲਈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਸਤੰਬਰ ਵਿਚ ਉਜ਼ਬੇਕਿਸਤਾਨ ਵਿਚ ਪੂਤਿਨ ਨਾਲ ਹੋਈ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ‘ਅਜੋਕਾ ਯੁੱਗ ਜੰਗ ਦਾ ਯੁੱਗ ਨਹੀਂ ਹੈ’। ਇਹ ਟਿੱਪਣੀ ਨਵੰਬਰ ਵਿਚ ਬਾਲੀ ‘ਚ ਹੋਏ ਜੀ-20 ਸੰਮੇਲਨ ਦੇ ਐਲਾਨਨਾਮੇ ਵਿਚ ਵੀ ਸ਼ਾਮਲ ਕੀਤੀ ਗਈ ਸੀ। ਸੰਜਮ ਅਪਣਾਉਣ ਦੀਆਂ ਅਪੀਲਾਂ ਦੇ ਬਾਵਜੂਦ ਰੂਸ ਤੇ ਯੂਕਰੇਨ ਵਿਚਕਾਰ ਝਗੜਾ ਵਧ ਰਿਹਾ ਹੈ।
ਅਮਰੀਕਾ ਅਤੇ ਹੋਰ ਪੱਛਮੀ ਮੁਲਕਾਂ ਦੇ ਦਬਾਅ ਦਾ ਸਾਹਮਣਾ ਕਰਦਿਆਂ ਭਾਰਤ ਨੇ ਆਪਣੇ ਜਾਂਚੇ-ਪਰਖੇ ਮਿੱਤਰ ਦੇਸ਼ ਰੂਸ ਨਾਲ ਨਜ਼ਦੀਕੀ ਸਬੰਧੀ ਬਣਾਈ ਰੱਖਣ ਦਾ ਰਾਹ ਚੁਣਿਆ ਹੈ। ਆਪਣੇ ਹਿੱਤਾਂ ਅਤੇ ਲੋੜਾਂ ਨੂੰ ਤਰਜੀਹ ਦਿੰਦਿਆਂ ਭਾਰਤ ਰਿਆਇਤੀ ਦਰਾਂ ‘ਤੇ ਰੂਸੀ ਤੇਲ ਖਰੀਦਦਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਨੇ ਜੰਗ ਕਾਰਨ ਆਉਂਦੀਆਂ ਰੁਕਾਵਟਾਂ ਪ੍ਰਤੀ ਨਾਰਾਜ਼ਗੀ ਪ੍ਰਗਟਾਈ ਹੈ। ਭਾਰਤ ਨੇ ਖੁੱਲ੍ਹੇ ਤੌਰ ‘ਤੇ ਰੂਸ ਦਾ ਵਿਰੋਧ ਵੀ ਨਹੀਂ ਕੀਤਾ। ਜੇਕਰ ਭਾਰਤ ਵਿਚੋਲਗੀ ਲਈ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਬਹੁਤ ਤਹੱਮਲ ਵਾਲੀ ਰਣਨੀਤੀ ਬਣਾਉਣੀ ਪਵੇਗੀ।
ਜੇਕਰ ਰੂਸ ਤੇ ਯੂਕਰੇਨ ਗੱਲਬਾਤ ਕਰਨ ਲਈ ਰਾਜ਼ੀ ਹਨ ਤਾਂ ਇਸ ਮੌਕੇ ਨੂੰ ਜ਼ਾਇਆ ਨਹੀਂ ਕਰਨਾ ਚਾਹੀਦਾ। ਕੂਟਨੀਤਕ ਮਾਹਿਰਾਂ ਅਨੁਸਾਰ ਭਾਰਤ ਇਹ ਕੰਮ ਇਕੱਲਿਆਂ ਨਹੀਂ ਕਰ ਸਕਦਾ। ਇਸ ਵਿਚ ਅਮਰੀਕਾ ਤੇ ਚੀਨ ਦੇ ਸਹਿਯੋਗ ਦੀ ਜ਼ਰੂਰਤ ਹੈ। ਭਾਰਤ ਨੂੰ ਅਮਰੀਕਾ ਦੀ ਭੂਮਿਕਾ ਬਾਰੇ ਚੇਤੰਨ ਹੋਣਾ ਚਾਹੀਦਾ ਹੈ ਕਿਉਂਕਿ ਜ਼ੈਲੇਂਸਕੀ ਨੇ ਹੁਣੇ ਹੁਣੇ ਅਮਰੀਕਾ ਦਾ ਦੌਰਾ ਕੀਤਾ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਉਸ ਦੀ ਪਹਿਲੀ ਵਿਦੇਸ਼ ਯਾਤਰਾ ਸੀ ਅਤੇ ਇਸ ਦੌਰਾਨ ਉਹ ਅਮਰੀਕਾ ਤੋਂ 1.8 ਬਿਲੀਅਨ ਡਾਲਰ ਦੀ ਫ਼ੌਜੀ ਸਹਾਇਤਾ ਲੈਣ ਵਿਚ ਕਾਮਯਾਬ ਹੋਇਆ। ਯੂਕਰੇਨ ਨੂੰ ਹੋਰ ਹਥਿਆਰ ਅਤੇ ਫ਼ੌਜੀ ਸਹਾਇਤਾ ਦੇਣ ਦਾ ਮਤਲਬ ਹੈ ਜੰਗ ਨੂੰ ਹੋਰ ਤੇਜ਼ ਕਰਨਾ। ਭਾਰਤ ਨੂੰ ਅਮਰੀਕਾ ਦੀ ਜੰਗ ਤੋਂ ਆਰਥਿਕ ਲਾਭ ਲੈਣ ਦੀ ਨੀਤੀ ਦਾ ਵਿਰੋਧ ਕਰਨਾ ਚਾਹੀਦਾ ਹੈ। ਦੋਹਾਂ ਦੇਸ਼ਾਂ ਵਿਚ ਸ਼ਾਂਤੀ ਕਾਇਮ ਕਰਵਾਉਣ ਦੀ ਜ਼ਿੰਮੇਵਾਰੀ ਭਾਰਤ ਦੀ ਕੂਟਨੀਤਕ ਸਮਰੱਥਾ ਦਾ ਇਮਤਿਹਾਨ ਸਾਬਤ ਹੋ ਸਕਦੀ ਹੈ।