ਕੰਟਰੋਲ ਰੇਖਾ ਦੇ ਪਾਰ ਅਤਿਵਾਦੀ ਲੁਕਣਗਾਹਾਂ ’ਤੇ ਭਾਰਤ ਵੱਲੋਂ ਕੀਤੇ ਸਟੀਕ ਹਮਲੇ ਨੂੰ ‘ਅਪਰੇਸ਼ਨ ਸਿੰਧੂਰ’ ਦਾ ਨਾਂ ਦੇ ਕੇ, ਮੋਦੀ ਸਰਕਾਰ ਨੇ ਪਹਿਲਗਾਮ ਕਤਲੇਆਮ ’ਚ ਗਈਆਂ ਜਾਨਾਂ ਦਾ ਬਦਲਾ ਲੈਣ ਤੋਂ ਕਿਤੇ ਵੱਡਾ ਕਾਰਜ ਨੇਪਰੇ ਚਾੜ੍ਹਿਆ ਹੈ। ਇਸ ਰਾਹੀਂ ਪ੍ਰਤੀਕ ਦੇ ਰੂਪ ’ਚ ਗਹਿਰਾ ਸੁਨੇਹਾ ਦੇ ਕੇ ਮਾਨਵੀ ਤੇ ਭਾਵਨਾਤਮਕ ਤੌਰ ’ਤੇ ਮੱਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤ ਦੇ ਕਈ ਹਿੱਸਿਆਂ ਵਿੱਚ ਵਿਆਹੁਤਾ ਹਿੰਦੂ ਔਰਤਾਂ ਵੱਲੋਂ ਲਾਇਆ ਜਾਂਦਾ ਸਿੰਧੂਰ, ਸਿਰਫ਼ ਸਜਾਵਟੀ ਸੰਸਕਾਰ ਨਹੀਂ ਹੈ। ਇਹ ਪਛਾਣ, ਪ੍ਰੇਮ ਤੇ ਨਿਰੰਤਰਤਾ ਦਾ ਪਵਿੱਤਰ ਧਾਗਾ ਹੈ। ਜਦੋਂ 26 ਪੁਰਸ਼ਾਂ, ਜਿਨ੍ਹਾਂ ਵਿੱਚੋਂ ਬਹੁਤੇ ਹਿੰਦੂ ਤੇ ਵਿਆਹੇ ਹੋਏ ਸਨ, ਨੂੰ ਪਹਿਲਗਾਮ ਵਿੱਚ ਦਹਿਸ਼ਤਗਰਦਾਂ ਨੇ ਬੇਰਹਿਮੀ ਨਾਲ ਖ਼ਤਮ ਕਰ ਦਿੱਤਾ ਤਾਂ ਉਹ ਆਪਣੇ ਪਿੱਛੇ ਅਜਿਹੀ ਪੀੜ ਛੱਡ ਗਏ ਜਿਸ ਨੂੰ ਕਿਸੇ ਵੀ ਤਰ੍ਹਾਂ ਘਟਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀਆਂ ਵਿਧਵਾਵਾਂ ਦਾ ਸਿੰਧੂਰ, ਨਿਰਦਈ ਝਟਕੇ ’ਚ ਹਿੰਸਾ ਨਾਲ ਮਿਟਾ ਦਿੱਤਾ ਗਿਆ। ਜਵਾਬੀ ਹੱਲੇ ਨੂੰ ਇਸ ਤਾਕਤਵਰ ਪ੍ਰਤੀਕ ਨਾਲ ਜੋੜਨਾ ਸਿਰਫ਼ ਪੁਰਜੋਸ਼ ਹੀ ਨਹੀਂ, ਬਲਕਿ ਕਾਫੀ ਵਿਅਕਤੀਗਤ ਵੀ ਹੈ। ਇਹ ਸੁਰਖ਼ੀਆਂ ਵਿਚਲੀ ਗਿਣਤੀ ਪਿਛਲੀ ਗਹਿਰੀ ਮਨੁੱਖੀ ਹਾਨੀ ਨੂੰ ਮਾਨਤਾ ਦਿੰਦਾ ਹੈ। ਇਹ ਪਹਿਲਗਾਮ ਦੀਆਂ ਵਿਧਵਾਵਾਂ ਦੇ ਮਾਤਮ ਨੂੰ ਰਾਸ਼ਟਰੀ ਚੇਤਨਤਾ ਵਿੱਚ ਉੱਚਾ ਚੁੱਕਦਾ ਹੈ। ਇਹ ਯਾਦ ਕਰਾਉਂਦਾ ਹੈ ਕਿ ਅਤਿਵਾਦ ਦਾ ਟਾਕਰਾ ਸਿਰਫ਼ ਭੂ-ਰਾਜਨੀਤੀ ਦੀ ਗੱਲ ਨਹੀਂ ਹੈ, ਬਲਕਿ ਘਰਾਂ, ਰਿਸ਼ਤਿਆਂ ਤੇ ਅਮਨ-ਸ਼ਾਂਤੀ ਦੀ ਗੱਲ ਵੀ ਹੈ।
ਇਸ ਤੋਂ ਇਲਾਵਾ ਜਦੋਂ ਇਸ ਅਪਰੇਸ਼ਨ ਦੀ ਰੱਖਿਆ ਪੱਖ ਤੋਂ ਜਾਣਕਾਰੀ ਦੋ ਮਹਿਲਾ ਅਧਿਕਾਰੀਆਂ- ਕਰਨਲ ਸੋਫੀਆ ਕੁਰੈਸ਼ੀ ਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ, ਨੇ ਅੱਗੇ ਹੋ ਕੇ ਦਿੱਤੀ ਤਾਂ ਅਰਥ ਹੋਰ ਵੀ ਗਹਿਰੇ ਹੋ ਗਏ। ਸਰਕਾਰ ’ਤੇ ਅਕਸਰ ਸੰਕੇਤਕ ਭਾਵਾਂ ਨੂੰ ਅਣਗੌਲਿਆਂ ਕਰਨ ਦੇ ਦੋਸ਼ ਲੱਗਦੇ ਹਨ ਪਰ ਇਸ ਵਾਰ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਮਹਿਲਾ ਅਧਿਕਾਰੀਆਂ ਨੂੰ ਸੌਂਪੀ ਗਈ ਕਿਉਂਕਿ ਹਿੰਦੂ ਰੀਤੀ-ਰਿਵਾਜਾਂ ਮੁਤਾਬਿਕ ਔਰਤਾਂ ਹੀ ਆਪਣੇ ਮੱਥੇ ’ਤੇ ਸਿੰਧੂਰ ਲਾਉਂਦੀਆਂ ਹਨ। ਇਸ ਤਰ੍ਹਾਂ ਨਾ ਸਿਰਫ਼ ਬਿਰਤਾਂਤ ਮਹਿਲਾਵਾਂ ਹਵਾਲੇ ਕੀਤਾ ਗਿਆ, ਬਲਕਿ ਰਣਨੀਤਕ ਕਮਾਨ ਵੀ ਉਨ੍ਹਾਂ ਨੂੰ ਫੜਾਈ ਗਈ।
‘ਸਰਜੀਕਲ ਸਟ੍ਰਾਈਕ’ ਤੇ ਤੇਜ਼ ਰਫ਼ਤਾਰ ਡਿਜੀਟਲ ਸੁਰਖੀਆਂ ਦੇ ਯੁੱਗ ਵਿੱਚ ‘ਅਪਰੇਸ਼ਨ ਸਿੰਧੂਰ’ ਵੱਖਰਾ ਖੜ੍ਹਾ ਦਿਸਦਾ ਹੈ- ਜਿੰਨਾ ਆਪਣੀ ਫ਼ੌਜੀ ਸ਼ਕਤੀ ਲਈ, ਓਨਾ ਹੀ ਇਸ ਦੇ ਨਾਂ ਵਿੱਚ ਪਰੋ ਦਿੱਤੇ ਗਏ ਵਿਚਾਰਾਂ ਦੀਆਂ ਪਰਤਾਂ ਲਈ। ਇਹ ਪਿੱਛੇ ਰਹਿ ਗਿਆਂ ਨੂੰ ਸਮਰਪਿਤ ਹੈ ਤੇ ਉਨ੍ਹਾਂ ਲਈ ਸੁਨੇਹਾ ਹੈ ਜਿਹੜੇ ਭੜਕਾਹਟ ਪੈਦਾ ਕਰਦੇ ਹਨ ਕਿ ਹਰੇਕ ਦਹਿਸ਼ਤੀ ਕਾਰਵਾਈ ਦਾ ਜਵਾਬ ਮਿਲੇਗਾ- ਨਾ ਸਿਰਫ਼ ਗੋਲੀਆਂ ਨਾਲ, ਬਲਕਿ ਗੌਰਵ ਨਾਲ ਵੀ।