ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਹਿਲਗਾਮ ਦਾ ਹਿਸਾਬ

04:27 AM May 08, 2025 IST
featuredImage featuredImage

ਪਾਕਿਸਤਾਨ ਤੇ ਇਸ ਦੀਆਂ ਬਦਨਾਮ ਦਹਿਸ਼ਤੀ ਫੈਕਟਰੀਆਂ ਦਾ ਹਿਸਾਬ ਚਿਰਾਂ ਤੋਂ ਬਕਾਇਆ ਸੀ। ਪਰ ਪਹਿਲਗਾਮ ਵਿਚ 22 ਅਪਰੈਲ ਨੂੰ ਜਦ ਅਤਿਵਾਦੀਆਂ ਨੇ ਬੇਖ਼ਬਰ ਸੈਲਾਨੀਆਂ ਦੀ ਹੱਤਿਆ ਕੀਤੀ ਤਾਂ ਮੋਟੀ ਲਾਲ ਲਕੀਰ ਖਿੱਚੀ ਗਈ; ਮਿੱਥ ਕੇ ਕੀਤੀਆਂ ਹੱਤਿਆਵਾਂ ਨਾ ਕੇਵਲ ਕਸ਼ਮੀਰ ’ਚ ਮੁਸ਼ਕਿਲ ਨਾਲ ਹਾਸਲ ਕੀਤੇ ਅਮਨ ਨੂੰ ਭੰਗ ਕਰਨ ਵੱਲ ਸੇਧਿਤ ਸਨ, ਬਲਕਿ ਫ਼ਿਰਕੂ ਤਣਾਅ ਭੜਕਾਉਣਾ ਵੀ ਇਨ੍ਹਾਂ ਦੇ ਨਿਸ਼ਾਨੇ ਉਤੇ ਸੀ। ਕ੍ਰੋਧਿਤ ਭਾਰਤ ਨੇ ਅਪਰੇਸ਼ਨ ਸਿੰਧੂਰ ਨਾਲ ਧੋਣੋਂ ਫੜਨ ਤੋਂ ਪਹਿਲਾਂ ਕੂਟਨੀਤਕ ਤੇ ਆਰਥਿਕ ਰੋਕਾਂ ਨਾਲ ਜਵਾਬੀ ਕਾਰਵਾਈ ਕੀਤੀ। ਭਾਰਤੀ ਜਹਾਜ਼ਾਂ ਨੇ ਪਾਕਿਸਤਾਨ ਦੇ ਦਹਿਸ਼ਤੀ ਤੰਤਰ ਦੇ ਦਿਲ ’ਤੇ ਲੜੀਵਾਰ ਸਟੀਕ ਵਾਰ ਕੀਤੇ ਹਨ, ਜਿਨ੍ਹਾਂ ਵਿਚ ਸਿਖਲਾਈ ਕੈਂਪ, ਲਾਂਚ ਪੈਡ, ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਦੇ ਹੈੱਡਕੁਆਰਟਰ ਸ਼ਾਮਲ ਹਨ। ਦਹਾਕਿਆਂ ਤੋਂ ਇਹ ਦੋਵੇਂ ਅਤਿਵਾਦੀ ਜਥੇਬੰਦੀਆਂ ਭਾਰਤੀ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ ਉਤੇ ਸਨ, ਸੰਨ 2001 ਵਿਚ ਹੋਏ ਸੰਸਦੀ ਹਮਲੇ ਤੋਂ ਲੈ ਕੇ ਮੁੰਬਈ ਦਹਿਸ਼ਤੀ ਹਮਲਿਆਂ (2008) ਤੇ ਪੁਲਵਾਮਾ ਆਤਮਘਾਤੀ ਧਮਾਕੇ ਤੱਕ (2019)। ਇਨ੍ਹਾਂ ਹਮਲਿਆਂ ’ਚ ਵੀ ਸੈਂਕੜੇ ਨਿਰਦੋਸ਼ ਨਾਗਰਿਕਾਂ ਦੀਆਂ ਜਾਨਾਂ ਗਈਆਂ ਤੇ ਵੱਡੀ ਗਿਣਤੀ ਸੁਰੱਖਿਆ ਕਰਮੀ ਸ਼ਹੀਦ ਹੋਏ।
ਨਵੀਂ ਦਿੱਲੀ ਨੇ ਧੀਰਜ ਨਾਲ ਦੋ ਹਫ਼ਤਿਆਂ ਤੱਕ ਉਡੀਕ ਕੀਤੀ, ਇਸ ਉਮੀਦ ਨਾਲ ਕਿ ਇਸਲਾਮਾਬਾਦ ਅਤਿਵਾਦੀਆਂ ਖਿਲਾਫ਼ ਕਾਰਵਾਈ ਕਰੇਗਾ ਤੇ ਉਨ੍ਹਾਂ ਦੇ ਟਿਕਾਣੇ ਢਾਹੇਗਾ। ਇਸ ਦੀ ਬਜਾਏ ਪਾਕਿਸਤਾਨ ਨੇ ਇਨਕਾਰੀ ਹੋਣਾ ਚੁਣਿਆ ਅਤੇ ਭਾਰਤ ਉਤੇ ਹੀ ‘ਫਾਲਸ ਫਲੈਗ’ ਅਪਰੇਸ਼ਨ ਦੇ ਦੋਸ਼ ਮੜ੍ਹ ਦਿੱਤੇ। ਇਸ ਦੇ ਮੰਤਰੀਆਂ ਵੱਲੋਂ ਅੰਨ੍ਹੇਵਾਹ ਫੌਜੀ ਕਾਰਵਾਈ ਦੀਆਂ ਧਮਕੀਆਂ ਦਿੱਤੀਆਂ ਗਈਆਂ ਜੋ ਹਤਾਸ਼ਾ ਦੀ ਇਕ ਹੋਰ ਉਦਾਹਰਨ ਸੀ। ਸਮਾਂ ਗੁਜ਼ਰ ਰਿਹਾ ਸੀ, ਫੇਰ ਵੀ ਪਾਕਿਸਤਾਨ ਆਪਣੇ ਲਈ ਟੋਆ ਪੁੱਟਣ ’ਚ ਰੁੱਝਿਆ ਸੀ। ਅੰਤ ’ਚ, ਭਾਰਤ ਨੂੰ ਆਪਣੇ ਇਸ ਵੈਰੀ ਤੇ ਵਿਗੜੇ ਗੁਆਂਢੀ ਨੂੰ ਇਹ ਦੱਸਣ ਵਿਚ ਸਿਰਫ਼ 25 ਕੁ ਮਿੰਟ ਲੱਗੇ ਕਿ ਬਹੁਤ ਹੋ ਗਿਆ। ਭਾਰਤੀ ਸੈਨਾ ਨੇ ਕੁਝ ਮਿੰਟਾਂ ਦੇ ਅੰਦਰ ਹੀ ਪਾਕਿਸਤਾਨ ਦੇ ਧੁਰ ਅੰਦਰ ਤੇ ਮਕਬੂਜ਼ਾ ਕਸ਼ਮੀਰ ਵਿਚ ਕਈ ਦਹਿਸ਼ਤੀ ਢਾਂਚੇ ਤਬਾਹ ਕਰ ਦਿੱਤੇ।
‘ਨਾਪੇ-ਤੋਲੇ’ ਅਤੇ ‘ਜ਼ਬਤ ਰੱਖ’ ਕੇ ਕੀਤੇ ਹਮਲਿਆਂ ਜਿਨ੍ਹਾਂ ’ਚ ਪਾਕਿਸਤਾਨੀ ਨਾਗਰਿਕਾਂ, ਆਰਥਿਕ ਤੇ ਫੌਜੀ ਟਿਕਾਣਿਆਂ ਨੂੰ ਬਚਾਇਆ ਗਿਆ, ਨਾਲ ਭਾਰਤ ਨੇ ਜ਼ਿੰਮੇਵਾਰ ਖੇਤਰੀ ਸ਼ਕਤੀ ਹੋਣ ਦਾ ਸਬੂਤ ਦਿੱਤਾ ਹੈ। ਭਾਰਤ ਨੇ ਬਿਨਾਂ ਸ਼ੱਕ, ਕੌਮਾਂਤਰੀ ਰਵੱਈਏ ਅਤੇ ਹੁੰਗਾਰੇ ਨੂੰ ਵੀ ਬਾਕਾਇਦਾ ਧਿਆਨ ਵਿੱਚ ਰੱਖਿਆ ਹੈ ਅਤੇ ਉਸ ਮੁਤਾਬਿਕ ਕਾਰਵਾਈ ਨੇਪਰੇ ਚਾੜ੍ਹੀ ਹੈ। ਪਾਕਿਸਤਾਨ ਮੁਕੰਮਲ ਤੌਰ ’ਤੇ ਅਜਿਹੇ ਮੁਲਕ ਵਜੋਂ ਬੇਨਕਾਬ ਹੁੰਦਾ ਰਿਹਾ ਹੈ ਜੋ ਅੰਦਰੂਨੀ ਤੌਰ ’ਤੇ ਕਈ ਮੁਸ਼ਕਿਲਾਂ ਹੋਣ ਦੇ ਬਾਵਜੂਦ ਵੀ ਸਰਹੱਦ ਪਾਰ ਅਤਿਵਾਦ ਤੋਂ ਬਾਜ਼ ਨਹੀਂ ਆਉਂਦਾ, ਤੇ ਨਾ ਹੀ ਇਸ ਨੂੰ ਤਿਆਗਣਾ ਚਾਹੁੰਦਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜ਼ਾ ਆਸਿਫ਼ ਨੇ ਸਥਿਤੀ ਨੂੰ ਹੋਰ ਨਾ ਵਿਗੜਨ ਦੇਣ ਦੀ ਦੁਹਾਈ ਪਾਉਂਦਿਆਂ, ਤਣਾਅ ਘਟਾਉਣ ਦਾ ਜ਼ਿੰਮਾ ਭਾਰਤ ਸਿਰ ਪਾ ਦਿੱਤਾ ਹੈ। ਫੈਸਲਾ ਹਾਲਾਂਕਿ ਸਪੱਸ਼ਟ ਤੌਰ ’ਤੇ ਇਸਲਾਮਾਬਾਦ-ਰਾਵਲਪਿੰਡੀ ਦੀ ‘ਅਦਾਲਤ’ ਨੇ ਕਰਨਾ ਹੈ। ਪਾਕਿਸਤਾਨ, ਜੋ ਖੁਦ ਹੁਣ ਅਤਿਵਾਦ ਦੇ ਖ਼ੂਨ ’ਚ ਬੁਰੀ ਤਰ੍ਹਾਂ ਭਿੱਜਿਆ ਪਿਆ ਹੈ, ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਭਾਰਤ ’ਤੇ ਇਕ-ਇਕ ਕਰ ਕੇ ਵਾਰ ਕਰਨ ਦੀ ਇਸ ਦੀ ਰਣਨੀਤੀ ਇਸ ਦੇ ਗਲ਼ੇ ਦਾ ਹੀ ਫ਼ੰਦਾ ਬਣ ਗਈ ਹੈ। ਸੱਤ ਮਈ ਦਾ ਸੁਨੇਹਾ ਬੁਲੰਦ ਤੇ ਸਾਫ ਹੈ- ਆਪਣੇ ਲਈ ਖ਼ਤਰਾ ਮੁੱਲ ਲੈ ਕੇ ਹੀ ਭਾਰਤ ਨੂੰ ਭੜਕਾਓ। ਸਵਾਲ ਇਹ ਹੈ: ਕੀ ਅੰਤ ’ਚ ਪਾਕਿਸਤਾਨ ਨੂੰ ਕੋਈ ਤਰਕ ਦਿਸੇਗਾ ਜਾਂ ਇਹ ਇਸੇ ਆਤਮਘਾਤੀ ਰਾਹ ’ਤੇ ਹੀ ਚੱਲਦਾ ਰਹੇਗਾ?

Advertisement

Advertisement