ਫੀਫਾ ਦੇ ਸਹਿਯੋਗ ਨਾਲ ਫੁਟਬਾਲ ਨੂੰ ਉਤਸ਼ਾਹਿਤ ਕਰਾਂਗੇ: ਬੈਂਸ
ਜਸਬੀਰ ਸਿੰਘ ਚਾਨਾ
ਫਗਵਾੜਾ, 12 ਅਗਸਤ
ਪੰਜਾਬ ਸਰਕਾਰ ਸੂਬੇ ਅੰਦਰ ਸਰਕਾਰੀ ਸਕੂਲਾਂ ’ਚ 12 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਨੂੰ ਤਿਆਰ ਕਰਨ ਲਈ ਫ਼ੀਫਾ ਤੇ ਆਲ ਇੰਡੀਆ ਫੁਟਬਾਲ ਫ਼ੈੱਡਰੇਸ਼ਨ ਦੇ ਸਹਿਯੋਗ ਨਾਲ ਕੰਮ ਕਰੇਗੀ। ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ’ਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇੱਕ ਹਜ਼ਾਰ ਸਕੂਲਾਂ ’ਚ ਇਸ ਸਕੀਮ ਨੂੰ ਲਾਗੂ ਕੀਤਾ ਜਾਵੇਗਾ। ਇਸ ਸਬੰਧੀ ਮੁੱਖ ਮੰਤਰੀ ਤੇ ਖੇਡ ਮੰਤਰੀ ਵਿਸ਼ੇਸ਼ ਉਪਰਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ’ਚ ਘੱਟੋ-ਘੱਟ ਤਿੰਨ ਖੇਡਾਂ ਯਕੀਨੀ ਬਣਾਈਆਂ ਜਾਣਗੀਆਂ ਤਾਂ ਜੋ ਕਿਸੇ ਨਾ ਕਿਸੇ ਖੇਡ ’ਚੋਂ ਪੰਜਾਬ ਦਾ ਨਾਂ ਰੌਸ਼ਨ ਹੋ ਸਕੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਦੇ ਸ਼ੁਰੂ ਹੋਣ ਨਾਲ ਸਕੂਲ ਢਾਂਚੇ ਨੂੰ ਮਜ਼ਬੂਤੀ ਮਿਲੇਗਾ ਤੇ ਆਉਣ ਵਾਲੇ ਸਮੇਂ ’ਚ ਦੋ ਹਜ਼ਾਰ ਪੀਟੀਆਈ ਅਧਿਆਪਕ ਭਰਤੀ ਕੀਤੇ ਜਾਣਗੇ। ਸਿੱਖਿਆ ਮੰਤਰੀ ਨੇ ਇੰਡੀਆ ਫੁੱਟਬਾਲ ਫੈੱਡਰੇਸ਼ਨ ਦੇ ਪ੍ਰਧਾਨ ਕਲਿਆਣ ਚੌਬੇ, ਜਨਰਲ ਸਕੱਤਰ ਡਾ. ਸਾਜੀ ਪ੍ਰਭਾਕਰਨ, ਬਲਿਯੂ ਕਬਸ ਡਿਵੈੱਲਪਮੈਂਟ ਤੇ ਗਰਾਸ ਰੂਟਸ ਕਮੇਟੀ ਤੇ ਫੁਟਬਾਲ ਸਕੂਲ ਦੇ ਭਾਰਤ ’ਚ ਚੇਅਰਮੈਨ ਮੂਲ ਰਾਜ ਸਿੰਘ ਤੇ ਦੀਪਕ ਸ਼ਰਮਾ ਨਾਲ ਵਿਚਾਰਾਂ ਕੀਤੀਆਂ।
ਮੰਤਰੀ ਦੇ ਢਾਈ ਘੰਟੇ ਦੇਰੀ ਨਾਲ ਪੁੱਜਣ ਕਾਰਨ ਲੋਕ ਨਿਰਾਸ਼ ਹੋਏ
ਸਿੱਖਿਆ ਮੰਤਰੀ ਨੇ ਸਮਾਗਮ ’ਚ ਢਾਈ ਵਜੇ ਪੁੱਜਣਾ ਸੀ ਪਰ ਕਰੀਬ 5 ਵਜੇ ਪੁੱਜਣ ਕਾਰਨ ਕਈ ਲੋਕ ਤੇ ਖੇਡ ਪ੍ਰੇਮੀ ਅਤਿ ਦੀ ਗਰਮੀ ’ਚ ਉਡੀਕ-ਉਡੀਕ ਕੇ ਘਰਾ ਨੂੰ ਪਰਤ ਗਏ ਤੇ ਮੰਤਰੀ ਸਾਹਿਬ 25 ਮਿੰਟ ਰੁਕਣ ਮਗਰੋਂ ਚਲੇ ਗਏ। ਲੋਕ ਉਨ੍ਹਾਂ ਦੇ ਭਾਸ਼ਣ ਦੀ ਉਡੀਕ ਕਰ ਰਹੇ ਸਨ ਪਰ ਉਹ ਬਿਨਾਂ ਭਾਸ਼ਣ ਤੋਂ ਸਿਰਫ਼ ਉਦਘਾਟਨ ਕਰਕੇ ਚਲੇ ਗਏ।
ਸਿੱਖਿਆ ਮੰਤਰੀ ਵੱਲੋਂ ‘ਸਕੂਲ ਆਫ਼ ਐਮੀਨੈਂਸ’ ਛੇਹਰਟਾ ਦਾ ਦੌਰਾ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਛੇਹਰਟਾ ਵਿੱਚ ‘ਸਕੂਲ ਆਫ਼ ਐਮੀਨੈਂਸ’ ਸਬੰਧੀ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੌਰਾ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਹੀ ਮਾਅਨਿਆਂ ਵਿੱਚ ਸਿੱਖਿਆ ਦੇ ਖੇਤਰ ਵਿਚ ਅੱਵਲ ਸੂਬਾ ਬਣੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਲੰਮੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਸਨ। ਪਿਛਲੀਆਂ ਸਰਕਾਰਾਂ ਨੇ ਸਿੱਖਿਆ ਵਰਗੇ ਅਹਿਮ ਖੇਤਰਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਸੀ। ਇਸ ਮੌਕੇ ਵਿਧਾਇਕ ਜਸਬੀਰ ਸਿੰਘ, ਡੀਸੀ ਅਮਿਤ ਤਲਵਾੜ, ਡੀਈਓ ਸੁਸ਼ੀਲ ਤੁਲੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।