ਈ-ਚਲਾਨ ਪ੍ਰਣਾਲੀ ਦੀਆਂ ਤੁਰੱਟੀਆਂ ਦੂਰ ਕਰਨ ਦੀ ਮੰਗ
ਪੱਤਰ ਪ੍ਰੇਰਕ
ਤਰਨ ਤਾਰਨ, 12 ਜੂਨ
ਵਾਹਨਾਂ ਦੀ ਈ-ਚਲਾਨ ਪ੍ਰਣਾਲੀ ਨੂੰ ਦੇਸ਼ ਅੰਦਰ ਪੂਰੀ ਤਰ੍ਹਾਂ ਨਾਲ ਫੇਲ੍ਹ ਸਿਸਟਮ ਕਰਾਰ ਦਿੰਦਿਆਂ ਜਨਤਕ ਜਥੇਬੰਦੀਆਂ ਦੇ ਕਈ ਆਗੂਆਂ ਨੇ ਇਸ ਪ੍ਰਣਾਲੀ ਦੀਆਂ ਤਰੁੱਟੀਆਂ ਨੂੰ ਤੁਰੰਤ ਦੂਰ ਕਰਨ ਦੀ ਮੰਗ ਕੀਤੀ ਹੈ| ਜਥੇਬੰਦੀਆਂ ਦੇ ਆਗੂ ਨਛੱਤਰ ਸਿੰਘ ਪਨੂੰ, ਦਲਜੀਤ ਸਿੰਘ ਦਿਆਲਪੁਰਾ, ਦਲਵਿੰਦਰ ਸਿੰਘ, ਹਰਜਿੰਦਰ ਸਿੰਘ ਭਿੱਖੀਵਿੰਡ ਅਤੇ ਹੋਰਨਾਂ ਨੇ ਅੱਜ ਇਥੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ’ਚ ਬੀਤੇ ਤਿੰਨ ਮਹੀਨਿਆਂ ਦੇ ਅੰਦਰ ਪੁਲੀਸ ਵੱਲੋਂ ਕੀਤੇ ਈ-ਚਲਾਨਾਂ ਕਾਰਨ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਈ-ਚਲਾਨ ਕੱਟਦਿਆਂ ਵਾਹਨ ਚਾਲਕ ਨੂੰ ਇਸ ਦੀ ਸੂਚਨਾ ਕੇਵਲ ਉਸ ਦੇ ਮੋਬਾਈਲ ਜਾਂ ਫਿਰ ਉਸ ਦੀ ਮੇਲ ਆਈ-ਡੀ ’ਤੇ ਹੀ ਦਿੰਦੀ ਹੈ ਅਤੇ ਪੁਲੀਸ ਵਾਹਨ ਚਾਲਕ ਦੀ ਕੁਤਾਹੀ ਦਾ ਕੋਈ ਵੀ ਸਬੂਤ ਪੇਸ਼ ਨਹੀਂ ਕਰਦੀ।
ਆਨਲਾਈਨ ਆਈਡੀ ਦਾ ਸਬੰਧਤ ਕੋਰਟ ਨਾਲ ਮੈਪ ਨਹੀਂ: ਆਰਟੀਓ
ਤਰਨ ਤਾਰਨ ਦੇ ਆਰਟੀਓ ਕਪਿਲ ਜਿੰਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਮੋਟਰ ਵਾਹਨ ਐਕਟ ਅਨੁਸਾਰ ਝਗੜੇ ਵਾਲੇ ਚਲਾਨਾਂ ਤੋਂ ਜਨਤਾ ਦੀ ਸੁਣਵਾਈ ਕਰਨ ਲਈ ਉਨ੍ਹਾਂ ਦੇ ਦਫਤਰ ਦੀ ਆਨਲਾਈਨ ਆਈਡੀ ਦਾ ਸਬੰਧਤ ਕੋਰਟ ਨਾਲ ਮੈਪ ਨਹੀਂ ਹੈ, ਜਿਸ ਕਰਕੇ ਉਹ ਵੀ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਨੂੰ ਅਦਾਲਤ ਤੱਕ ਨਹੀਂ ਭੇਜ ਸਕਦੇ| ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਪੁਲੀਸ ਨੂੰ ਈ-ਚਲਾਨ ਕੱਟਣ ਲੱਗਿਆਂ ਕਾਰਵਾਈ ਨੂੰ ਪਾਰਦਰਸ਼ੀ ਬਣਾਉਣ ਦੀ ਹਦਾਇਤ ਕੀਤੀ ਹੈ।
Advertisement